Faridkot News: ਫ਼ਰੀਦਕੋਟ ਵਿਖੇ ਦਸਤਾਰ ਮੁਕਾਬਲਾ 2026 ਸ਼ਾਨੋ-ਸ਼ੌਕਤ ਨਾਲ ਸੰਪੰਨ

ਵਿਰਾਸਤ, ਅਨੁਸ਼ਾਸਨ ਤੇ ਮਨੁੱਖਤਾ ਦੀ ਸੇਵਾ ਦਾ ਦਿੱਤਾ ਸੰਦੇਸ਼ : ਅਰਸ਼ ਸੱਚਰ

Khushdeep Singh Picture
Published On

Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਮਾਜ ਸੇਵੀ ਅਰਸ਼ ਸੱਚਰ ਵੱਲੋਂ ਕਰਵਾਇਆ ਗਿਆ ਦਸਤਾਰ ਮੁਕਾਬਲਾ–2026 ਐਤਵਾਰ ਨੂੰ ਉਤਸ਼ਾਹ, ਅਨੁਸ਼ਾਸਨ ਤੇ ਭਾਈਚਾਰੇ ਦੇ ਮਾਹੌਲ ’ਚ ਸਫਲਤਾਪੂਰਵਕ ਸੰਪੰਨ ਹੋਇਆ। ਮੁਕਾਬਲੇ ’ਚ 60 ਨੌਜਵਾਨਾਂ ਨੇ ਹਿੱਸਾ ਲੈਂਦਿਆਂ ਦਸਤਾਰ ਸਜਾਉਣ ਦੀ ਕਲਾ, ਆਤਮ-ਵਿਸ਼ਵਾਸ ਤੇ ਸਿੱਖ ਵਿਰਾਸਤ ਪ੍ਰਤੀ ਆਪਣੀ ਨਿਸ਼ਠਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਅਰਸ਼ ਸੱਚਰ ਨੇ ਕਿਹਾ ਕਿ ਦਸਤਾਰ ਸਿਰਫ਼ ਸਿਰ ਦਾ ਸ਼ਿੰਗਾਰ ਨਹੀਂ, ਸਗੋਂ ਸਨਮਾਨ, ਸਵੈ-ਮਾਣ, ਅਨੁਸ਼ਾਸਨ, ਸੇਵਾ ਤੇ ਮਨੁੱਖਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਉਦੇਸ਼ ਨੌਜਵਾਨਾਂ ਨੂੰ ਆਪਣੀ ਵਿਰਾਸਤ, ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਪਿਆਰ, ਭਾਈਚਾਰੇ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਆਈ ਹੈ। ਹਰ ਧਰਮ ਸਾਨੂੰ ਸੱਚਾਈ, ਦਇਆ, ਸੇਵਾ ਤੇ ਸਹਿਣਸ਼ੀਲਤਾ ਦੀ ਸਿੱਖਿਆ ਦਿੰਦਾ ਹੈ। Faridkot News

Read Also : Punjab SIR: ਪੰਜਾਬ ’ਚ ਐਸਆਈਆਰ ਦਾ ਕੰਮ ਜ਼ੋਰਾਂ ’ਤੇ, ਹਰ ਵਿਅਕਤੀ ਕਰਵਾਏ ਆਪਣੀ ਗਣਨਾ

ਇਸ ਲਈ ਸਮਾਜ ’ਚ ਆਪਸੀ ਸਤਿਕਾਰ ਤੇ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਮੁਕਾਬਲੇ ਦੇ ਜੱਜ ਟਰਬਨ ਸਟਾਰ ਤੇ ਪਗੜੀ ਹਾਊਸ ਫ਼ਰੀਦਕੋਟ ਦੇ ਲਵੀ ਧਾਲੀਵਾਲ ਨੇ ਦਸਤਾਰ ਬੰਨ੍ਹਣ ਦੀ ਕਲਾ, ਸਾਫ਼-ਸੁਥਰਾਪਣ, ਪੇਸ਼ਕਾਰੀ, ਸੰਤੁਲਨ, ਆਤਮ-ਵਿਸ਼ਵਾਸ, ਪਰੰਪਰਾਗਤ ਸ਼ੈਲੀ ਤੇ ਸਮੁੱਚੀ ਪ੍ਰਸਤੁਤੀ ਦੇ ਆਧਾਰ ’ਤੇ ਭਾਗੀਦਾਰਾਂ ਦਾ ਨਿਰਪੱਖ ਮੁਲਾਂਕਣ ਕੀਤਾ। ਮੁਕਾਬਲੇ ’ਚ ਪ੍ਰਾਂਸ਼ੂ ਵਰਮਾ (ਸੰਗਰੂਰ) ਨੇ ਪਹਿਲਾ, ਗੁਰਨਿਵਾਜ਼ ਸਿੰਘ (ਫ਼ਰੀਦਕੋਟ) ਨੇ ਦੂਜਾ ਤੇ ਅਨਮੋਲਪ੍ਰੀਤ ਸਿੰਘ (ਕੋਟਕਪੂਰਾ) ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਤੋਂ ਇਲਾਵਾ ਅਰਸ਼ਪ੍ਰੀਤ ਸਿੰਘ ਤੇ ਏਕਮ ਸਿੰਘ, ਦੋਵੇਂ ਕੋਟਕਪੂਰਾ, ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਅਰਸ਼ ਸੱਚਰ ਨੇ ਜੱਜ ਲਵੀ ਧਾਲੀਵਾਲ ਦਾ ਨਿਰਪੱਖ ਫ਼ੈਸਲੇ ਤੇ ਯੋਗਦਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਸਲ ਜੇਤੂ ਹਰ ਉਹ ਨੌਜਵਾਨ ਹੈ। ਜਿਸ ਨੇ ਆਪਣੀ ਵਿਰਾਸਤ ਤੇ ਪਛਾਣ ਨੂੰ ਮਾਣ ਨਾਲ ਅਪਣਾਇਆ। ਉਨ੍ਹਾਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ, ਮਾਪਿਆਂ, ਵਲੰਟੀਅਰਾਂ, ਸਮਾਜ ਸੇਵੀ ਸੰਸਥਾਵਾਂ ਤੇ ਮੀਡੀਆ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਵਿੱਖ ’ਚ ਵੀ ਨੌਜਵਾਨਾਂ ਨੂੰ ਵਿਰਾਸਤ, ਸੱਭਿਆਚਾਰ, ਖੇਡਾਂ, ਸੇਵਾ ਤੇ ਸਮਾਜਿਕ ਸਰੋਕਾਰਾਂ ਨਾਲ ਜੋੜਨ ਲਈ ਅਜਿਹੇ ਲੋਕ-ਭਲਾਈ ਦੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ। Faridkot News

 

About The Author

Related Posts