SDM Office Amloh Protest: ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ: ਨਾਮਜ਼ਦਗੀ ਪੱਤਰਾਂ ਦੀ ਸੂਚੀ ਲੇਟ ਕਰਨ ’ਤੇ ਵਿਰੋਧੀ ਧਿਰਾਂ ਦਾ ਐਸਡੀਐਮ ਦਫ਼ਤਰ ਅਮਲੋਹ ਅੱਗੇ ਧਰਨਾ
‘ਆਪ’ ਵਿਧਾਇਕ ਗੈਰੀ ਬੜਿੰਗ ਦੀ ਸ਼ਹਿ ’ਤੇ ਲਿਸਟ ਜਾਰੀ ਨਾ ਕਰਨ ਦੇ ਲਾਏ ਦੋਸ਼, 6.30 ਵਜੇ ਤੱਕ ਵੀ ਪ੍ਰਸ਼ਾਸਨ ਨਾ ਲਗਾ ਸਕਿਆ ਸੂਚੀ
SDM Office Amloh Protest: (ਅਨਿਲ ਲੁਟਾਵਾ) ਅਮਲੋਹ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਚੋਣਾਂ ਨੂੰ ਲੈ ਕੇ ਅੱਜ ਐਸਡੀਐਮ ਦਫ਼ਤਰ ਅਮਲੋਹ ਅੱਗੇ ਵਿਰੋਧੀ ਧਿਰਾਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ,ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਭਾਜਪਾ ਆਗੂ ਪ੍ਰਦੀਪ ਕੁਮਾਰ ਗਰਗ, ਭਾਜਪਾ ਆਗੂ ਕੰਵਰਜੀਤ ਸਿੰਘ ਟੌਹੜਾ, ਦੇਵੀ ਦਿਆਲ ਪ੍ਰਸਾਰ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਵਰਕਰ ਤੇ ਆਗੂਆਂ ਨੇ ਸਾਂਝਾ ਧਰਨਾ ਲਾਇਆ।
ਇਹ ਵੀ ਪੜ੍ਹੋ:ED Raid: ਤਰਨਤਾਰਨ 'ਚ ਸੁਨਿਆਰੇ ਦੇ ਘਰ ਅਤੇ ਦੁਕਾਨ 'ਤੇ ਈਡੀ ਦੀ ਛਾਪੇਮਾਰੀ
ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਅੱਜ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਜਾਂ ਰੱਦ ਕਰਨ ਸਬੰਧੀ ਸੂਚੀ ਜਾਰੀ ਕਰਨ ’ਚ ‘ਆਪ’ ਸਰਕਾਰ ਦੇ ਵਿਧਾਇਕ ਗੈਰੀ ਬੜਿੰਗ ਦੀ ਸ਼ਹਿ ’ਤੇ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਨਿਯਮਾਂ ਮੁਤਾਬਕ ਅੱਜ ਕਾਗਜ਼ਾਂ ’ਤੇ ਇਤਰਾਜ਼ ਦਾ ਸਮਾਂ 11 ਵਜੇ ਤੋਂ 3 ਵਜੇ ਤੱਕ ਸੀ। ਪਰ ਖ਼ਬਰ ਲਿਖੇ ਜਾਣ ਤੱਕ ਸ਼ਾਮ 6.30 ਵਜੇ ਤੱਕ ਵੀ ਪ੍ਰਸ਼ਾਸਨ ਸਹੀ ਜਾਂ ਰੱਦ ਕੀਤੇ ਕਾਗਜ਼ਾਂ ਦੀ ਸੂਚੀ ਨਹੀਂ ਲਗਾ ਸਕਿਆ। ਇਸ ਦੌਰਾਨ ਸਮੁੱਚੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਚੋਣ ਪ੍ਰਕਿਰਿਆ ’ਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਨਿਰਪੱਖਤਾ ਨਾਲ ਕੰਮ ਕਰੇ ਤੇ ਤੁਰੰਤ ਸੂਚੀ ਜਾਰੀ ਕਰੇ। ਧਰਨਾ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।