Drug Free Punjab: ਯੁੱਧ ਨਸ਼ਿਆਂ ਵਿਰੁੱਧ ਫੇਜ਼-2 ਤਹਿਤ ਜਾਗਰੂਕਤਾ ਦੀ ਲਹਿਰ, ਪਿੰਡ-ਪਿੰਡ ਪਹੁੰਚੇਗਾ ਸੰਦੇਸ਼
ਨੌਜਵਾਨਾਂ ਦਾ ਭਵਿੱਖ ਬਚਾਉਣ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ਸਮੂਹ ਪਿੰਡਾਂ ਵਿੱਚ ਚੱਲਣਗੇ 04 ਨਸ਼ਾ ਵਿਰੋਧੀ ਜਾਗਰੂਕਤਾ ਈ-ਰਿਕਸ਼ਾ : ਰਿੰਪੀ ਗਰਗ
Drug Free Punjab: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ “ਯੁੱਧ ਨਸ਼ਿਆਂ ਵਿਰੁੱਧ” ਫੇਜ਼-2 ਮੁਹਿੰਮ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਈ-ਰਿਕਸ਼ਾ ਆਧਾਰਿਤ ਵਿਸ਼ਾਲ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਨਸ਼ਿਆਂ ਦੇ ਖ਼ਿਲਾਫ਼ ਸਮਾਜਿਕ ਚੇਤਨਾ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਇਹ ਵਿਸ਼ੇਸ਼ ਮੁਹਿੰਮ ਇੱਕ ਮਹੀਨੇ ਤੱਕ ਲਗਾਤਾਰ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ 04 ਈ-ਰਿਕਸ਼ਾ ਰੋਜ਼ਾਨਾ ਚੱਲਣਗੇ, ਜੋ ਲੋਕਾਂ ਤੱਕ ਨਸ਼ਾ ਵਿਰੋਧੀ ਸੰਦੇਸ਼ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ। ਇਹ ਈ-ਰਿਕਸ਼ਾ ਸਾਊਂਡ ਸਿਸਟਮ ਅਤੇ ਨਸ਼ਾ ਵਿਰੋਧੀ ਸੰਦੇਸ਼ਾਂ ਵਾਲੀ ਬ੍ਰਾਂਡਿੰਗ ਨਾਲ ਲੈਸ ਹੋਣਗੇ ਅਤੇ ਹਰ ਰੋਜ਼ ਕਰੀਬ 40 ਪਿੰਡਾਂ/ਵਾਰਡਾਂ ਤੱਕ ਪਹੁੰਚ ਬਣਾਉਣਗੇ।
ਇਹ ਵੀ ਪੜ੍ਹੋ: IPL 2026: ਕ੍ਰਿਕੇਟਰਾਂ ਨੂੰ ਮਿਲ ਰਹੇ ਸ਼ੱਕੀ ਵਿਅਕਤੀ, ਨਿਯਮਾਂ ਸਬੰਧੀ BCCI ਸਖ਼ਤ
ਰਿੰਪੀ ਗਰਗ ਨੇ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਇਸ ਲਈ ਹਰ ਮਾਪੇ, ਅਧਿਆਪਕ, ਪੰਚਾਇਤ ਅਤੇ ਸਮਾਜਿਕ ਸੰਸਥਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਲੋਕਾਂ ਤੋਂ ਸੁਝਾਅ ਅਤੇ ਫੀਡਬੈਕ ਲੈਣ ਲਈ ਈ-ਰਿਕਸ਼ਾ ’ਤੇ ਸ਼ਿਕਾਇਤ ਬਾਕਸ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਚਾਲਕਾਂ ਨੂੰ ਜਨਤਕ ਸੰਪਰਕ ਅਤੇ ਜਾਗਰੂਕਤਾ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।