Murder In Jalandhar: ਜਲੰਧਰ ’ਚ ਦੋਸਤ ਨੇ ਦੋਸਤ ਦਾ ਕੀਤਾ ਕਤਲ, ਲਾਸ਼ ਕੂੜੇ ਦੇ ਡੰਪ ’ਚ ਦੱਬੀ
ਪੁਲਿਸ ਨੇ ਜੇਸੀਬੀ ਦੀ ਮੱਦਦ ਨਾਲ ਕੂੜੇ ਦੇ ਡੰਪ ਵਿਚੋਂ ਲਾਸ਼ ਬਰਾਮਦ ਕੀਤੀ
Murder In Jalandhar: ਜਲੰਧਰ, (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ਵਿੱਚ ਇਕ ਦੋਸਤ ਵੱਲੋਂ ਆਪਣੇ ਹੀ ਦੋਸਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਕੂੜੇ ਦੇ ਡੰਪ ਵਿੱਚ ਦੱਬ ਦਿੱਤਾ। ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸਨੇ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਬਾਈਕ ਨਹਿਰ ਵਿੱਚ ਸੁੱਟ ਦਿੱਤੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਵੀ ਬਰਾਮਦ ਕਰ ਲਈ ਹੈ। ਮ੍ਰਿਤਕ ਦੀ ਪਛਾਣ ਮੁਹੱਲਾ ਨੰਬਰ-15 ਵਾਸੀ ਗੁਰਪ੍ਰੀਤ ਸਿੰਘ ਨੋਨੀ, ਉਮਰ 31 ਸਾਲ, ਵਜੋਂ ਹੋਈ ਹੈ। ਗੁਰਪ੍ਰੀਤ ਪਾਰਟ ਟਾਈਮ ਡੀਜੇ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ: Sanitation Workers Strike: ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਬੇਹਾਲ, ਹਰ ਪਾਸੇ ਕੂੜੇ ਦੇ ਢੇਰ; ਲੋਕ ਹੋਏ ਪ੍ਰੇਸ਼ਾਨ
ਗੁਰਪ੍ਰੀਤ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ। ਇਕ ਸੀਸੀਟੀਵੀ ਫੁਟੇਜ ਵਿੱਚ ਗੁਰਪ੍ਰੀਤ ਸਿੰਘ ਨੂੰ ਕੂੜੇ ਦੇ ਡੰਪ ਦੇ ਅੰਦਰ ਜਾਂਦੇ ਹੋਏ ਦੇਖਿਆ ਗਿਆ, ਪਰ ਉਹ ਬਾਹਰ ਆਉਂਦਾ ਨਹੀਂ ਦਿਖਾਈ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਡੰਪ ’ਤੇ ਕੰਮ ਕਰਨ ਵਾਲੇ ਗੁਰਪ੍ਰੀਤ ਦੇ ਦੋਸਤ ਰਵੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਰਵੀ ਜਲੰਧਰ ਕੈਂਟ ਦਾ ਰਹਿਣ ਵਾਲਾ ਹੈ ਅਤੇ ਡੰਪ ’ਤੇ ਕੰਮ ਕਰਦਾ ਸੀ। ਪੁੱਛਗਿੱਛ ਦੌਰਾਨ ਰਵੀ ਨੇ ਕਤਲ ਦਾ ਖੁਲਾਸਾ ਕਰ ਦਿੱਤਾ। ਮੁਲਜ਼ਮ ਦੇ ਮੁਤਾਬਕ ਕਤਲ ਵਾਲੀ ਰਾਤ ਦੋਵਾਂ ਦੋਸਤਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਰਵੀ ਨੇ ਗੁਰਪ੍ਰੀਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਜੇਸੀਬੀ ਦੀ ਮੱਦਦ ਨਾਲ ਕੂੜੇ ਦੇ ਡੰਪ ਵਿਚੋਂ ਲਾਸ਼ ਬਰਾਮਦ ਕੀਤੀ। ਮਾਮਲੇ ਵਿੱਚ ਅਗਲੀ ਕਾਰਵਾਈ ਜਾਰੀ ਹੈ।