Punjab
Power Employees Protest: ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਦਾ ਐਲਾਨ
15 ਜੂਨ ਤੋਂ 22 ਜੂਨ ਤੱਕ ਸਰਕਲ ਪੱਧਰ ’ਤੇ ਦਿੱਤੇ ਜਾਣਗੇ ਰੋਸ ਧਰਨੇ
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮੰਨਣ ਤੋਂ ਇਨਕਾਰ ਕਰਨ ਦੇ ਰੋਸ ਵਜੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ 15 ਜੂਨ ਤੋਂ 22 ਜੂਨ ਤੱਕ ਸਰਕਲ ਪੱਧਰ ’ਤੇ ਰੋਸ ਧਰਨੇ ਲਗਾਏ ਜਾਣਗੇ, ਜਦਕਿ 24 ਜੂਨ ਨੂੰ ਖੰਨਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸੇ ਲੜੀ ਤਹਿਤ ਫ਼ਰੀਦਕੋਟ ਸਰਕਲ ਦਾ ਰੋਸ ਧਰਨਾ ਸਰਕਲ ਦਫ਼ਤਰ ਅੱਗੇ ਸਰਕਲ ਪ੍ਰਧਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਸਦਿਉੜਾ ਦੀ ਅਗਵਾਈ ਹੇਠ ਲਗਾਇਆ ਗਿਆ। ਧਰਨੇ ਵਿੱਚ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਫ਼ਰੀਦਕੋਟ ਅਤੇ ਸੂਬਾ ਸਕੱਤਰ ਇੰਜੀਨੀਅਰ ਸ਼ਿੰਗਾਰ ਚੰਦ ਮਹਿਰੋਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਵਿੱਚ 72 ਹਜ਼ਾਰ ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜ਼ੂਦ ਮੌਜੂਦਾ ਸਮੇਂ ਸਿਰਫ਼ ਕਰੀਬ 28 ਹਜ਼ਾਰ ਕਰਮਚਾਰੀ ਹੀ ਸੇਵਾਵਾਂ ਨਿਭਾ ਰਹੇ ਹਨ। ਘੱਟ ਸਟਾਫ਼ ਕਾਰਨ ਮੁਲਾਜ਼ਮਾਂ ਨੂੰ ਦਿਨ-ਰਾਤ ਔਖੇ ਹਾਲਾਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ ਅਤੇ ਵੱਧ ਵਰਕਲੋਡ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਵਧ ਰਿਹਾ ਹੈ।
ਇਹ ਵੀ ਪੜ੍ਹੋ: Road Accident News: ਫਤਿਹਾਬਾਦ ’ਚ ਤੇਜ਼ ਰਫ਼ਤਾਰ ਨਿੱਜੀ ਬੱਸ ਖੇਤ ’ਚ ਪਲਟੀ, ਤਿੰਨ ਯਾਤਰੀਆਂ ਦੀ ਮੌਤ ਤੇ 12 ਜ਼ਖਮੀ
ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਮੁਲਾਜ਼ਮਾਂ ਨੂੰ 16 ਫ਼ੀਸਦੀ ਮਹਿੰਗਾਈ ਭੱਤੇ (ਡੀ.ਏ.) ਦੀ ਬਕਾਇਆ ਕਿਸ਼ਤ ਜਾਰੀ ਨਹੀਂ ਕੀਤੀ ਗਈ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਭਰਤੀਆਂ ਵਿੱਚ ਕੀਤੀਆਂ ਗਈਆਂ ਸੋਧਾਂ ਕਾਰਨ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੌਕੇ ਪ੍ਰਭਾਵਿਤ ਹੋ ਰਹੇ ਹਨ। ਮੋਰਚੇ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਖਾਲੀ ਅਸਾਮੀਆਂ ਨੂੰ ਨਿਯਮਿਤ ਭਰਤੀ ਰਾਹੀਂ ਭਰਿਆ ਜਾਵੇ, ਨਵੇਂ ਭਰਤੀ ਮੁਲਾਜ਼ਮਾਂ ਨੂੰ ਸੱਤਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਲਾਭ ਦਿੱਤੇ ਜਾਣ, 07/2021 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਨੂੰ 35,400 ਰੁਪਏ ਦਾ ਸਕੇਲ ਅਤੇ 15 ਫ਼ੀਸਦੀ ਵਾਧਾ ਦਿੱਤਾ ਜਾਵੇ। ਇਸ ਤੋਂ ਇਲਾਵਾ ਸੋਲੇਸ਼ੀਅਮ ਵਾਲੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਬਿਨਾਂ ਸ਼ਰਤ ਨੌਕਰੀ ਦੇਣ, ਬਿਜਲੀ ਨਿਗਮ ਦੀਆਂ ਜ਼ਮੀਨਾਂ ਦੀ ਵਿਕਰੀ ਰੋਕਣ ਅਤੇ ਰੋਪੜ ਵਿਖੇ ਦੋ 800 ਮੈਗਾਵਾਟ ਦੇ ਥਰਮਲ ਪਲਾਂਟ ਸਰਕਾਰੀ ਖੇਤਰ ਵਿੱਚ ਸਥਾਪਿਤ ਕਰਨ ਦੀ ਮੰਗ ਵੀ ਉਠਾਈ ਗਈ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦੀ ਹੱਲ ਕਰਕੇ ਬਿਜਲੀ ਨਿਗਮ ਅੰਦਰ ਸਨਅਤੀ ਮਾਹੌਲ ਨੂੰ ਬਣਾਈ ਰੱਖਿਆ ਜਾਵੇ। ਇਸ ਮੌਕੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਸਦਿਉੜਾ, ਨਰਿੰਦਰਜੀਤ ਸਿੰਘ, ਅਮਰ ਚੰਦ, ਗੁਰਬਿੰਦਰ ਸਿੰਘ, ਸਾਬਕਾ ਜੋਨ ਪ੍ਰਧਾਨ ਦਰਸ਼ਨ ਸਿੰਘ ਸਰਾਵਾਂ, ਰਣਜੀਤ ਸਿੰਘ ਨੰਗਲ, ਗੁਰਤੇਜ ਸਿੰਘ ਚੀਮਾ, ਚੰਦਰ ਸ਼ੇਖਰ ਜੈਤੋ, ਨਰਿੰਦਰ ਸਿੰਘ ਰਾਜਾ, ਜਸਵੀਰ ਸਿੰਘ ਟਹਿਣਾ, ਬਲਵਿੰਦਰ ਰਾਮ ਸ਼ਰਮਾ, ਸੁਖਚੈਨ ਸਿੰਘ ਚੈਨਾਂ, ਸ਼ਮਿੰਦਰ ਸਿੰਘ ਬਾਜਾਖਾਨਾ, ਸਿਮਰਜੀਤ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ ਖ਼ਾਲਸਾ, ਰਾਜਪਾਲ ਅਤੇ ਇੰਦਰਜੀਤ ਸਿੰਘ ਖ਼ਾਲਸਾ ਸਮੇਤ ਹੋਰ ਆਗੂ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸਰਕਲ ਸਕੱਤਰ ਗੁਰਬਿੰਦਰ ਸਿੰਘ ਵੱਲੋਂ ਨਿਭਾਈ ਗਈ।