World Wind Day 2026: ਨਵਿਆਉਣਯੋਗ ਊਰਜਾ ਕ੍ਰਾਂਤੀ ’ਚ ਪੌਣ ਸ਼ਕਤੀ ਦੀ ਵਧਦੀ ਭੂਮਿਕਾ

ਹਰ ਸਾਲ 15 ਜੂਨ ਨੂੰ ‘ਵਿਸ਼ਵ ਪੌਣ ਦਿਵਸ’ ਮਨਾਇਆ ਜਾਂਦਾ ਹੈ

Khushdeep Singh Picture
Published On

ਹਰ ਸਾਲ 15 ਜੂਨ ਨੂੰ ‘ਵਿਸ਼ਵ ਪੌਣ ਦਿਵਸ’ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਦੁਨੀਆ ਭਰ ’ਚ ਪੌਣ ਊਰਜਾ ਦੇ ਮਹੱਤਵ, ਇਸ ਦੀਆਂ ਸੰਭਾਵਨਾਵਾਂ ਤੇ ਵਾਤਾਵਰਨ ਸੁਰੱਖਿਆ ’ਚ ਇਸ ਦੀ ਭੂਮਿਕਾ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ। ਅਜਿਹੇ ਸਮੇਂ ’ਚ, ਜਦੋਂ ਦੁਨੀਆ ਊਰਜਾ ਸੰਕਟ, ਜਲਵਾਯੂ ਬਦਲਾਅ ਤੇ ਵਧਦੇ ਪ੍ਰਦੂਸ਼ਣ ਵਰਗੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਪੌਣ ਊਰਜਾ ਇੱਕ ਭਰੋਸੇਯੋਗ ਤੇ ਲੰਮੇ ਸਮੇਂ ਦੇ ਹੱਲ ਵਜੋਂ ਉੱਭਰ ਰਹੀ ਹੈ। ਇਹ ਨਾ ਸਿਰਫ਼ ਸਾਫ਼-ਸੁਥਰੀ ਊਰਜਾ ਦਾ ਸਰੋਤ ਹੈ, ਸਗੋਂ ਭਵਿੱਖ ਦੀ ਊਰਜਾ ਸੁਰੱਖਿਆ ਦਾ ਮਜ਼ਬੂਤ ਆਧਾਰ ਵੀ ਬਣ ਸਕਦੀ ਹੈ। ਪੌਣ ਊਰਜਾ ਦਾ ਆਧਾਰ ਕੁਦਰਤ ਦੀ ਉਹ ਸ਼ਕਤੀ ਹੈ, ਜੋ ਸਦੀਆਂ ਤੋਂ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀ ਆ ਰਹੀ ਹੈ। ਵਗਦੀ ਪੌਣ ਵਿੱਚ ਮੌਜੂਦ ਗਤੀ ਊਰਜਾ ਨੂੰ ਵਿਸ਼ੇਸ਼ ਯੰਤਰਾਂ ਦੀ ਮੱਦਦ ਨਾਲ ਬਿਜਲੀ ਊਰਜਾ ’ਚ ਬਦਲਿਆ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਧਰਤੀ ਦੀ ਸਤ੍ਹਾ ਨੂੰ ਵੱਖ-ਵੱਖ ਮਾਤਰਾ ’ਚ ਗਰਮ ਕਰਦੀਆਂ ਹਨ, ਜਿਸ ਕਾਰਨ ਵਾਯੂਮੰਡਲ ’ਚ ਦਬਾਅ ਦਾ ਫਰਕ ਪੈਦਾ ਹੁੰਦਾ ਹੈ।

ਹਵਾ ਦਾ ਪ੍ਰਵਾਹ ਸ਼ੁਰੂ ਹੁੰਦਾ ਹੈ। ਇਹੀ ਵਗਦੀ ਹੋਈ ਹਵਾ ਪੌਣ ਊਰਜਾ ਦਾ ਸਰੋਤ ਬਣਦੀ ਹੈ। ਇਸ ਦ੍ਰਿਸ਼ਟੀ ਤੋਂ ਪੌਣ ਊਰਜਾ ਪੂਰੀ ਤਰ੍ਹਾਂ ਕੁਦਰਤੀ, ਨਵਿਆਉਣਯੋਗ ਅਤੇ ਨਿਰੰਤਰ ਉਪਲੱਬਧ ਰਹਿਣ ਵਾਲਾ ਸਰੋਤ ਹੈ। ਵਿਸ਼ਵ ਪੱਧਰ ’ਤੇ ਪੌਣ ਊਰਜਾ ਦੀਆਂ ਸੰਭਾਵਨਾਵਾਂ ਬਾਰੇ ਕਈ ਅਧਿਐਨ ਕੀਤੇ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਮੁੰਦਰੀ ਖੇਤਰਾਂ ’ਚ ਸਥਾਪਿਤ ਪੌਣ ਊਰਜਾ ਪ੍ਰੋਜੈਕਟ ਭਵਿੱਖ ’ਚ ਊਰਜਾ ਉਤਪਾਦਨ ਦਾ ਵੱਡਾ ਸਾਧਨ ਬਣ ਸਕਦੇ ਹਨ। ਸਮੁੰਦਰ ਦੇ ਉੱਪਰ ਹਵਾਵਾਂ ਦੀ ਗਤੀ ਆਮ ਤੌਰ ’ਤੇ ਵੱਧ ਅਤੇ ਸਥਿਰ ਹੁੰਦੀ ਹੈ, ਜਿਸ ਕਾਰਨ ਉੱਥੇ ਸਥਾਪਿਤ ਊਰਜਾ ਪ੍ਰਾਜੈਕਟ ਵਧੇਰੇ ਉਤਪਾਦਨ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਕਈ ਦੇਸ਼ ਹੁਣ ਕੰਢੀ ਤੇ ਸਮੁੰਦਰੀ ਖੇਤਰਾਂ ’ਚ ਵੱਡੇ ਪੱਧਰ ’ਤੇ ਪੌਣ ਊਰਜਾ ਪ੍ਰੋਜੈਕਟਾਂ ਦਾ ਵਿਸਥਾਰ ਕਰ ਰਹੇ ਹਨ। ਭਾਰਤ ਨੇ ਵੀ ਇਸ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਦੇਸ਼ ’ਚ ਪੌਣ ਊਰਜਾ ਦਾ ਵਿਕਾਸ ਪਿਛਲੇ ਤਿੰਨ ਦਹਾਕਿਆਂ ਦੌਰਾਨ ਤੇਜ਼ੀ ਨਾਲ ਹੋਇਆ ਹੈ। World Wind Day 2026

ਤਾਮਿਲਨਾਡੂ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਰਾਜ ਇਸ ਖੇਤਰ ’ਚ ਅਗਵਾਈ ਕਰ ਰਹੇ ਹਨ। ਭਾਰਤ ਅੱਜ ਦੁਨੀਆ ਦੇ ਪ੍ਰਮੁੱਖ ਪੌਣ ਊਰਜਾ ਉਤਪਾਦਕ ਦੇਸ਼ਾਂ ’ਚ ਸ਼ਾਮਲ ਹੈ। ਦੇਸ਼ ਦੀ ਸਥਾਪਿਤ ਪੌਣ ਊਰਜਾ ਸਮਰੱਥਾ ਲਗਾਤਾਰ ਵਧ ਰਹੀ ਹੈ ਅਤੇ ਇਹ ਰਾਸ਼ਟਰੀ ਊਰਜਾ ਮਿਸ਼ਨ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ। ਇਸ ਨਾਲ ਨਾ ਸਿਰਫ਼ ਬਿਜਲੀ ਉਤਪਾਦਨ ’ਚ ਵਾਧਾ ਹੋਇਆ ਹੈ, ਸਗੋਂ ਜੈਵ ਈਂਧਨਾਂ ’ਤੇ ਨਿਰਭਰਤਾ ਵੀ ਘਟੀ ਹੈ। ਪੌਣ ਊਰਜਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਉਤਪਾਦਨ ਦੌਰਾਨ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ। ਕੋਇਲਾ, ਪੈਟਰੋਲੀਅਮ ਅਤੇ ਹੋਰ ਰਵਾਇਤੀ ਈਂਧਨਾਂ ਨਾਲ ਚੱਲਣ ਵਾਲੇ ਥਰਮਲ ਪਲਾਂਟ ਵੱਡੀ ਮਾਤਰਾ ’ਚ ਕਾਰਬਨ ਡਾਈਆਕਸਾਈਡ ਤੇ ਹੋਰ ਹਾਨੀਕਾਰਕ ਗੈਸਾਂ ਦਾ ਨਿਕਾਸ ਕਰਦੇ ਹਨ। ਇਸ ਦੇ ਉਲਟ, ਪੌਣ ਊਰਜਾ ਪਲਾਂਟ ਬਿਜਲੀ ਉਤਪਾਦਨ ਸਮੇਂ ਕਿਸੇ ਵੀ ਕਿਸਮ ਦਾ ਪ੍ਰਦੂਸ਼ਣ ਨਹੀਂ ਫੈਲਾਉਂਦੇ। ਇਸੇ ਲਈ ਜਲਵਾਯੂ ਬਦਲਾਅ ਦੀ ਚੁਣੌਤੀ ਨਾਲ ਨਜਿੱਠਣ ਲਈ ਇਸ ਨੂੰ ਸਭ ਤੋਂ ਪ੍ਰਭਾਵਸ਼ਾਲੀ ਉਪਾਵਾਂ ’ਚ ਗਿਣਿਆ ਜਾਂਦਾ ਹੈ। World Wind Day 2026

ਇਸ ਤੋਂ ਇਲਾਵਾ, ਪੌਣ ਊਰਜਾ ਸਰੋਤ ਕਿਸੇ ਇੱਕ ਦੇਸ਼, ਸੰਸਥਾ ਜਾਂ ਵਪਾਰਕ ਸਮੂਹ ਦੇ ਕੰਟਰੋਲ ਹੇਠ ਨਹੀਂ ਹੈ। ਹਵਾ ਕੁਦਰਤ ਦੀ ਦੇਣ ਹੈ ਅਤੇ ਇਸ ਦੀ ਉਪਲੱਬਧਤਾ ’ਤੇ ਕਿਸੇ ਦਾ ਅਧਿਕਾਰ ਨਹੀਂ ਹੋ ਸਕਦਾ। ਵਧਦੀ ਊਰਜਾ ਮੰਗ ਦੇ ਦਰਮਿਆਨ ਇਹ ਵਿਸ਼ੇਸ਼ਤਾ ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦੀ ਹੈ। ਊਰਜਾ ਉਤਪਾਦਨ ਦੀ ਲਾਗਤ ਵਿੱਚ ਕਮੀ, ਘੱਟ ਸੰਚਾਲਨ ਖਰਚ ਤੇ ਲੰਮੇ ਸਮੇਂ ਤੱਕ ਵਰਤੋਂ ਦੀ ਸਮਰੱਥਾ ਵੀ ਇਸ ਦੀ ਉਪਯੋਗਤਾ ਨੂੰ ਵਧਾਉਂਦੀ ਹੈ। ਪੌਣ ਊਰਜਾ ਪਲਾਂਟ ਵੱਖ-ਵੱਖ ਕਿਸਮ ਦੇ ਭੂ-ਖੇਤਰਾਂ ਵਿੱਚ ਸਥਾਪਿਤ ਕੀਤੇ ਜਾ ਸਕਦੇ ਹਨ। ਪਹਾੜੀ ਖੇਤਰਾਂ, ਮੈਦਾਨਾਂ, ਮਾਰੂਥਲਾਂ ਤੇ ਸਮੁੰਦਰੀ ਕੰਢਿਆਂ ’ਤੇ ਇਨ੍ਹਾਂ ਨੂੰ ਸਫਲਤਾਪੂਰਵਕ ਲਾਇਆ ਜਾ ਸਕਦਾ ਹੈ। ਖੇਤੀਬਾੜੀ ਵਾਲੀ ਜ਼ਮੀਨ ’ਤੇ ਵੀ ਇਨ੍ਹਾਂ ਦੀ ਸਥਾਪਨਾ ਸੰਭਵ ਹੈ, ਕਿਉਂਕਿ ਇਨ੍ਹਾਂ ਦੇ ਆਧਾਰ ਖੇਤਰ ਨੂੰ ਛੱਡ ਕੇ ਬਾਕੀ ਜ਼ਮੀਨ ਦੀ ਵਰਤੋਂ ਖੇਤੀ ਲਈ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਜ਼ਮੀਨ ਦੀ ਵਰਤੋਂ ਤੇ ਊਰਜਾ ਉਤਪਾਦਨ ਵਿਚਕਾਰ ਸੰਤੁਲਨ ਵੀ ਬਣਿਆ ਰਹਿੰਦਾ ਹੈ।

ਹਾਲਾਂਕਿ ਪੌਣ ਊਰਜਾ ਨੂੰ ਲੈ ਕੇ ਕੁਝ ਚਿੰਤਾਵਾਂ ਵੀ ਸਮੇਂ-ਸਮੇਂ ’ਤੇ ਸਾਹਮਣੇ ਆਉਂਦੀਆਂ ਰਹੀਆਂ ਹਨ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਵੱਡੇ ਪੌਣ ਚੱਕਰਾਂ ਕਾਰਨ ਸ਼ੋਰ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਾਂ ਪੰਛੀਆਂ ਦੀ ਉਡਾਣ ਪ੍ਰਭਾਵਿਤ ਹੋ ਸਕਦੀ ਹੈ। ਪਰ ਆਧੁਨਿਕ ਤਕਨਾਲੋਜੀ ਨੇ ਇਨ੍ਹਾਂ ਚੁਣੌਤੀਆਂ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ। ਨਵੇਂ ਪਲਾਂਟ ਦੀ ਯੋਜਨਾ ਬਣਾਉਂਦੇ ਸਮੇਂ ਵਾਤਾਵਰਣਕ ਪ੍ਰਭਾਵਾਂ ਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਂਦਾ ਹੈ ਅਤੇ ਅਜਿਹੇ ਉਪਾਅ ਅਪਣਾਏ ਜਾਂਦੇ ਹਨ, ਜਿਨ੍ਹਾਂ ਨਾਲ ਜੰਗਲੀ ਜੀਵਾਂ ਤੇ ਸਥਾਨਕ ਭਾਈਚਾਰਿਆਂ ’ਤੇ ਘੱਟੋ-ਘੱਟ ਅਸਰ ਪਵੇ। ਅੱਜ ਲੋੜ ਇਸ ਗੱਲ ਦੀ ਹੈ ਕਿ ਭਾਰਤ ਪੌਣ ਊਰਜਾ ਦੇ ਖੇਤਰ ’ਚ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰੇ। World Wind Day 2026

ਵਧਦੀ ਊਰਜਾ ਮੰਗ, ਵਾਤਾਵਰਨ ਸੁਰੱਖਿਆ ਦੀ ਲੋੜ ਅਤੇ ਆਤਮ-ਨਿਰਭਰਤਾ ਦੇ ਟੀਚੇ ਨੂੰ ਦੇਖਦਿਆਂ ਇਸ ਖੇਤਰ ’ਚ ਨਿਵੇਸ਼ ਵਧਾਉਣਾ ਸਮੇਂ ਦੀ ਮੰਗ ਹੈ। ਖੋਜ, ਤਕਨੀਕੀ ਵਿਕਾਸ ਅਤੇ ਬਿਹਤਰ ਬੁਨਿਆਦੀ ਢਾਂਚੇ ਰਾਹੀਂ ਪੌਣ ਊਰਜਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਭਵਿੱਖ ਦੀ ਊਰਜਾ ਵਿਵਸਥਾ ਅਜਿਹੀ ਹੋਣੀ ਚਾਹੀਦੀ ਹੈ ਜੋ ਸਾਫ਼-ਸੁਥਰੀ, ਸੁਰੱਖਿਅਤ ਤੇ ਟਿਕਾਊ ਹੋਵੇ। ਪੌਣ ਊਰਜਾ ਇਨ੍ਹਾਂ ਤਿੰਨਾਂ ਮਾਪਦੰਡਾਂ ’ਤੇ ਖਰੀ ਉੁਤਰਦੀ ਹੈ। ਇਹੀ ਕਾਰਨ ਹੈ ਕਿ ਆਉਣ ਵਾਲੇ ਸਾਲਾਂ ’ਚ ਇਹ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਦੀ ਊਰਜਾ ਵਿਵਸਥਾ ਦਾ ਇੱਕ ਮਹੱਤਵਪੂਰਨ ਥੰਮ੍ਹ ਬਣਨ ਜਾ ਰਹੀ ਹੈ। ਜੇਕਰ ਕੁਦਰਤ ਦੀ ਇਸ ਅਨਮੋਲ ਸ਼ਕਤੀ ਦੀ ਸਮੁੱਚੀ ਵਰਤੋਂ ਕੀਤਾ ਜਾਵੇ ਤਾਂ ਊਰਜਾ ਸੰਕਟ ਅਤੇ ਵਾਤਾਵਰਣਕ ਚੁਣੌਤੀਆਂ ਨਾਲ ਨਜਿੱਠਣ ਦੀ ਦਿਸ਼ਾ ’ਚ ਵੱਡੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਅਰਵਿੰਦ ਜੈਤਿਲਕ

About The Author

Related Posts