Rain: ਥੋੜ੍ਹੇ ਸਮੇਂ ਦੇ ਮੀਂਹ ਨੇ ਮਾਨਸੂਨ ਸਬੰਧੀ ਨਿਗਮ ਦੀਆਂ ਤਿਆਰੀਆਂ ਦੀ ਖੋਲੀ ਪੋਲ
ਸ਼ਹਿਰ ਦੀਆਂ ਕਈ ਸੜਕਾਂ ਤੇ ਗਲੀਆਂ ’ਚ ਭਰਿਆ ਪਾਣੀ
Rain:
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ਾਹੀ ਸ਼ਹਿਰ ਅੰਦਰ ਥੋੜ੍ਹੇ ਸਮੇਂ ਦੇ ਪਏ ਮੀਂਹ ਨੇ ਪਟਿਆਲਾ ਨਗਰ ਨਿਗਮ ਦੀ ਮਾਨਸੂਨ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਨਸੂਨ ਦੇ ਆਗਮਨ ਤੋਂ ਪਹਿਲਾਂ ਹੀ ਪਟਿਆਲਾ ਵਿੱਚ ਹਾਲਾਤ ਇਹ ਦਰਸਾ ਰਹੇ ਹਨ ਕਿ ਸ਼ਹਿਰ ਮੀਂਹ ਦੇ ਮੌਸਮ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਸ਼ਹਿਰ ਦੀ ਭੂਗੋਲਿਕ ਬਣਤਰ ਪਹਿਲਾਂ ਤੋਂ ਹੀ ਇਸਨੂੰ ਪਾਣੀ ਭਰਨ ਦੀ ਸਮੱਸਿਆ ਲਈ ਸੰਵੇਦਨਸ਼ੀਲ ਬਣਾਉਂਦੀ ਹੈ, ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਤਿਆਰੀਆਂ ਅਧੂਰੀਆਂ ਨਜ਼ਰ ਆਈਆਂ।
ਇਹ ਵੀ ਪੜ੍ਹੋ: Bathinda Fertilizer Seizure: ਬਠਿੰਡਾ ’ਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨ ਦੌਰਾਨ ਇਹ ਸਾਹਮਣੇ ਆਇਆ ਕਿ ਕਈ ਥਾਵਾਂ ’ਤੇ ਸੜਕਾਂ ਅਤੇ ਗਲੀਆਂ, ਨਾਲੀਆਂ ਬੁਰੀ ਤਰ੍ਹਾਂ ਜਾਮ ਸਨ। ਲੋਅਰ ਮਾਲ ਰੋਡ, ਠੇਕਰੀਵਾਲਾ ਚੌਂਕ ਤੋਂ ਨਗਰ ਨਿਗਮ ਦਫ਼ਤਰ ਵਾਲੀ ਸੜਕ, ਰਘੋਮਾਜਰਾ ਰੋਡ, ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਅਤੇ ਹੋਰ ਕਈ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸੜਕਾਂ ’ਤੇ ਪਾਣੀ ਭਰਨ ਨਾਲ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਗਈ ਅਤੇ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜੁਝਾਰ ਨਗਰ ਦੇ ਵਸਨੀਕ ਨਵਦੀਪ ਸਿੰਘ ਨੇ ਕਿਹਾ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਤਿਆਰੀਆਂ ਦੀ ਘਾਟ ਸਾਹਮਣੇ ਆਉਂਦੀ ਹੈ, ਪਰ ਹਾਲਾਤ ਬਦਲਣ ਦੀ ਬਜਾਏ ਜਿਵੇਂ ਦੇ ਤਿਵੇਂ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਥੋੜ੍ਹੇ ਜਿਹੇ ਮੀਂਹ ਨਾਲ ਹੀ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਜਾਂਦਾ ਹੈ।
ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਜਾਮ ਗਲੀਆਂ ਦੀ ਸਫ਼ਾਈ ਲਈ ਸਬੰਧਤ ਅਧਿਕਾਰੀਆਂ ਨੂੰ ਇੱਕ ਮਹੀਨੇ ਲਈ ਵਾਧੂ ਮੈਨਪਾਵਰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੱਖ-ਵੱਖ ਜ਼ੋਨਾਂ ਵਿੱਚ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਜਾਵੇਗਾ, ਜੋ ਸਫ਼ਾਈ ਕਾਰਜਾਂ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ, ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸਕਸ਼ਨ ਪੰਪ ਵੀ ਤਿਆਰ ਰੱਖੇ ਜਾਣਗੇ।
ਮੇਅਰ ਨੇ ਕਿਹਾ ਕਿ ਸੜਕਾਂ ਦੀਆਂ ਗਲੀਆਂ ਅਤੇ ਮਾਸਟਰ ਡਰੇਨਾਂ ਦੀ ਨਿਯਮਿਤ ਸਫ਼ਾਈ ਲਈ ਵਿਸ਼ੇਸ਼ ਟੀਮਾਂ ਬਣਾਈਆਂ ਜਾਣਗੀਆਂ ਤਾਂ ਜੋ ਮਾਨਸੂਨ ਦੌਰਾਨ ਡਰੇਨੇਜ ਪ੍ਰਣਾਲੀ ਜਾਮ ਨਾ ਹੋਵੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਸਾਲ ਮਾਨਸੂਨ ਦੇ ਮੌਸਮ ਦੌਰਾਨ ਨਗਰ ਨਿਗਮ ਵੱਲੋਂ ਇੱਕ ਵਿਸ਼ੇਸ਼ ਫਲੱਡ ਕੰਟਰੋਲ ਦਫ਼ਤਰ ਸਥਾਪਿਤ ਕੀਤਾ ਜਾਵੇਗਾ, ਜੋ ਪਾਣੀ ਭਰਨ ਦੀਆਂ ਘਟਨਾਵਾਂ ’ਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਵੇਗਾ। ਇਸ ਲਈ ਲੋੜੀਂਦੀ ਮੈਨਪਾਵਰ, ਮਸ਼ੀਨਰੀ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ ਤਾਂ ਜੋ ਨਾਗਰਿਕਾਂ ਨੂੰ ਤੁਰੰਤ ਰਾਹਤ ਮਿਲ ਸਕੇ ਅਤੇ ਸ਼ਹਿਰ ਦੀ ਆਵਾਜਾਈ ਸੁਚਾਰੂ ਬਣੀ ਰਹੇ।