Tragic Demise: ਮੱਕੀ ਵੱਢ ਰਹੇ ਨੌਜਵਾਨ ਦੀ ਮਸ਼ੀਨ ਦੀ ਲਪੇਟ ’ਚ ਆਉਣ ਕਾਰਨ ਮੌਤ
ਪੈਰ ਮੱਕੀ ਦੇ ਟਾਂਡਿਆਂ ਵਿੱਚ ਫਸ ਜਾਣ ਕਾਰਨ ਵਾਪਰਿਆ ਹਾਦਸਾ
Tragic Demise:(ਵਿੱਕੀ ਕੁਮਾਰ) ਮੋਗਾ। ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਗੱਟੀ ਜੱਟਾਂ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਰਸੀਲਾ ਵਾਸੀ ਪਿੰਡ ਗੱਟੀ ਜੱਟਾਂ ਵਜੋਂ ਹੋਈ ਹੈ। ਰਸੀਲਾ ਆਪਣੇ ਹੀ ਪਿੰਡ ਦੇ ਜ਼ਮੀਦਾਰ ਗੁਰਭੇਜ ਸਿੰਘ ਕੋਲ ਮੱਕੀ ਵੱਢਣ ਵਾਲੀ (ਸਾਇਲੇਜ) ਮਸ਼ੀਨ ’ਤੇ ਕੰਮ ਕਰਦਾ ਸੀ ਅਤੇ ਮ੍ਰਿਤਕ ਇੱਕ ਡੇਢ ਸਾਲ ਦੇ ਬੱਚੇ ਦਾ ਪਿਤਾ ਸੀ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਵਿੱਚ ਪੁਲਿਸ ਤੇ ਬੀਐਸਐਫ ਨੇ 3 ਕਿਲੋ 50 ਗ੍ਰਾਮ ਹੈਰੋਇਨ ਕੀਤੀ ਬਰਾਮਦ
ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਗੁਰਭੇਜ ਸਿੰਘ ਅਤੇ ਰਸੀਲਾ ਟਰੈਕਟਰ ਨਾਲ ਚੱਲਣ ਵਾਲੀ ਸਾਇਲੇਜ ਮਸ਼ੀਨ ਰਾਹੀਂ ਮੱਕੀ ਦੀ ਫ਼ਸਲ ਦੀ ਵਾਢੀ ਕਰ ਰਹੇ ਸਨ। ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਮੌਕੇ ’ਤੇ ਮੌਜ਼ੂਦ ਸੀ ਅਤੇ ਰਸੀਲਾ ਟਰੈਕਟਰ ਚਲਾ ਰਿਹਾ ਸੀ। ਇਸ ਦੌਰਾਨ ਅਚਾਨਕ ਮਸ਼ੀਨ ਵਿੱਚ ਮੱਕੀ ਦਾ ਗਾਲਾ ਫਸ ਗਿਆ। ਗਾਲੇ ਨੂੰ ਅੱਗੇ ਕਰਨ ਲਈ ਰਸੀਲਾ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਮਸ਼ੀਨ ਦੇ ਨੇੜੇ ਚਲਾ ਗਿਆ।
ਇਸ ਦੌਰਾਨ ਅਚਾਨਕ ਉਸ ਦਾ ਪੈਰ ਮੱਕੀ ਦੇ ਟਾਂਡਿਆਂ ਵਿੱਚ ਫਸ ਗਿਆ ਅਤੇ ਚੱਲ ਰਹੀ ਮਸ਼ੀਨ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗੁਰਭੇਜ ਸਿੰਘ ਅਨੁਸਾਰ ਉਸ ਨੇ ਤੁਰੰਤ ਮਸ਼ੀਨ ਬੰਦ ਕਰ ਦਿੱਤੀ, ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਮਸ਼ੀਨ ਰਸੀਲੇ ਦੇ ਸਰੀਰ ਨੂੰ ਧੜ ਤੋਂ ਹੇਠਾਂ ਤੱਕ ਆਪਣੇ ਅੰਦਰ ਖਿੱਚ ਚੁੱਕੀ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।