Punjab Cabinet Ministers: ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ

Ravinder Sharma Picture
Published On

ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਉਦਯੋਗ ਭਵਨ, ਚੰਡੀਗੜ੍ਹ ਵਿਖੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਅਰੋੜਾ ਪਹਿਲਾਂ ਹੀ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨਾਲੋਜੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਰਗੇ ਮੁੱਖ ਵਿਭਾਗ ਦਾ ਚਾਰਜ ਸੰਭਾਲ ਰਹੇ ਹਨ।

ਅਹੁਦਾ ਸੰਭਾਲਣ ਉਪਰੰਤ ਸ੍ਰੀ ਅਰੋੜਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਲਾਲ ਫੀਤਾਸ਼ਾਹੀ ਨੂੰ ਖ਼ਤਮ ਕਰਕੇ ਅਤੇ ਟਿਕਾਊ ਉਦਯੋਗਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣ ਦੇ ਨਾਲ-ਨਾਲ ਹਰੇਕ ਉਦਯੋਗਿਕ ਵਿਸਥਾਰ ਵਿੱਚ ਸਥਾਨਕ ਲੋਕਾਂ ਨੂੰ ਨੌਕਰੀਆਂ ਮਿਲਣਾ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਉਦਯੋਗਿਕ ਨੀਤੀ, ਕੁਦਰਤੀ ਊਰਜਾ, ਹੁਨਰ ਵਿਕਾਸ ਅਤੇ ਸ਼ਾਸਨ ਸਬੰਧੀ ਸੁਧਾਰਾਂ ਨੂੰ ਆਪਸ ਵਿੱਚ ਜੋੜ ਕੇ ਸੂਬੇ ਵਿੱਚ ਸੁਚਾਰੂ ਮਾਹੌਜ ਸਿਰਜਣਾ ਹੈ।

Read Also :  ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ 'ਚ ਸ਼ਾਮਲ

ਸ੍ਰੀ ਅਮਨ ਅਰੋੜਾ ਨੇ ਕਿਹਾ, "ਮੇਰਾ ਟੀਚਾ ਪੰਜਾਬ ਨੂੰ 'ਕਾਰੋਬਾਰ ਕਰਨ ਵਿੱਚ ਸੁਖਾਲਾ' ਬਣਾਉਂਦਿਆਂ ਇੱਕ ਆਦਰਸ਼ ਸੂਬੇ ਵਜੋਂ ਸਥਾਪਤ ਕਰਨਾ ਹੈ, ਜਿਸ ਵਿੱਚ ਸਾਡੇ ਨੌਜਵਾਨਾਂ ਲਈ ਸਨਮਾਨਜਨਕ ਅਤੇ ਹੁਨਰ-ਆਧਾਰਤ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਣ।"

ਉਨ੍ਹਾਂ ਅੱਗੇ ਕਿਹਾ ਕਿ ਉਦਯੋਗ ਅਤੇ ਵਣਜ ਹੁਣ ਹੁਨਰ ਵਿਕਾਸ ਅਤੇ ਨਵਿਆਉਣਯੋਗ ਊਰਜਾ ਨਾਲ ਜੁੜ ਗਏ ਹਨ, ਜਿਸ ਨਾਲ ਸੂਬੇ ਵਿੱਚ ਇੱਕ ਸਰਕੁਲਰ ਅਰਥਵਿਵਸਥਾ ਦਾ ਨਿਰਮਾਣ ਹੋਵੇਗਾ, ਜਿੱਥੇ ਵਿਕਾਸ, ਕੁਦਰਤੀ ਊਰਜਾ ਅਤੇ ਰੋਜ਼ਗਾਰ ਨਾਲੋ-ਨਾਲ ਚਲਣਗੇ।

ਇਸ ਤੋਂ ਪਹਿਲਾਂ ਸ੍ਰੀ ਅਰੋੜਾ ਦਾ ਉਦਯੋਗ ਭਵਨ ਪਹੁੰਚਣ 'ਤੇ ਪ੍ਰਬੰਧਕੀ ਸਕੱਤਰ ਉਦਯੋਗ ਤੇ ਵਣਜ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਪੰਜਾਬ ਵਿਕਾਸ ਕਮਿਸ਼ਨ ਦੇ ਉਪ-ਚੇਅਰਪਰਸਨ ਸ੍ਰੀਮਤੀ ਸੀਮਾ ਬਾਂਸਲ, ਸੀ.ਈ.ਓ ਇਨਵੈਸਟ ਪੰਜਾਬ ਸ੍ਰੀ ਅਮਿਤ ਢਾਕਾ, ਸਕੱਤਰ ਉਦਯੋਗ ਸ੍ਰੀ ਮਹਿੰਦਰ ਪਾਲ, ਡਾਇਰੈਕਟਰ ਉਦਯੋਗ ਸ੍ਰੀ ਜਸਪ੍ਰੀਤ ਸਿੰਘ, ਪੰਜਾਬ ਇਨਫੋਟੈਕ ਦੇ ਐਮ.ਡੀ. ਸ੍ਰੀ ਐਚ.ਐਸ. ਬਰਾੜ, ਪੀ.ਐਸ.ਆਈ.ਡੀ.ਸੀ. ਦੇ ਐਮ.ਡੀ. ਸ੍ਰੀ ਹਰਪ੍ਰੀਤ ਸਿੰਘ ਸੂਦਨ, ਪੰਜਾਬ ਵਿੱਤ ਕਾਰਪੋਰੇਸ਼ਨ ਦੀ ਐਮ.ਡੀ. ਸ੍ਰੀਮਤੀ ਸੇਨੂ ਦੁੱਗਲ ਨੇ ਨਿੱਘਾ ਸਵਾਗਤ ਕੀਤਾ।

ਸ੍ਰੀ ਅਮਨ ਅਰੋੜਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਅਤੇ ਸੂਬੇ ਵਿੱਚ ਹੋਰ ਨਿਵੇਸ਼ ਲਿਆਉਣ ਲਈ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।

About The Author

Related Posts