Punjab
PSEB 12th Result 2026: ਬਾਰ੍ਹਵੀਂ ਦੇ ਨਤੀਜ਼ੇ, ਅੰਗਰੇਜ਼ੀ ਵਿਸ਼ਾ ਬਣਿਆ ਪੰਜਾਬ ਦੇ ਵਿਦਿਆਰਥੀਆਂ ਲਈ ਟੇਢੀ ਖੀਰ, 12459 ਹੋਏ ਫੇਲ੍ਹ
ਪੰਜਾਬੀ ਜਨਰਲ ਵਿਸ਼ੇ ’ਚੋਂ ਵੀ 3791 ਵਿਦਿਆਰਥੀ ਹੋਏ ਫੇਲ੍ਹ
Education News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜ਼ਿਆਂ ’ਚ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਵਿਸ਼ੇ ’ਚੋਂ ਪਾਰ ਨਹੀਂ ਪਾਇਆ ਗਿਆ। ਆਲਮ ਇਹ ਰਿਹਾ ਹੈ ਕਿ ਅੰਗਰੇਜ਼ੀ ਵਿਸ਼ੇ ’ਚੋਂ 12459 ਵਿਦਿਆਰਥੀ ਫੇਲ੍ਹ ਹੋਏ ਹਨ। ਪਿਛਲੇ ਅੰਗਰੇਜ਼ੀ ਵਿਸ਼ੇ ਵਿੱਚੋਂ ਘੱਟ ਵਿਦਿਆਰਥੀ ਫੇਲ੍ਹ ਹੋਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬੀ ਵਿਸ਼ੇ ’ਚ ਵੀ 3791 ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਚਿੰਤਾ ਦਾ ਸਬੱਬ ਹੈ। ਹਿਸਟਰੀ ਵਿਸ਼ੇ ’ਚੋਂ ਵੀ 7 ਹਜ਼ਾਰ ਤੋਂ ਜਿਆਦਾ ਵਿਦਿਆਰਥੀ ਫੇਲ੍ਹ ਹੋਏ ਹਨ।ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਬਾਰ੍ਹਵੀਂ ਜ਼ਮਾਤ ਦੇ ਨਤੀਜਿਆਂ ’ਤੇ ਜਦੋਂ ਡੂੰਘੀ ਨਜ਼ਰ ਮਾਰੀ ਗਈ ਤਾਂ ਸਭ ਤੋਂ ਵੱਧ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੰਗਰੇਜ਼ੀ ਵਿਸ਼ੇ ’ਚੋਂ ਸਾਹਮਣੇ ਆਈ ਹੈ।
ਅੰਗਰੇਜ਼ੀ ਵਿਸ਼ਾ ਸ਼ੁਰੂ ਤੋਂ ਹੀ ਵਿਦਿਆਰਥੀਆਂ ਲਈ ਟੇਢੀ ਖੀਰ ਰਿਹਾ ਹੈ। ਅੰਗੇਰਜ਼ੀ ਵਿਸ਼ੇ ਵਿੱਚ ਇਸ ਵਾਰ 265417 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ ਇਸ ਵਿਸ਼ੇ ਵਿੱਚੋਂ 252958 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਅੰਗਰੇਜ਼ੀ ਵਿਸ਼ੇ ’ਚੋਂ 12459 ਵਿਦਿਆਰਥੀ ਫੇਲ੍ਹ ਹੋਏ ਹਨ। ਅੰਗੇਰਜ਼ੀ ਵਿਸ਼ੇ ਵਿੱਚੋਂ ਪਾਸ ਫੀਸਦੀ ਦਰ 95.30 ਰਹੀ ਹੈ। ਪਿਛਲੇ ਸਾਲ ਅੰਗਰੇਜ਼ੀ ਵਿਸ਼ੇ ’ਚੋਂ 10274 ਵਿਦਿਆਰਥੀ ਫੇਲ੍ਹ ਹੋਏ ਸਨ ਜਦਕਿ ਇਸ ਵਾਰ ਇਹ ਅੰਕੜਾ ਵਧ ਗਿਆ ਹੈ। ਇਸੇ ਤਰ੍ਹਾਂ ਹੀ ਜੇਕਰ ਪੰਜਾਬੀ ਜਨਰਲ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਸ਼ੇ ’ਚੋਂ 3791 ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਚਿੰਤਾ ਦਾ ਸਬੱਬ ਹੈ।
Read Also : PSEB 12th Result 2026: 12ਵੀਂ ਦੀ ਟਾਪਰ ਸੁਪਨੀਤ ਦਾ ਸੁਫਨਾ ਹਵਾਈ ਫੌਜ ’ਚ ਭਰਤੀ ਹੋਣ ਦਾ
ਆਪਣੇ ਮਾਤ ਭਾਸ਼ਾ ਵਿਸ਼ੇ ’ਚੋਂ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਕਾਫ਼ੀ ਸੁਆਲ ਖੜ੍ਹੇ ਕਰਦਾ ਹੈ। ਇਸ ਵਾਰ ਪੰਜਾਬੀ ਵਿਸ਼ੇ ’ਚ 265040 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ ਤੇ 261249 ਵਿਦਿਆਰਥੀ ਪਾਸ ਹੋਏ ਹਨ। ਪਿਛਲੇ ਸਾਲ ਪੰਜਾਬੀ ਵਿਸ਼ੇ ਵਿੱਚੋਂ 3823 ਵਿਦਿਆਰਥੀ ਫੇਲ੍ਹ ਹੋਏ ਸਨ। ਪੰਜਾਬੀ ਇਲੈਕਵਿਟ ਵਿਸ਼ੇ ਵਿੱਚੋਂ ਵੀ ਇਸ ਵਾਰ 1361 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਵਿਸ਼ੇ ਵਿੱਚ 32918 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ। ਹਿਸਟਰੀ ਵਿਸ਼ਾ ਵੀ ਵਿਦਿਆਰਥੀਆਂ ਲਈ ਔਖਾ ਸਾਬਤ ਹੋਇਆ ਹੈ ਤੇ 7260 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਵਿਸ਼ੇ ’ਚ 115086 ਵਿਦਿਆਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 107826 ਵਿਦਿਆਰਥੀ ਪਾਸ ਹੋਏ ਹਨ।
ਪੋਲਟੀਕਲ ਸਾਇਸ ਵਿਸ਼ੇ ’ਚੋਂ ਸਿਰਫ਼ 738 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ ਪਿਛਲੇ ਸਾਲ ਇਸ ਵਿਸ਼ੇ ਵਿੱਚੋਂ 1361 ਵਿਦਿਆਥੀ ਫੇਲ੍ਹ ਹੋਏ ਸਨ। ਇਸ ਵਿੱਚ 74538 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 73800 ਵਿਦਿਆਰਥੀ ਪਾਸ ਹੋਏ ਹਨ।ਇਸੇ ਤਰ੍ਹਾਂ ਹੀ ਔਖੇ ਮੰਨੇ ਜਾਂਦੇ ਗਣਿਤ ਵਿਸ਼ੇ ’ਚੋਂ 753 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ ਪਿਛਲੇ ਸਾਲ 1116 ਵਿਦਿਆਰਥੀ ਫੇਲ੍ਹ ਹੋਏ ਸਨ। ਇਸ ਵਿੱਚ 40260 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 39507 ਵਿਦਿਆਰਥੀ ਪਾਸ ਹੋਏ ਹਨ। ਇਕਨੋਮਿਕਸ ਵਿਸ਼ੇ ’ਚ 424 ਵਿਦਿਆਰਥੀ ਹੀ ਫੇਲ੍ਹ ਹੋਏ ਹਨ। Education News
ਉਰਦੂ ਵਿਸ਼ੇ ’ਚੋਂ ਕੋਈ ਵਿਦਿਆਰਥੀ ਨਹੀਂ ਹੋਇਆ ਫੇਲ੍ਹ
ਵੱਡੀ ਗੱਲ ਇਹ ਰਹੀ ਕਿ ਉਰਦੂ ਵਿਸ਼ੇ ਵਿੱਚ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਹੋਇਆ। ਇਸ ਵਿਸ਼ੇ ਵਿੱਚ 148 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ ਸਾਰੇ ਵਿਦਿਆਰਥੀ ਹੀ ਪਾਸ ਹੋਏ ਹਨ। ਇਸੇ ਤਰ੍ਹਾਂ ਹੀ ਪਿਛਲੇ ਸਾਲ ਵੀ 162 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 162 ਵਿਦਿਆਰਥੀ ਹੀ ਪਾਸ ਹੋਏ ਸਨ।
ਪੰਜਾਬੀ ਵਿਸ਼ੇ ’ਚੋਂ ਫੇਲ੍ਹ ਹੋਣਾ ਚਿੰਤਾ ਦੀ ਗੱਲ: ਵਿਕਰਮ ਦੇਵ ਸਿੰਘ
ਇੱਧਰ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਦਾ ਕਹਿਣਾ ਹੈ ਕਿ ਅੰਗਰੇਜ਼ੀ ਵਿਸ਼ਾ ਵਿਦਿਆਰਥੀਆਂ ਲਈ ਸ਼ੁਰੂ ਤੋਂ ਹੀ ਹਊਆ ਬਣਿਆ ਰਿਹਾ ਹੈ ਤੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਅੰਗੇਰਜ਼ੀ ਵਿਸ਼ੇ ਨੂੰ ਔਖਾ ਵਿਸ਼ਾ ਮੰਨਣ ਦਾ ਡਰ ਕੱਢਣਾ ਜ਼ਰੂਰੀ ਹੈ। ਉਂਜ ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ੇ ’ਚੋਂ 3791 ਵਿਦਿਆਰਥੀਆਂ ਦਾ ਫੇਲ੍ਹ ਹੋਣਾ ਵੀ ਮਨ ਨੂੰ ਦੁਖੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੀ ਮਾਤ ਭਾਸ਼ਾ ਹੈ ਤੇ ਇਹ ਵਿਸ਼ਾ ਵੀ ਵਿਦਿਆਰਥੀਆਂ ਨੂੰ ਸਹਿਜ ਨਹੀਂ ਜਾਪ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਵੱਖ-ਵੱਖ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਵੀ ਜ਼ਰੂਰੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ’ਚ ਜੱਦੋਂ ਜਹਿਦ ਨਾ ਕਰਨੀ ਪਵੇ।