Amritsar News: ਅੰਮ੍ਰਿਤਸਰ ’ਚ ਗਹਿਣਿਆਂ ਦੀ ਦੁਕਾਨ ’ਤੇ ਬੀਆਈਐਸ ਦੀ ਛਾਪੇਮਾਰੀ, 467.44 ਗ੍ਰਾਮ ਸੋਨੇ ਦੇ 95 ਗਹਿਣੇ ਜ਼ਬਤ
ਹਾਲਮਾਰਕਿੰਗ ਨਿਯਮਾਂ ਦੀ ਉਲੰਘਣਾ ਦਾ ਮਾਮਲਾ, 91 ਗਹਿਣਿਆਂ ’ਤੇ ਅਧੂਰੀ ਹਾਲਮਾਰਕਿੰਗ ਅਤੇ 4 ਬਿਨਾਂ ਹਾਲਮਾਰਕ ਦੇ ਮਿਲੇ
Amritsar News: ਅੰਮ੍ਰਿਤਸਰ, (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤੀ ਮਿਆਰ ਬਿਊਰੋ ਦੇ ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਵੱਲੋਂ ਅੰਮ੍ਰਿਤਸਰ ਦੇ ਛੇਹਰਟਾ ਸਥਿਤ ਪ੍ਰਤਾਪ ਬਾਜ਼ਾਰ ਵਿੱਚ ਗਹਿਣਿਆਂ ਦੇ ਇੱਕ ਵਪਾਰਕ ਅਦਾਰੇ ’ਤੇ ਕਾਰਵਾਈ ਕਰਦਿਆਂ ਸੋਨੇ ਦੇ 95 ਗਹਿਣੇ ਜ਼ਬਤ ਕੀਤੇ ਗਏ। ਇਨ੍ਹਾਂ ਗਹਿਣਿਆਂ ਦਾ ਕੁੱਲ ਸਕਲ ਵਜ਼ਨ 467.44 ਗ੍ਰਾਮ ਹੈ। ਇਹ ਕਾਰਵਾਈ ਹਾਲਮਾਰਕਿੰਗ ਨਿਯਮਾਂ ਦੀ ਕਥਿਤ ਉਲੰਘਣਾ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਬੀਆਈਐਸ ਦੇ ਅਧਿਕਾਰੀਆਂ ਨੇ ਅਦਾਰੇ ਵਿੱਚ ਵਿਕਰੀ ਲਈ ਰੱਖੇ ਸੋਨੇ ਦੇ ਗਹਿਣਿਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਕੁੱਲ 95 ਗਹਿਣੇ ਨਿਰਧਾਰਤ ਹਾਲਮਾਰਕਿੰਗ ਮਾਪਦੰਡਾਂ ਦੀ ਪਾਲਣਾ ਨਾ ਕਰਨ ਕਾਰਨ ਜ਼ਬਤ ਕੀਤੇ ਗਏ।
ਅਧਿਕਾਰੀਆਂ ਅਨੁਸਾਰ, ਜ਼ਬਤ ਕੀਤੇ ਗਏ ਗਹਿਣਿਆਂ ਵਿੱਚੋਂ 91 ਗਹਿਣੇ, ਜਿਨ੍ਹਾਂ ਦਾ ਵਜ਼ਨ 447.11 ਗ੍ਰਾਮ ਸੀ, ’ਤੇ ਅਧੂਰੀ ਜਾਂ ਨਿਰਧਾਰਤ ਮਾਪਦੰਡਾਂ ਅਨੁਸਾਰ ਹਾਲਮਾਰਕਿੰਗ ਨਹੀਂ ਸੀ। ਇਨ੍ਹਾਂ ਗਹਿਣਿਆਂ ’ਤੇ ਬੀਆਈਐਸ ਦਾ ਲੋਗੋ ਅਤੇ ‘916’ ਵਰਗੇ ਸ਼ੁੱਧਤਾ ਦੇ ਨਿਸ਼ਾਨ ਮੌਜ਼ੂਦ ਸਨ, ਪਰ ਲਾਜ਼ਮੀ ਐਚਯੂਆਈਡੀ ਜਾਂ ਪੂਰਾ ਹਾਲਮਾਰਕ ਨਹੀਂ ਸੀ। ਇਸ ਤੋਂ ਇਲਾਵਾ 20.33 ਗ੍ਰਾਮ ਵਜ਼ਨ ਦੇ 4 ਗਹਿਣੇ ਨਿਰਧਾਰਤ ਬੀਆਈਐਸ ਹਾਲਮਾਰਕ ਤੋਂ ਬਿਨਾਂ ਮਿਲੇ।
ਇਹ ਵੀ ਪੜ੍ਹੋ: Diljit Dosanjh Concert: ਦਿੱਲੀ ’ਚ 30 ਅਕਤੂਬਰ ਨੂੰ ਹੀ ਹੋਵੇਗਾ ਦਿਲਜੀਤ ਦੋਸਾਂਝ ਦਾ ਸੰਗੀਤ ਸਮਾਰੋਹ
ਬੀਆਈਐਸ ਵੱਲੋਂ ਜ਼ਬਤ ਕੀਤੇ ਗਏ ਗਹਿਣਿਆਂ ਦੀ ਵਿਧੀਵਤ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਭਾਰਤੀ ਮਿਆਰ ਬਿਊਰੋ ਐਕਟ, 2016 ਦੀ ਧਾਰਾ 28 ਤਹਿਤ ਸੀਲਬੰਦ ਕੀਤਾ ਗਿਆ ਹੈ। ਮਾਮਲੇ ਨਾਲ ਸਬੰਧਤ ਸਬੂਤਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਗੂ ਕਾਨੂੰਨੀ ਪ੍ਰਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਬੀਆਈਐਸ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਸੋਨੇ ਦੇ ਗਹਿਣੇ ਖਰੀਦਣ ਸਮੇਂ ਸਿਰਫ਼ ਬੀਆਈਐਸ ਲੋਗੋ ਜਾਂ ‘916’, ‘22ਕੇ916’ ਅਤੇ ‘18ਕੇ750’ ਵਰਗੇ ਨਿਸ਼ਾਨਾਂ ’ਤੇ ਭਰੋਸਾ ਨਾ ਕੀਤਾ ਜਾਵੇ। ਗਹਿਣੇ ’ਤੇ ਨਿਰਧਾਰਤ ਪੂਰਾ ਹਾਲਮਾਰਕ ਦੇਖਣ ਦੇ ਨਾਲ ਛੇ ਅੱਖਰਾਂ ਅਤੇ ਅੰਕਾਂ ਵਾਲੇ ਐਚਯੂਆਈਡੀ ਦੀ ਤਸਦੀਕ ਵੀ ਜ਼ਰੂਰ ਕੀਤੀ ਜਾਵੇ। ਬੀਆਈਐਸ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਹਾਲਮਾਰਕ ਵਾਲੇ ਗਹਿਣਿਆਂ ਦੀ ਵਿਕਰੀ, ਅਧੂਰੀ ਹਾਲਮਾਰਕਿੰਗ ਜਾਂ ਬੀਆਈਐਸ ਹਾਲਮਾਰਕ ਦੀ ਕਥਿਤ ਦੁਰਵਰਤੋਂ ਸਬੰਧੀ ਜਾਣਕਾਰੀ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ।