Lehragaga News: ਭਰਾ ਦੀ ਮੌਤ ਦੇ ਦੋ ਦਿਨ ਬਾਅਦ ਘਰ ’ਚ ਵੱਡੀ ਚੋਰੀ, ਪੜ੍ਹੋ ਪੂਰੀ ਖਬਰ
22 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੈ ਉੱਡੇ ਚੋਰ
ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। ਸਬ ਡਵੀਜ਼ਨ ਲਹਿਰਾ ਅਧੀਨ ਪੈਂਦੇ ਪਿੰਡ ਲਹਿਲ ਕਲਾਂ ’ਚ ਇੱਕ ਅਜਿਹੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਪਹਿਲਾਂ ਹੀ ਸੋਗ ’ਚ ਡੁੱਬੇ ਇੱਕ ਪਰਿਵਾਰ ਨੂੰ ਹੋਰ ਵੱਡਾ ਸਦਮਾ ਦੇ ਦਿੱਤਾ। ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋਣ ਤੋਂ ਸਿਰਫ 2 ਦਿਨ ਬਾਅਦ ਅਣਪਛਾਤੇ ਚੋਰਾਂ ਨੇ ਘਰ ’ਚ ਦਾਖਲ ਹੋ ਕੇ ਕਰੀਬ 22 ਤੋਲੇ ਸੋਨਾ ਅਤੇ ਲੱਗਭਗ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਦੇ ਪੰਚਾਇਤ ਮੈਂਬਰ ਤੇ ਆਪ ਆਗੂ ਪਰਗਟ ਸਿੰਘ ਦੇ ਘਰ ਇਹ ਵੱਡੀ ਚੋਰੀ ਦੀ ਘਟਨਾ ਵਾਪਰੀ। ਪਰਿਵਾਰ ਮੌਤ ਕਾਰਨ ਗਮ ’ਚ ਡੁੱਬਿਆ ਹੋਇਆ ਸੀ ਤੇ ਘਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਸੀ।
ਇਸੇ ਦੌਰਾਨ ਚੋਰਾਂ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਬੀਤੀ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਗਟ ਸਿੰਘ ਦੇ ਪੁੱਤਰ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ ਆਪਣੇ ਚਾਚਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਕੇ ਦੇਰ ਰਾਤ ਪਹੁੰਚਿਆ ਤੇ ਕਰੀਬ 11 ਵਜੇ ਸੁੱਤਾ ਸੀ, ਉਹ ਤੇ ਉਸ ਦੀਆਂ ਭੈਣਾਂ ਇੱਕ ਕਮਰੇ ’ਚ ਤੇ ਉਸ ਦੇ ਪਿਤਾ ਜੀ ਸਟੋਰ ਦੇ ਨਾਲ ਲੱਗਦੇ ਦੂਸਰੇ ਕਮਰੇ ’ਚ ਸੁੱਤੇ ਹੋਏ ਸੀ, ਜਦੋਂ ਸਵੇਰੇ ਮੇਰੇ ਪਿਤਾ ਜੀ ਪ੍ਰਗਟ ਸਿੰਘ ਉੱਠੇ ਤਾਂ ਉਨਾਂ ਸਟੋਰ ਦਾ ਗੇਟ ਖੁੱਲਿਆ ਹੋਇਆ ਤੇ ਅਲਮਾਰੀ ਦਾ ਸਮਾਨ ਖਿੱਲਰਿਆ ਹੋਇਆ ਦੇਖਿਆ ਤੇ ਕੋਠੀ ਦਾ ਦਰਵਾਜ਼ਾ ਖੁੱਲਾ ਵੇਖਿਆ। ਪ੍ਰਗਟ ਸਿੰਘ ਦੇ ਭਰਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਨਾਥਾਂ ਨੇ ਦੱਸਿਆ ਕਿ ਚੋਰ ਖੇਤਾਂ ਵਾਲੇ ਪਾਸੇ ਤੋਂ ਕੰਧ ਟੱਪ ਕੇ ਕੋਠੀ ਦੇ ਅੰਦਰ ਦਾਖਲ ਹੋਏ।
ਇਸ ਤੋਂ ਬਾਅਦ ਉਨ੍ਹਾਂ ਨੇ ਕੋਠੀ ਦੇ ਗੇਟ ਦੀ ਜਾਲੀ ਕੱਟ ਕੇ ਅੰਦਰੋਂ ਲੱਗੀ ਕੁੰਡੀ ਖੋਲ੍ਹੀ ਤੇ ਬਿਨਾਂ ਕਿਸੇ ਰੁਕਾਵਟ ਦੇ ਘਰ ਅੰਦਰ ਪਹੁੰਚ ਗਏ। ਚੋਰ ਸਿੱਧੇ ਉਸ ਸਟੋਰ ’ਚ ਗਏ ਜਿੱਥੇ ਅਲਮਾਰੀ ’ਚ ਸੋਨੇ ਦੇ ਗਹਿਣੇ ਤੇ ਨਕਦੀ ਰੱਖੀ ਹੋਈ ਸੀ। ਚੋਰਾਂ ਨੇ ਅਲਮਾਰੀ ਨੂੰ ਫਰੋਲਦਿਆਂ ਕਰੀਬ 22 ਤੋਲੇ ਸੋਨਾ ਤੇ ਲਗਭਗ 1.50 ਲੱਖ ਰੁਪਏ ਦੀ ਨਕਦੀ ’ਤੇ ਹੱਥ ਸਾਫ ਕਰ ਦਿੱਤਾ। ਹੈਰਾਨੀਜਨਕ ਗੱਲ ਇਹ ਰਹੀ ਕਿ ਸਟੋਰ ਦੇ ਦੋਵਾਂ ਪਾਸਿਆਂ ਬਣੇ ਕਮਰਿਆਂ ’ਚ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ, ਪਰ ਚੋਰਾਂ ਦੀ ਕੋਈ ਆਵਾਜ਼ ਜਾਂ ਹਰਕਤ ਕਿਸੇ ਦੇ ਧਿਆਨ ’ਚ ਨਹੀਂ ਆਈ। ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਨਾਲ ਫਰਾਰ ਹੋ ਗਏ। ਚੋਰੀ ਦੀ ਸੂਚਨਾ ਮਿਲਦੇ ਹੀ ਲਹਿਰਾਗਾਗਾ ਪੁਲਿਸ, ਫੋਰੈਂਸਿਕ ਟੀਮ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਮਾਹਿਰਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ ਤੇ ਫਿੰਗਰ ਪ੍ਰਿੰਟ ਵੀ ਹਾਸਲ ਕੀਤੇ ਗਏ।
ਇਸ ਦੌਰਾਨ ਡੀਐਸਪੀ ਲਹਿਰਾ ਪਲਵਿੰਦਰ ਸਿੰਘ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਜਾਂਚ ਦਾ ਜਾਇਜ਼ਾ ਲਿਆ। ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੋਂ ਅਹਿਮ ਸੁਰਾਗ ਇਕੱਠੇ ਕੀਤੇ ਗਏ ਹਨ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉੱਧਰ ਐਸਐਚਓ ਲਹਿਰਾ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਆਸ-ਪਾਸ ਦੇ ਇਲਾਕਿਆਂ ਤੇ ਸੀਸੀਟੀਵੀ ਕੈਮਰਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵਿਗਿਆਨਕ ਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਲਦ ਹੀ ਇਸ ਅੰਨ੍ਹੀ ਚੋਰੀ ਦੀ ਗੁੱਥੀ ਸੁਲਝਾ ਲਈ ਜਾਵੇਗੀ। ਪਿੰਡ ’ਚ ਵਾਪਰੀ ਇਸ ਵੱਡੀ ਚੋਰੀ ਦੀ ਘਟਨਾ ਤੋਂ ਬਾਅਦ ਲੋਕਾਂ ’ਚ ਡਰ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੀੜਤ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ ਹੈ।