Teachers ACR Issue Punjab: ਵਿਭਾਗੀ ਡਿਊਟੀਆਂ ਕਾਰਨ ਏਸੀਆਰ ਭਰਨ ਤੋਂ ਵਾਂਝੇ ਰਹੇ ਅਧਿਆਪਕਾਂ ਦੀ ਸਮੱਸਿਆ ਦਾ ਜਲਦ ਹੋਵੇਗਾ ਹੱਲ: ਅੰਜਨਾ ਕੌਸ਼ਲ
ਵਿਭਾਗੀ ਡਿਊਟੀਆਂ ਕਾਰਨ ਏ.ਸੀ.ਆਰ. ਭਰਨ ਤੋਂ ਰਹਿ ਗਏ ਅਧਿਆਪਕਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ : ਸ੍ਰੀਮਤੀ ਅੰਜਨਾ ਕੌਸ਼ਲ
Teachers ACR Issue Punjab:
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਅੰਜਨਾ ਕੌਸ਼ਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਅਧਿਆਪਕਾਂ ਦੀ ਸਮੱਸਿਆ ਉਠਾਈ ਜੋ ਵੱਖ-ਵੱਖ ਵਿਭਾਗੀ ਡਿਊਟੀਆਂ ਅਤੇ ਰੁਝੇਵਿਆਂ ਕਾਰਨ ਆਪਣੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਭਰਨ ਤੋਂ ਵਾਂਝੇ ਰਹਿ ਗਏ ਸਨ। ਮੀਟਿੰਗ ਦੌਰਾਨ ਮਾਸਟਰ ਕੇਡਰ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਜੀਤੇਂਦਰ ਕੁਮਾਰ ਹੰਸ ਨੇ ਦੱਸਿਆ ਕਿ ਮਰਦਮਸ਼ੁਮਾਰੀ, ਡਰੱਗ ਸੈਂਸਸ, ਚੋਣਾਂ ਅਤੇ ਵੋਟਾਂ ਦੀ ਗਿਣਤੀ ਸਮੇਤ ਹੋਰ ਸਰਕਾਰੀ ਡਿਊਟੀਆਂ ਕਾਰਨ ਕਈ ਅਧਿਆਪਕ ਸਮੇਂ ਸਿਰ ਆਪਣੀ ਏ.ਸੀ.ਆਰ. ਜਮ੍ਹਾਂ ਨਹੀਂ ਕਰਵਾ ਸਕੇ। ਇਸ ਕਾਰਨ ਪੈਦਾ ਹੋਈ ਸਮੱਸਿਆ ਦੇ ਹੱਲ ਲਈ ਯੂਨੀਅਨ ਵੱਲੋਂ ਇਹ ਮੁਲਾਕਾਤ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜਨਾ ਕੌਸ਼ਲ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਵਿਭਾਗੀ ਡਿਊਟੀਆਂ ਕਾਰਨ ਏ.ਸੀ.ਆਰ. ਭਰਨ ਤੋਂ ਰਹਿ ਗਏ ਅਧਿਆਪਕਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਇਸ ਮਾਮਲੇ ਦਾ ਯੋਗ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੇ ਅਧਿਆਪਕ ਬਹੁਤ ਮਿਹਨਤੀ ਹਨ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਨ।
ਇਸ ਮੌਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਰਜਿੰਦਰ ਕੁਮਾਰ ਨੇ ਵੀ ਅਧਿਆਪਕਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਵਿਭਾਗ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਜਾਂ ਹੋਰ ਦਫ਼ਤਰੀ ਰੁਝੇਵਿਆਂ ਕਾਰਨ ਏ.ਸੀ.ਆਰ. ਭਰਨ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਮੀਟਿੰਗ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਨੇ ਮਾਸਟਰ ਕੇਡਰ ਯੂਨੀਅਨ ਅਤੇ ਸਮੂਹ ਅਧਿਆਪਕ ਵਰਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜਨਾ ਕੌਸ਼ਲ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮਿੰਦਰ ਸਿੰਘ, ਜੀਤੇਂਦਰ ਕੁਮਾਰ ਹੰਸ, ਰਜਿੰਦਰ ਕੁਮਾਰ, ਨਰਿੰਦਰ ਕੁਮਾਰ ਅਤੇ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਹੋਰ ਆਗੂ ਵੀ ਹਾਜ਼ਰ ਸਨ।