Barnala News: ਧਰਨੇ 'ਤੇ ਬੈਠੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਪੁਲਿਸ ਨੇ ਜ਼ਬਰੀ ਚੁੱਕ ਥਾਣੇ ਡੱਕੇ
ਸੇਵਾ ਕੇਂਦਰ ਮੁਲਾਜ਼ਮ ਆਪਣੀਆਂ ਮੰਗਾਂ ਦੀ ਹੱਲ ਲਈ 26 ਮਈ ਤੋਂ ਲਗਾਤਾਰ ਧਰਨੇ 'ਤੇ ਬੈਠੇ ਸਨ
ਬਰਨਾਲਾ (ਜਸਵੀਰ ਗਹਿਲ)। ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਮੂਹਰੇ ਪਿਛਲੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਮੰਗਲਵਾਰ ਸੁਵਖਤੇ ਹੀ ਪੁਲਿਸ ਨੇ ਜ਼ਬਰੀ ਚੁੱਕ ਕੇ ਥਾਣੇ ਡੱਕ ਦਿੱਤਾ। ਇਹ ਮੁਲਾਜ਼ਮ 15 ਦਿਨਾਂ ਤੋਂ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਲਗਾਤਾਰ ਧਰਨੇ 'ਤੇ ਬੈਠੇ ਹਨ। ਜਿਸ ਕਾਰਨ ਜਿਲ੍ਹੇ ਭਰ ਵਿੱਚ ਸੇਵਾ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਚੱਲ ਰਿਹਾ ਹੈ।

Read Also: ਅਦਾਲਤ ਦੀ ਪਾਰਕਿੰਗ ਵਿੱਚ ਖੜ੍ਹੀ ਐਕਟਿਵਾ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
ਪੁਲਿਸ ਦੀ ਇਸ ਅਚਨਚੇਤ ਕਾਰਵਾਈ ਤੋਂ ਬਾਅਦ ਮੁਲਾਜ਼ਮਾਂ ਅਤੇ ਯੂਨੀਅਨ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੀ 26 ਮਈ ਤੋਂ ਲਗਾਤਾਰ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਸੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਏ ਪਰ ਅੱਜ ਸਵੇਰੇ ਜਿਵੇਂ ਹੀ ਉਹ ਰੋਜ਼ਾਨਾ ਦੀ ਤਰ੍ਹਾਂ ਧਰਨਾ ਸਥਾਨ 'ਤੇ ਇਕੱਠੇ ਹੋਏ, ਤਾਂ ਭਾਰੀ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜਬਰਦਸਤੀ ਗੱਡੀਆਂ ਵਿੱਚ ਬਿਠਾ ਕੇ ਲੈ ਗਈ।
ਪੁਲਿਸ ਦੀ ਧੱਕੇਸ਼ਾਹੀ ਖਿਲਾਫ਼ ਸੰਘਰਸ਼ ਹੋਰ ਤੇਜ਼ ਕਰਾਂਗੇ: ਗੁਰਵਿੰਦਰ ਸਿੰਘ
ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਸਰਾਸਰ ਧੱਕੇਸ਼ਾਹੀ ਹੈ ਅਤੇ ਲੋਕਤੰਤਰਿਕ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਘਾਣ ਹੈ। ਅਸੀਂ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ, ਪਰ ਪ੍ਰਸ਼ਾਸਨ ਨੇ ਸਾਡੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਦੀ ਵਰਤੋਂ ਕੀਤੀ ਹੈ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮ ਅਜਿਹੀਆਂ ਗ੍ਰਿਫ਼ਤਾਰੀਆਂ ਜਾਂ ਪੁਲਿਸ ਜਬਰ ਤੋਂ ਉਹ ਡਰਨ ਵਾਲੇ ਨਹੀਂ ਹਨ