Dera Sacha Sauda: ਹੁਣ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਨਹੀਂ ਰਹੇਗੀ ਖੂਨ ਦੀ ਤੋਟ
ਪੂਜਨੀਕ ਗੁਰੂ ਜੀ ਦਾ ਸੱਦਾ: ਦੇਸ਼ ਭਰ ਅਤੇ ਵਿਦੇਸ਼ਾਂ ’ਚ ਸਾਧ-ਸੰਗਤ ਦੀਆਂ ਬਣਨਗੀਆਂ ਖੂਨਦਾਨ ਟੀਮਾਂ, ਲੋੜ ਪੈਂਦੇ ਹੀ ਪਹੁੰਚੇਗਾ ਖੂਨ
ਸਰਸਾ/ਪਟਿਆਲਾ (ਸੱਚ ਕਹੂੰ/ਖੁਸ਼ਵੀਰ ਸਿੰਘ ਤੂਰ)। ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਵਿਸ਼ਵ ਖੂਨਦਾਨ ਦਿਵਸ ਇਸ ਵਾਰ ਉਮੀਦ ਦੀ ਨਵੀਂ ਕਿਰਨ ਲੈ ਕੇ ਆਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੱਦੇ ’ਤੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਦੇਸ਼ ਭਰ ਅਤੇ ਵਿਦੇਸ਼ਾਂ ’ਚ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਨਿਯਮਤ ਖੂਨ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਸਾਧ ਸੰਗਤ ਸਮੇਂ-ਸਮੇਂ ’ਤੇ ਲੋੜ ਅਨੁਸਾਰ ਖੂਨਦਾਨ ਕਰੇਗੀ, ਇਹ ਯਕੀਨੀ ਬਣਾਏਗੀ ਕਿ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮੁਹਿੰਮ ਐਤਵਾਰ ਨੂੰ ਪੰਜਾਬ ਦੇ ਪਟਿਆਲਾ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਵਿਖੇ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਵਿਖੇ ਲਾਏ ਵਿਸ਼ੇਸ਼ ਖੂਨਦਾਨ ਕੈਂਪਾਂ ਨਾਲ ਸ਼ੁਰੂ ਹੋਈ।
ਪਟਿਆਲਾ ’ਚ 304 ਯੂਨਿਟ ਖੂਨਦਾਨ ਕੀਤਾ ਗਿਆ, ਜਿਨ੍ਹਾਂ ’ਚ ਸਰਕਾਰੀ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਵੱਲੋਂ 195 ਯੂਨਿਟ ਤੇ ਲਾਈਫ ਲਾਈਨ ਬਲੱਡ ਬੈਂਕ ਦੀ ਟੀਮ ਵੱਲੋਂ 109 ਯੂਨਿਟ ਖੂਨ ਇਕੱਤਰ ਕੀਤਾ ਗਿਆ ਕੈਂਪਾਂ ’ਚ ਵੱਡੀ ਗਿਣਤੀ ’ਚ ਸੇਵਾਦਾਰਾਂ ਨੇ ਖੂਨਦਾਨ ਕਰਕੇ ਮੁਹਿਮ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹੁਣ ਤੱਕ 33 ਲੱਖ ਯੂਨਿਟ ਤੋਂ ਵੱਧ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਦੇ ਖੇਤਰ ’ਚ ਇੱਕ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੂਨਦਾਨ ਨੂੰ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਦੱਸਦੇ ਹੋਏ ਫ਼ਰਮਾਇਆ ਕਿ ਥੈਲੇਸੀਮੀਆ ਵਰਗੀਆਂਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਸਾਰੀ ਜ਼ਿੰਦਗੀ ਨਿਯਮਤ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਅਕਸਰ, ਸਮੇਂ ਸਿਰ ਖੂਨ ਨਾ ਮਿਲਣ ਕਾਰਨ, ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Read Also : World Wind Day 2026: ਨਵਿਆਉਣਯੋਗ ਊਰਜਾ ਕ੍ਰਾਂਤੀ ’ਚ ਪੌਣ ਸ਼ਕਤੀ ਦੀ ਵਧਦੀ ਭੂਮਿਕਾ
ਅਜਿਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਲਈ ਸਹਾਰਾ ਬਣਨਗੀ ਤੇ ਲੋੜ ਪੈਣ ’ਤੇ ਤੁਰੰਤ ਖੂਨ ਪ੍ਰਦਾਨ ਕਰਨਗੀ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਉਹ ਥੈਲੇਸੀਮੀਆ ਦੇ ਮਰੀਜ਼ਾਂ ਦੀ ਮੱਦਦ ਸਿਰਫ਼ ਖੂਨਦਾਨੀਆਂ ਵਜੋਂ ਹੀ ਨਹੀਂ, ਸਗੋਂ ਰੱਖਿਅਕਾਂ ਤੇ ਪਰਿਵਾਰਕ ਮੈਂਬਰਾਂ ਵਜੋਂ ਵੀ ਕਰੇ। ਉਨ੍ਹਾਂ ਦੀ ਦੇਖਭਾਲ ਤੇ ਸਹਾਇਤਾ ਇਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਕਦੇ ਵੀ ਇਕੱਲੇ ਮਹਿਸੂਸ ਨਾ ਕਰਨ। ਉਨ੍ਹਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਧ-ਸੰਗਤ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਉਨ੍ਹਾਂ ਦੀ ਹਰ ਜ਼ਰੂਰਤ ਅਤੇ ਖੂਨ ਦੀ ਜ਼ਰੂਰਤ ਦੀ ਜ਼ਿੰਮੇਵਾਰੀ ਲੈ ਕੇ ਇੱਕ ਤਰ੍ਹਾਂ ਉਨ੍ਹਾਂ ਨੂੰ ਗੋਦ ਲੈ ਲਿਆ ਹੈ ਅਤੇ ਪੂਰਾ ਡੇਰਾ ਸੱਚਾ ਸੌਦਾ ਪਰਿਵਾਰ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹਾ ਹੈ। ਆਪ ਜੀ ਨੇ ਫ਼ਰਮਾਇਆ ਕਿ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹਰੇਕ ਖੇਤਰ ’ਚ ਸਾਧ-ਸੰਗਤ ਦੀਆਂ ਵੱਖਰੀਆਂ ਖੂਨਦਾਨ ਟੀਮਾਂ ਬਣਾਈਆਂ ਜਾਣਗੀਆਂ।
ਇਹ ਟੀਮਾਂ ਆਪਣੇ ਖੇਤਰ ’ਚ ਥੈਲੇਸੀਮੀਆ ਦੇ ਮਰੀਜ਼ਾਂ ਦਾ ਡੇਟਾ ਇਕੱਠਾ ਕਰਨਗੀਆਂ ਤੇ ਉਨ੍ਹਾਂ ਨਾਲ ਨਿਯਮਤ ਸੰਪਰਕ ’ਚ ਰਹਿਣਗੀਆਂ। ਜਦੋਂ ਵੀ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ, ਤਾਂ ਟੀਮ ਦੇ ਮੈਂਬਰ ਤੁਰੰਤ ਖੂਨਦਾਨੀਆਂ ਦਾ ਪ੍ਰਬੰਧ ਕਰਨਗੇ ਤੇ ਸਹਾਇਤਾ ਪ੍ਰਦਾਨ ਕਰਨਗੇ। ਇਸ ਨਾਲ ਮਰੀਜ਼ਾਂ ਨੂੰ ਖੂਨ ਲਈ ਹਸਪਤਾਲਾਂ ਤੇ ਬਲੱਡ ਸੈਂਟਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਤੇ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾਵੇਗਾ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਉਹ ਨਿਯਮਤ ਖੂਨਦਾਨ ਨੂੰ ਆਪਣੀ ਸੇਵਾ ਦਾ ਹਿੱਸਾ ਬਣਾਉਣ ਤੇ ਟੀਮਾਂ ਬਣਾ ਕੇ ਲਗਾਤਾਰ ਇਸ ਮੁਹਿੰਮ ਨਾਲ ਜੁੜੇ ਰਹਿਣ ਉਨ੍ਹਾਂ ਕਿਹਾ ਕਿ ਜੇਕਰ ਸਮਾਜ ਇਕੱਠੇ ਹੋ ਕੇ ਅੱਗੇ ਆਉਂਦਾ ਹੈ, ਤਾਂ ਕੋਈ ਵੀ ਮਰੀਜ਼ ਖੂਨ ਦੀ ਘਾਟ ਕਾਰਨ ਦੁਖੀ ਨਹੀਂ ਹੋਵੇਗਾ।
ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗਾ ਲਾਭ
ਥੈਲੇਸੀਮੀਆ ਇੱਕ ਜੈਨੇਟਿਕ ਖੂਨ ਦੀ ਬਿਮਾਰੀ ਹੈ, ਜਿਸ ਲਈ ਨਿਯਮਤ ਸਮੇਂ ’ਤੇ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਇਸ ਲਈ ਨਿਯਮਤ ਖੂਨ ਦੀ ਸਪਲਾਈ ਪ੍ਰਦਾਨ ਕਰਨ ਦੀ ਇਹ ਪਹਿਲ ਹਜ਼ਾਰਾਂ ਮਰੀਜ਼ਾਂ ਨੂੰ ਰਾਹਤ ਦੇਵੇਗੀ। ਸਮਾਜਿਕ ਸਰੋਕਾਰ ਤੇ ਸਿਹਤ ਸੇਵਾ ਨੂੰ ਜੋੜਨ ਵਾਲੀ ਇਸ ਮੁਹਿੰਮ ਨੂੰ ਮਾਨਵਤਾ ਦੀ ਦਿਸ਼ਾ ’ਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਦੇਸ਼ ਭਰ ਦੇ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਲੰਮੇ ਸਮੇਂ ਲਈ ਲਾਭ ਮਿਲੇਗਾ। ਨਵੀਂ ਪਹਿਲਕਦਮੀ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਿਆ ਗਿਆ। ਨੌਜਵਾਨਾਂ, ਔਰਤਾਂ ਤੇ ਸੀਨੀਅਰ ਸੇਵਾਦਾਰਾਂ ਨੇ ਖੂਨਦਾਨ ਕੈਂਪਾਂ ’ਚ ਉਤਸ਼ਾਹ ਨਾਲ ਹਿੱਸਾ ਲਿਆ। ਸੇਵਾਦਾਰਾਂ ਨੇ ਭਵਿੱਖ ’ਚ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਤੇ ਥੈਲੇਸੀਮੀਆ ਦੇ ਮਰੀਜ਼ਾਂ ਦੀ ਜ਼ਿੰਮੇਵਾਰੀ ਲੈਣ ਦਾ ਪ੍ਰਣ ਲਿਆ।
ਥੈਲੇਸੀਮੀਆ ਪੀੜਤ ਬੱਚਿਆਂ ਦੀ ਗੁਰੂ ਜੀ ਨੇ ਚਿੰਤਾ ਮੁਕਾਈ : ਡਾ. ਸੁਖਵਿੰਦਰ ਸਿੰਘ
ਇਸ ਮੌਕੇ ਰਜਿੰਦਰਾ ਹਸਪਤਾਲ ਬਲੱਡ ਬੈਂਕ ਤੋਂ ਪੁੱਜੇ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੋਂ ਬਹੁਤ ਪ੍ਰਭਾਵਿਤ ਹਨ ਤੇ ਅੱਜ ਕੁਝ ਹੀ ਸਮੇਂ ’ਚ ਇਨ੍ਹਾਂ ਸ਼ਰਧਾਲੂਆਂ ਨੇ ਬਲੱਡ ਬੈਂਕ ਦਾ ਕੋਟਾ ਪੂਰਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ’ਚ 42 ਬੱਚੇ ਥੈਲੇਸੀਮੀਆ ਤੋਂ ਪੀੜਤ ਹਨ, ਜਿਨ੍ਹਾਂ ਲਈ ਇਹ ਡੇਰਾ ਸ਼ਰਧਾਲੂ ਜ਼ਿੰਦਗੀ ਬਣੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਡੀ ਚਿੰਤਾ ਮਿਟਾ ਦਿੱਤੀ ਹੈ, ਕਿਉਂਕਿ ਗੁਰੂ ਜੀ ਨੇ ਇਨ੍ਹਾਂ ਬੱਚਿਆਂ ਲਈ ਖੂਨਦਾਨ ਦੀ ਘਾਟ ਨਾ ਆਉਣ ਬਾਰੇ ਫ਼ਰਮਾਇਆ ਹੈ। ਉਨ੍ਹਾਂ ਕਿਹਾ ਕਿ ਡੇਰੇ ਅੰਦਰ ਅੱਜ ਖੂਨ ਇਕੱਤਰ ਕਰਕੇ ਬਹੁਤ ਸਕੂਨ ਮਿਲਿਆ ਹੈ। ਡਾ. ਅਮਰਦੀਪ ਸਿੰਘ ਨੇ ਕਿਹਾ ਕਿ ਇਹ ਕੈਂਪ ਬਹੁਤ ਅਨੁਸ਼ਾਸਨ ਤੇ ਖੂਨਦਾਨੀਆਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਹੋਰ ਵੀ ਕੈਂਪਾਂ ’ਚ ਖੂਨ ਇਕੱਤਰ ਕਰਨ ਲਈ ਜਾਂਦੇ ਹਨ, ਪਰ ਜੋ ਸੇਵਾ ਭਾਵਨਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵਿੱਚ ਹੈ, ਉਹ ਕਿਧਰੇ ਵੀ ਨਹੀਂ।