Contractual Employees News: ਭਾਜਪਾ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਮੁਕੰਮਲ ਪੱਕਾ ਕੀਤਾ ਜਾਵੇਗਾ : ਜੈ ਇੰਦਰ ਕੌਰ
ਕਿਹਾ, ਬੇਰੁਜ਼ਗਾਰ ਲਾਈਨਮੈਨਾਂ ’ਤੇ ਲਾਠੀਚਾਰਜ ਅਤੇ ਪੁਲਿਸ ਦਾ ਵਤੀਰਾ ਬੇਹੱਦ ਸ਼ਰਮਨਾਕ
Contractual Employees News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਵਿਖੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਬਾਹਰ ਆਪਣੇ ਹੱਕਾਂ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਆਈ ਟੀ ਆਈ ਪਾਸ ਨੌਜਵਾਨਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ‘2600 ਲਾਈਨਮੈਨ ਅਪ੍ਰੈਂਟਸ਼ਿਪ ਆਲ ਪੰਜਾਬ ਯੂਨੀਅਨ’ ਵੱਲੋਂ ਸ਼ੁਰੂ ਕੀਤੇ ਗਏ ‘ਟਾਵਰ ਮੋਰਚੇ’ ਦੌਰਾਨ ਜੈ ਇੰਦਰ ਕੌਰ ਅੱਜ ਆਪਣੇ ਸਾਥੀਆਂ ਸਮੇਤ ਬਿਜਲੀ ਦੇ ਖੰਭਿਆਂ ’ਤੇ ਚੜ੍ਹੇ ਨੌਜਵਾਨਾਂ ਦਾ ਹਾਲ-ਚਾਲ ਪੁੱਛਣ ਅਤੇ ਉਹਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਪਹੁੰਚੇ।
ਇਹ ਵੀ ਪੜ੍ਹੋ: Road Accident: ਫ਼ਰੀਦਕੋਟ ’ਚ ਭਿਆਨਕ ਸੜਕ ਹਾਦਸਾ, ਦਸਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖ਼ਮੀ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਗੱਲ ਹੈ ਕਿ ਪਹਿਲਾਂ ਪਟਿਆਲਾ ਵਿਖੇ ਪੜ੍ਹੇ-ਲਿਖੇ ਨੌਜਵਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਹੁਣ ਸਮਾਣਾ ਦੇ ਐੱਸਐੱਚਓ ਵੱਲੋਂ ਇਨ੍ਹਾਂ ਹੱਕ ਮੰਗਦੇ ਨੌਜਵਾਨਾਂ ਨੂੰ ‘ਮੰਡੀਰ ਅਤੇ ਮਲੰਗ’ ਕਹਿ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਐਨੀ ਭਿਆਨਕ ਗਰਮੀ ਵਿੱਚ ਨੌਜਵਾਨ ਟਾਵਰਾਂ ’ਤੇ ਚੜ੍ਹੇ ਹੋਏ ਹਨ, ਪਰ ਹਾਲੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਇਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਜੈ ਇੰਦਰ ਕੌਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸੰਘਰਸ਼ ਦੌਰਾਨ ਕਿਸੇ ਵੀ ਨੌਜਵਾਨ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਹੋਵੇਗਾ।
ਨੌਜਵਾਨਾਂ ਨੂੰ ਭਰੋਸਾ ਦਵਾਉਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੰਭੀਰ ਮੁੱਦੇ ’ਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਹੈ। ਪਾਰਟੀ ਹਾਈਕਮਾਂਡ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਾਲ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ’ਤੇ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਮੁਕੰਮਲ ਤੌਰ ’ਤੇ ਪੱਕਾ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਅਤੇ ਡਰਾਉਣ-ਧਮਕਾਉਣ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਸੁਣਿਆ ਅਤੇ ਹੱਲ ਕੀਤਾ ਜਾਵੇ, ਕਿਉਂਕਿ ਇਹ ਸੰਘਰਸ਼ ਕੋਈ ਸਿਆਸਤ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਅਤੇ ਹੱਕਾਂ ਦੀ ਲੜਾਈ ਹੈ।