Punjab
Chandigarh Vuilding Collapse Update: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ’ਚ ਪੁਰਾਣੀ ਇਮਾਰਤ ਡਿੱਗੀ, 5 ਲੋਕਾਂ ਜਿੰਦਾ ਬਾਹਰ ਕੱਢਿਆ, ਦੋ ਦੀ ਭਾਲ ਜਾਰੀ
ਸਭ ਤੋਂ ਪਹਿਲਾਂ ਛੱਤ ਦਾ ਮਲਬਾ ਹਟਾਇਆ ਤਾਂ ਜੋ ਅੰਦਰ ਫਸੇ ਲੋਕਾਂ ਤੱਕ ਹਵਾ ਪਹੁੰਚ ਸਕੇ
Chandigarh Vuilding Collapse Update: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸ਼ਨਿੱਚਰਵਾਰ ਸ਼ਾਮ ਇੱਕ ਪੁਰਾਣੀ ਇਮਾਰਤ ਅਚਾਨਕ ਢਹਿ ਜਾਣ ਕਾਰਨ ਸੱਤ ਲੋਕ ਮਲਬੇ ਹੇਠਾਂ ਦੱਬ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ, ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਰਾਹਤ ਟੀਮਾਂ ਨੇ ਦੇਰ ਸ਼ਾਮ ਤੱਕ ਮਲਬੇ ਹੇਠੋਂ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦੋਂਕਿ ਦੋ ਹੋਰ ਵਿਅਕਤੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜ ਵਿੱਚ ਰੁਕਾਵਟਾਂ ਆ ਰਹੀਆਂ ਹਨ, ਫਿਰ ਵੀ ਟੀਮਾਂ ਲਗਾਤਾਰ ਰਾਹਤ ਕੰਮ ਵਿੱਚ ਜੁਟੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਇੰਡਸਟਰੀਅਲ ਏਰੀਆ ਫੇਜ਼-2 ਦੇ ਪਲਾਟ ਨੰਬਰ 28/9 ਵਿੱਚ ਵਾਪਰਿਆ। ਇਮਾਰਤ ਡਿੱਗਣ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ: Faridkot Police Action: ਆਪਰੇਸ਼ਨ ਪ੍ਰਹਾਰ ਤਹਿਤ ਫ਼ਰੀਦਕੋਟ ਪੁਲਿਸ ਦਾ ਵੱਡਾ ਐਕਸ਼ਨ, 100 ਦੇ ਕਰੀਬ ਮੁਲਜ਼ਮ ਗ੍ਰਿਫ਼ਤਾਰ
ਮਲਬਾ ਹਟਾਉਣ ਦੌਰਾਨ ਸਭ ਤੋਂ ਪਹਿਲਾਂ ਰਮੇਸ਼ ਨਾਮ ਦੇ ਵਿਅਕਤੀ ਨੂੰ ਬਾਹਰ ਕੱਢਿਆ ਗਿਆ, ਜਿਸ ਨੇ ਦੱਸਿਆ ਕਿ ਇਮਾਰਤ ਅੰਦਰ ਹੋਰ ਵੀ ਕਈ ਲੋਕ ਫਸੇ ਹੋਏ ਹਨ। ਉਸ ਦੇ ਮੁਤਾਬਕ ਸ਼ਾਮ ਕਰੀਬ ਸਾਢੇ ਚਾਰ ਵਜੇ ਇਮਾਰਤ ਅਚਾਨਕ ਢਹਿ ਗਈ।ਐਨਡੀਆਰਐਫ ਦੀਆਂ ਟੀਮਾਂ ਨੇ ਜੇਸੀਬੀ ਮਸ਼ੀਨਾਂ ਦੀ ਮੱਦਦ ਨਾਲ ਪਹਿਲਾਂ ਛੱਤ ਦਾ ਮਲਬਾ ਹਟਾਇਆ ਤਾਂ ਜੋ ਅੰਦਰ ਫਸੇ ਲੋਕਾਂ ਤੱਕ ਹਵਾ ਪਹੁੰਚ ਸਕੇ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਪੁਲਿਸ ਮੁਤਾਬਕ ਇਮਾਰਤ ਵਿੱਚ ਸਕ੍ਰੈਪ ਦਾ ਕੰਮ ਚੱਲ ਰਿਹਾ ਸੀ ਅਤੇ ਪੁਰਾਣੀ ਹੋਣ ਕਾਰਨ ਇਸ ਦੀ ਛੱਤ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠੋਂ ਪੰਜ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਦਕਿ ਦੋ ਹੋਰ ਵਿਅਕਤੀਆਂ ਜਿਨ੍ਹਾਂ ਵਿੱਚ ਇੱਕ ਇਮਾਰਤ ਦਾ ਮਾਲਕ ਅਤੇ ਇੱਕ ਮਜ਼ਦੂਰ ਦੱਸੇ ਜਾ ਰਹੇ ਹਨ ਦੀ ਭਾਲ ਲਈ ਰਾਹਤ ਕਾਰਜ ਜਾਰੀ ਹੈ।