Punjab
Crime News: ਫਿਰੋਜ਼ਪੁਰ ਪੁਲਿਸ ਵੱਲੋਂ ਮਾਂ ਤੇ ਨਾਬਾਲਗ ਪੁੱਤ ਸਮੇਤ 4 ਜਣੇ ਕਾਬੂ
7.85 ਕਿਲੋ ਹੈਰੋਇਨ, 03 ਮੋਬਾਇਲ ਫੋਨ ਕੀਤੇ ਬਰਾਮਦ
Crime News: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਇੱਕ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਦਿਆਂ, 04 ਸਮੱਗਲਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਹਨਾਂ ਕੋਲੋਂ ਪੁਲਿਸ ਵੱਲੋਂ 7.85 ਕਿਲੋ ਹੈਰੋਇਨ ਅਤੇ 03 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਏਐੱਸਆਈ ਗੁਰਮੀਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜ਼ੀਰਾ ਦੀ ਇੱਕ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਟੀਮ ਦੌਰਾਨੇ ਗਸ਼ਤ ਵਾ ਚੈਕਿੰਗ ਬੱਸ-ਅੱਡਾ ਘੱਲ ਖੁਰਦ ਪੁੱਜੀ ਤਾਂ ਇਤਲਾਹ ਮਿਲੀ ਕਿ ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਬੇਟੂ ਕਦੀਮ ਅਤੇ ਰੋਬਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜੇ ਕੇ ਉਤਾੜ, ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਬੱਸ ਅੱਡਾ ਫਿਰੋਜਸ਼ਾਹ ਪਾਸ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਅਕਾਸ਼ਦੀਪ ਅਤੇ ਰੋਬਿਨ ਕੁਮਾਰ ਨੂੰ ਕਾਬੂ ਕੀਤਾ ਗਿਆ ਅਤੇ ਅਕਾਸ਼ਦੀਪ ਪਾਸੋਂ 01 ਕਿੱਲੋ 18 ਗ੍ਰਾਮ ਹੈਰੋਇਨ ਅਤੇ ਰੋਬਿਨ ਕੁਮਾਰ ਪਾਸੋਂ 518 ਗ੍ਰਾਮ ਹੈਰੋਇਨ (ਕੁੱਲ 1 ਕਿੱਲੋ 536 ਗ੍ਰਾਮ ਹੈਰੋਇਨ) ਅਤੇ 02 ਮੋਬਾਇਲ ਬਰਾਮਦ ਹੋਏ, ਜਿਹਨਾਂ ਖਿਲਾਫ਼ ਘੱਲ ਖੁਰਦ ਮੁਕੱਦਮਾ ਦਰਜ਼ ਕਰਕੇ ਤਫਤੀਸ਼ ਆਰੰਭ ਕੀਤੀ ਗਈ।
ਇਹ ਵੀ ਪੜ੍ਹੋ: Safai Sevak Protest: ਸਫ਼ਾਈ ਕਰਮਚਾਰੀਆਂ ਨੇ ਕੀਤਾ ਘੱਗਾ ਵਿਖੇ ਭਾਰੀ ਰੋਸ ਪ੍ਰਦਰਸ਼ਨ
ਦੌਰਾਨੇ ਤਫਤੀਸ਼ ਰੋਬਿਨ ਕੁਮਾਰ ਦੀ ਪੁੱਛਗਿੱਛ ’ਤੇ ਉਸ ਦੇ ਘਰੋਂ ਪੰਜੇ ਕੇ ਤੋਂ 04 ਕਿੱਲੋ 171 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਉਸ ਨੇ ਦੱਸਿਆ ਕਿ ਸੰਤੋਸ਼ ਰਾਣੀ (33 ਸਾਲ) ਪਤਨੀ ਮਨਜੀਤ ਸਿੰਘ ਅਤੇ ਇਸਦੇ ਲੜਕੇ ਜੁਵੈਨਾਇਲ (15 ਸਾਲ) ਵਾਸੀਆਨ ਪਿੰਡ ਸੋਢੇ ਵਾਲਾ, ਨਾਲ ਉਸਦਾ ਤਾਲਮੇਲ ਹੈ ਅਤੇ ਉਹ ਇਹਨਾਂ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਉਹਨਾਂ ਨੇ ਵੀ ਆਪਣੇ ਪਾਸ ਘਰ ਵਿੱਚ ਹੈਰੋਇਨ ਛਪਾ ਕੇ ਰੱਖੀ ਹੋਈ ਹੈ, ਜਿਸ ਆਧਾਰ ’ਤੇ ਜਾਬਤਾ ਅਨੁਸਾਰ ਕਾਰਵਾਈ ਕਰਦਿਆਂ ਸੰਤੋਸ਼ ਰਾਣੀ ਦੇ ਘਰੋਂ 2 ਕਿੱਲੋ 151 ਗ੍ਰਾਮ ਹੈਰੋਇਨ ਤੇ 01 ਮੋਬਾਇਲ ਫੋਨ ਬ੍ਰਾਮਦ ਹੋਇਆ, ਜਿਸ ’ਤੇ ਸੰਤੋਸ਼ ਰਾਣੀ ਨੂੰ ਗ੍ਰਿਫਤਾਰ ਅਤੇ ਇਸਦੇ ਲੜਕੇ ਜੁਵੈਨਾਇਲ ਨੂੰ ਜਾਬਤਾ ਅਨੁਸਾਰ ਡਿਟੇਨ ਕੀਤਾ ਗਿਆ।
ਐੱਸਐੱਸਪੀ ਨੇ ਦੱਸਿਆ ਕਿ ਸੰਤੋਸ਼ ਰਾਣੀ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੀ ਸੀ ਅਤੇ ਪਾਕਿ ਤਸਕਰਾਂ ਨਾਲ ਲਿੰਕ ਰੱਖਦੀ, ਜਿਹਨਾਂ ਦੇ ਕਹਿਣ ’ਤੇ ਸੰਤੋਸ਼ ਰਾਣੀ ਅਤੇ ਉਸਦਾ ਲੜਕਾ ਹੈਰੋਇਨ ਅੱਗੇ ਸਪਲਾਈ ਕਰਦੇ ਸਨ। ਉਹਨਾਂ ਦੱਸਿਆ ਕਿ ਮੁਕੱਦਮਾ ਵਿੱਚ ਬਰਾਮਦ ਮੋਬਾਈਲ ਫੋਨਾਂ ਦੀ ਫੌਰੈਂਸਿਕ ਇੰਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
About The Author