Faridkot New SSP Welcome: ਭਾਵਾਧਸ ਵੱਲੋਂ ਨਵ-ਨਿਯੁਕਤ ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ ਦਾ ਨਿੱਘਾ ਸਵਾਗਤ
ਡੀ.ਐਸ.ਪੀ. ਜਗਤਾਰ ਸਿੰਘ ਨਾਲ ਵੀ ਕੀਤੀ ਵਿਸ਼ੇਸ਼ ਮੁਲਾਕਾਤ
Faridkot New SSP Welcome:
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਫਰੀਦਕੋਟ ਵੱਲੋਂ ਨਵ-ਨਿਯੁਕਤ ਐਸ.ਐਸ.ਪੀ. ਫ਼ਰੀਦਕੋਟ ਸ੍ਰੀ ਗੁਰਬੰਸ ਸਿੰਘ ਬੈਂਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਵਾਧਸ ਦੀ ਟੀਮ ਨੇ ਐਸ.ਐਸ.ਪੀ. ਬੈਂਸ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ।
ਭਾਵਾਧਸ ਦੇ ਆਲ ਇੰਡੀਆ ਜਨਰਲ ਸਕੱਤਰ ਸ੍ਰੀ ਓਮ ਪ੍ਰਕਾਸ਼ ਬੋਹਤ ਦੀ ਅਗਵਾਈ ਹੇਠ ਹੋਈ। ਇਸ ਮੁਲਾਕਾਤ ਦੌਰਾਨ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ, ਧਾਰਮਿਕ ਅਤੇ ਲੋਕ-ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸ੍ਰੀ ਬੋਹਤ ਨੇ ਕਿਹਾ ਕਿ ਭਾਵਾਧਸ ਹਮੇਸ਼ਾ ਸਮਾਜਿਕ ਭਲਾਈ, ਭਾਈਚਾਰਕ ਏਕਤਾ ਅਤੇ ਲੋਕ-ਹਿੱਤ ਦੇ ਕਾਰਜਾਂ ਲਈ ਵਚਨਬੱਧ ਰਹੀ ਹੈ ਅਤੇ ਭਵਿੱਖ ਵਿੱਚ ਵੀ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਲੋਕ-ਕਲਿਆਣ ਲਈ ਕੰਮ ਕਰਦੀ ਰਹੇਗੀ। ਜ਼ਿਲ੍ਹਾ ਪ੍ਰਧਾਨ ਕਿਸ਼ੋਰ ਨਾਗਵੰਸ਼ ਨੇ ਕਿਹਾ ਕਿ ਸ੍ਰੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਹੋਰ ਵਧੇਗਾ।
ਇਹ ਵੀ ਪੜ੍ਹੋ: Gold Price Decrease: ਸਰਾਫਾ ਬਾਜ਼ਾਰ 'ਚ ਗਿਰਾਵਟ ਦਾ ਰੁਝਾਨ, ਸੋਨੇ-ਚਾਂਦੀ ਦੀ ਕੀਮਤ ਘਟੀ
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜੀਤੇਂਦਰ ਕੁਮਾਰ ਹੰਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿੱਖਿਆ ਵੱਲ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੜ੍ਹਿਆ-ਲਿਖਿਆ ਅਤੇ ਜ਼ਿੰਮੇਵਾਰ ਨੌਜਵਾਨ ਹੀ ਇੱਕ ਮਜ਼ਬੂਤ ਸਮਾਜ ਅਤੇ ਵਿਕਸਤ ਰਾਸ਼ਟਰ ਦੀ ਨੀਂਹ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵਾਧਸ ਹਮੇਸ਼ਾ ਨੌਜਵਾਨਾਂ ਨੂੰ ਉਸਾਰੂ ਦਿਸ਼ਾ ਦੇਣ ਲਈ ਯਤਨਸ਼ੀਲ ਰਹੀ ਹੈ। ਇਸ ਉਪਰੰਤ ਭਾਵਾਧਸ ਦੀ ਟੀਮ ਨੇ ਡੀ.ਐਸ.ਪੀ. ਫ਼ਰੀਦਕੋਟ ਜਗਤਾਰ ਸਿੰਘ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਸਮਾਜਿਕ ਭਲਾਈ, ਨਸ਼ਾ ਮੁਕਤੀ ਮੁਹਿੰਮ, ਨੌਜਵਾਨ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੇ ਅੰਤ ਵਿੱਚ ਭਾਵਾਧਸ ਦੇ ਆਗੂਆਂ ਨੇ ਭਰੋਸਾ ਦਿਵਾਇਆ ਕਿ ਸੰਸਥਾ ਸਮਾਜਿਕ ਜਾਗਰੂਕਤਾ, ਸਦਭਾਵਨਾ ਅਤੇ ਲੋਕ-ਕਲਿਆਣ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੀ ਰਹੇਗੀ। ਇਸ ਮੌਕੇ ਓਮ ਪ੍ਰਕਾਸ਼ ਬੋਹਤ, ਕਿਸ਼ੋਰ ਨਾਗਵੰਸ਼, ਜੀਤੇਂਦਰ ਕੁਮਾਰ ਹੰਸ, ਸਤਪਾਲ ਪੌਲ, ਹਰੀ ਦਾਸ, ਰਵੀ ਕੁਮਾਰ, ਮਿੰਟੂ ਗਾਂਧੀ ਸਮੇਤ ਭਾਵਾਧਸ ਫ਼ਰੀਦਕੋਟ ਦੀ ਸਮੁੱਚੀ ਟੀਮ ਹਾਜ਼ਰ ਸੀ।