Punjab
Rajasthan Feeder Canal: ਨਵੀਂ ਬਣੀ ਰਾਜਸਥਾਨ ਫੀਡਰ ਨਹਿਰ ’ਚ 100 ਫੁੱਟ ਦਾ ਪਾੜ, ਵੱਡੇ ਨੁਕਸਾਨ ਤੋਂ ਬਚਾਅ
ਅੱਜ ਪਹਿਲੇ ਦਿਨ ਹੀ ਪਾਣੀ ਛੱਡਿਆ ਗਿਆ ਸੀ ਤੇ ਕੁਝ ਸਮੇਂ ਬਾਅਦ ਹੀ ਪਿੰਡ ਵਾਲੇ ਪਾਸੇ ਨਹਿਰ ਟੁੱਟ ਗਈ
ਫ਼ਰੀਦਕੋਟ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਫਿਡੇ ਕਲਾਂ ਨੇੜੇ ਅੱਜ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਨਵੀਂ ਬਣੀ ਰਾਜਸਥਾਨ ਫੀਡਰ ਨਹਿਰ ’ਚ ਕਰੀਬ 100 ਫੁੱਟ ਤੋਂ ਵੱਧ ਦਾ ਪਾੜ ਪੈ ਗਿਆ। ਜਾਣਕਾਰੀ ਮੁਤਾਬਕ ਨਹਿਰ ’ਚ ਅੱਜ ਪਹਿਲੇ ਦਿਨ ਹੀ ਪਾਣੀ ਛੱਡਿਆ ਗਿਆ ਸੀ ਤੇ ਕੁਝ ਸਮੇਂ ਬਾਅਦ ਹੀ ਪਿੰਡ ਵਾਲੇ ਪਾਸੇ ਨਹਿਰ ਟੁੱਟ ਗਈ। ਪਾੜ ਪੈਣ ਦੀ ਖ਼ਬਰ ਮਿਲਦਿਆਂ ਹੀ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਗਨੀਮਤ ਇਹ ਰਹੀ ਕਿ ਇਸ ਘਟਨਾ ਕਾਰਨ ਕਿਸੇ ਕਿਸਮ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਨਹਿਰ ਦੀ ਸਾਲ 2023 ’ਚ ਵੀ ਮੁਰੰਮਤ ਕੀਤੀ ਗਈ ਸੀ।
Read Also : Uttarakhand Rainfall: ਟੀਹਰੀ ’ਚ ਭਾਰੀ ਮੀਂਹ ਕਾਰਨ ਤਬਾਹੀ, ਭਾਰੀ ਨੁਕਸਾਨ
ਉਨ੍ਹਾਂ ਕਿਹਾ ਕਿ ਉਸ ਸਮੇਂ ਬਣੀ ਲਾਈਨਿੰਗ ਦਾ ਜੋੜ ਕਮਜ਼ੋਰ ਹੋਣ ਕਾਰਨ ਮਿੱਟੀ ਬੈਠ ਗਈ, ਜਿਸ ਨਾਲ ਇਹ ਪਾੜ ਪਿਆ। ਉਨ੍ਹਾਂ ਕਿਹਾ ਕਿ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 250 ਮਜ਼ਦੂਰ ਮੁਰੰਮਤ ਕੰਮ ’ਚ ਲੱਗੇ ਹੋਏ ਹਨ ਤੇ ਸ਼ਾਮ ਤੱਕ ਪਾੜ ਨੂੰ ਪੂਰੀ ਤਰ੍ਹਾਂ ਭਰ ਦਿੱਤਾ ਜਾਵੇਗਾ। ਦੂਜੇ ਪਾਸੇ ਪਿੰਡ ਵਾਸੀਆਂ ਨੇ ਨਹਿਰ ਦੇ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਪਹਿਲੇ ਹੀ ਦਿਨ ਨਹਿਰ ਦਾ ਇਹ ਹਾਲ ਹੋ ਗਿਆ ਹੈ ਤਾਂ ਭਵਿੱਖ ’ਚ ਹਾਲਾਤ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰੋਜੈਕਟ ਨਾਲ ਜੁੜੇ ਠੇਕੇਦਾਰਾਂ ਤੇ ਅਧਿਕਾਰੀਆਂ ਦੀ ਸੀਬੀਆਈ ਜਾਂਚ ਕਰਵਾਈ ਜਾਵੇ। Rajasthan Feeder Canal