Chandigarh News: ਚੰਡੀਗੜ੍ਹ ’ਚ ਨੌਜਵਾਨ ਦਾ ਕਤਲ, ਦੋਸਤ ਗੰਭੀਰ ਜ਼ਖ਼ਮੀ
ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਚੰਡੀਗੜ੍ਹ (ਹਿੰ.ਸ.)। ਚੰਡੀਗੜ੍ਹ ਦੇ ਮੌਲੀਜਾਗਰਾਂ ਇਲਾਕੇ ’ਚ 10 ਤੋਂ 12 ਬਦਮਾਸ਼ਾਂ ਵੱਲੋਂ 2 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦਾ ਦੋਸਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਲੀਜਾਗਰਾਂ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਤੋਤਾ ਨਾਮਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸਦੇ ਦੋਸਤ ਆਕਾਸ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਬਦਮਾਸ਼ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਨੌਜਵਾਨ ਆਪਣੀ ਜਾਨ ਬਚਾਉਣ ਲਈ ਦੌੜਦਾ ਨਜ਼ਰ ਆ ਰਿਹਾ ਹੈ, ਪਰ ਹਮਲਾਵਰਾਂ ਨੇ ਉਸ ਨੂੰ ਫੜ ਕੇ ਜ਼ਮੀਨ ’ਤੇ ਸੁੱਟ ਦਿੱਤਾ ਤੇ ਲਗਾਤਾਰ ਹਮਲਾ ਕਰਦੇ ਰਹੇ।
Read Also : Deepti Sharma: ਦੀਪਤੀ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕੇਟ ’ਚ ਅਜਿਹਾ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਬਣੀ
ਪੁਲਿਸ ਅਨੁਸਾਰ ਮੌਲੀਜਾਗਰਾਂ ਦੇ ਵਿਕਾਸ ਨਗਰ ਦਾ ਰਹਿਣ ਵਾਲਾ ਤੋਤਾ (25) ਐਤਵਾਰ ਦੇਰ ਰਾਤ ਆਪਣੇ ਦੋਸਤ ਆਕਾਸ਼ (22) ਨਾਲ ਬਾਜ਼ਾਰ ਵੱਲ ਜਾ ਰਿਹਾ ਸੀ। ਇਸ ਦੌਰਾਨ 10 ਤੋਂ 12 ਹਥਿਆਰਬੰਦ ਬਦਮਾਸ਼ ਉੱਥੇ ਪਹੁੰਚੇ ਤੇ ਦੋਵੇਂ ਨੌਜਵਾਨਾਂ ਨੂੰ ਘੇਰ ਲਿਆ। ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਵਿਰੋਧ ਕਰਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਪਏ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋਏ ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਨੇ ਤੋਤਾ ਨੂੰ ਸੈਕਟਰ-32 ਹਸਪਤਾਲ ਤੇ ਆਕਾਸ਼ ਨੂੰ ਪੰਚਕੂਲਾ ਸੈਕਟਰ-6 ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਡਾਕਟਰਾਂ ਨੇ ਤੋਤਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਆਕਾਸ਼ ਦਾ ਇਲਾਜ ਜਾਰੀ ਹੈ। ਮ੍ਰਿਤਕ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਕਈ ਨਿਸ਼ਾਨ ਮਿਲੇ ਹਨ। ਮੁੱਢਲੀ ਜਾਣਕਾਰੀ ਅਨੁਸਾਰ ਉਸਦੀ ਛਾਤੀ ’ਤੇ ਕੀਤੇ ਗਏ ਵਾਰ ਕਾਰਨ ਉਸਦੀ ਮੌਤ ਹੋਈ ਹੈ।
ਪ੍ਰਤੱਖਦਰਸ਼ੀਆਂ ਦੇ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੇ ਪਹੁੰਚਣ ਤੱਕ ਹਮਲਾਵਰ ਉੱਥੋਂ ਨਿਕਲ ਚੁੱਕੇ ਸਨ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ, ਜਿਸ ਨੇ ਖੂਨ ਦੇ ਨਮੂਨਿਆਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਤੇ ਪੂਰੇ ਘਟਨਾ ਸਥਾਨ ਦੀ ਵੀਡੀਓਗ੍ਰਾਫੀ ਕੀਤੀ। ਪੁਲਿਸ ਦੀ ਮੁੱਢਲੀ ਜਾਂਚ ’ਚ ਪੁਰਾਣੀ ਰੰਜਿਸ਼ ਦਾ ਐਂਗਲ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਮ੍ਰਿਤਕ ਅਤੇ ਜ਼ਖ਼ਮੀ ਨੌਜਵਾਨ ਨਾਲ ਜੁੜੇ ਪੁਰਾਣੇ ਵਿਵਾਦਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਮੌਲੀਜਾਗਰਾਂ ਥਾਣਾ ਮੁਖੀ ਜਸਕਰਨ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।