Jalandhar News: ਜਲੰਧਰ ’ਚ ਚੱਲਦੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ

ਡਰਾਈਵਰ ਦੀ ਜ਼ਿੰਦਾ ਸੜਨ ਕਾਰਨ ਮੌਤ

Khushdeep Singh Picture
Published On

Jalandhar News: ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ਦੇ ਫੋਲੜੀਵਾਲ ਇਲਾਕੇ ’ਚ ਇੱਕ ਚੱਲਦੀ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗਣ ਕਾਰਨ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਦਰਦਨਾਕ ਮੌਤ ਹੋ ਗਈ। ਘਟਨਾ ਦੌਰਾਨ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾ ਕੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਮੌਕੇ ’ਤੇ ਬੁਲਾਉਣਾ ਪਿਆ। ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਡਰਾਈਵਰ ਦੀ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਬਰਾਮਦ ਹੋਈ। ਪੁਲਿਸ ਨੇ ਲਾਸ਼ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਅੱਗ ਲੱਗਣ ਤੋਂ ਬਾਅਦ ਸਕਾਰਪੀਓ ਦੇ ਦਰਵਾਜ਼ੇ ਲਾਕ ਹੋ ਗਏ, ਜਿਸ ਕਾਰਨ ਡਰਾਈਵਰ ਗੱਡੀ ਤੋਂ ਬਾਹਰ ਨਹੀਂ ਨਿਕਲ ਸਕਿਆ। ਪੁਲਿਸ ਅਨੁਸਾਰ ਗੱਡੀ ਅੰਦਰ ਰੱਖਿਆ ਕੋਈ ਡਿਓਡਰੈਂਟ ਜਾਂ ਸਪਰੇ ਫਟਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੋਲੜੀਵਾਲ ’ਚ ਖੇਤਾਂ ਕੋਲ ਬਣੇ ਛੱਪੜ ਨੇੜੇ ਇੱਕ ਚੱਲਦੀ ਸਕਾਰਪੀਓ ਨੂੰ ਅੱਗ ਲੱਗ ਗਈ ਹੈ। ਸਥਾਨਕ ਲੋਕਾਂ ਨੇ ਪਹਿਲਾਂ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ’ਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਕਾਰਨ ਗੱਡੀ ਦੀ ਨੰਬਰ ਪਲੇਟ ਵੀ ਬੁਰੀ ਤਰ੍ਹਾਂ ਸੜ ਗਈ ਸੀ। ਹਾਲਾਂਕਿ ਪੁਲਿਸ ਨੇ ਜਾਂਚ ਦੌਰਾਨ ਗੱਡੀ ਦਾ ਨੰਬਰ ਪਤਾ ਲਾਇਆ ਗਿਆ, ਜੋ ਕਿ ਕਪੂਰਥਲਾ ਜ਼ਿਲ੍ਹੇ ’ਚ ਰਜਿਸਟਰਡ ਹੈ। Jalandhar News

Read Also : Health Tips: ਕੀ ਘਟ ਰਹੀ ਹੈ ਤੁਹਾਡੀ ਸੁਣਨ ਦੀ ਸਮਰੱਥਾ? 

ਇਹ ਗੱਡੀ ਗੁਰਪ੍ਰੀਤ ਸਿੰਘ ਦੇ ਨਾਂਅ ’ਤੇ ਦਰਜ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਮ੍ਰਿਤਕ ਦਾ ਸ਼ਰੀਰ ਬੁਰੀ ਤਰ੍ਹਾਂ ਸੜ ਜਾਣ ਕਾਰਨ ਉਸ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਗੱਡੀ ’ਚੋਂ ਵੀ ਅਜਿਹੀ ਕੋਈ ਵਸਤੂ ਨਹੀਂ ਮਿਲੀ ਜਿਸ ਨਾਲ ਮ੍ਰਿਤਕ ਦੀ ਸ਼ਨਾਖ਼ਤ ਕੀਤੀ ਜਾ ਸਕੇ। ਇਸ ਲਈ ਹੁਣ ਪੁਲਿਸ ਵਾਹਨ ਮਾਲਕ ਦੇ ਜ਼ਰੀਏ ਮ੍ਰਿਤਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਫੋਲੜੀਵਾਲ ਚੌਕੀ ਦੇ ਇੰਚਾਰਜ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਲੱਗਦਾ ਹੈ ਕਿ ਗੱਡੀ ਦੇ ਅੰਦਰ ਰੱਖਿਆ ਕੋਈ ਸਪਰੇ ਜਾਂ ਡਿਓਡਰੈਂਟ ਫਟ ਗਿਆ, ਜਿਸ ਕਾਰਨ ਗੱਡੀ ’ਚ ਅਚਾਨਕ ਹੜਕੰਪ ਮਚ ਗਿਆ। ਇਸ ਦੌਰਾਨ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭੇ ਨਾਲ ਟਕਰਾ ਗਿਆ ਤੇ ਪਾਣੀ ਨਾਲ ਭਰੇ ਖੇਤ ’ਚ ਜਾ ਡਿੱਗਿਆ, ਜਿੱਥੇ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੀ ਪਛਾਣ ਲਈ ਯਤਨ ਜਾਰੀ ਹਨ। Jalandhar News

About The Author

Related Posts