Rajya Sabha Elections: ਰਾਜ ਸਭਾ ਦੀਆਂ 24 ਸੀਟਾਂ ਲਈ ਚੋਣਾਂ ਅਤੇ ਦੋ ਸੀਟਾਂ ਲਈ ਉਪ ਚੋਣਾਂ ਦਾ ਐਲਾਨ
18 ਜੂਨ ਨੂੰ ਹੋਵੇਗੀ ਵੋਟਿੰਗ
Rajya Sabha Elections: ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਚੋਣ ਕਮਿਸ਼ਨ ਨੇ ਜੂਨ-ਜੁਲਾਈ ਵਿੱਚ ਸੇਵਾ ਮੁਕਤ ਹੋਣ ਵਾਲੇ 24 ਰਾਜ ਸਭਾ ਮੈਂਬਰਾਂ ਦੀਆਂ ਸੀਟਾਂ ਲਈ ਦੋ-ਸਾਲਾ ਚੋਣਾਂ ਅਤੇ ਮਹਾਂਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਖਾਲੀ ਹੋਣ ਵਾਲੀਆਂ ਦੋ ਸੀਟਾਂ ਲਈ ਉਪ-ਚੋਣਾਂ ਦਾ ਐਲਾਨ ਕੀਤਾ ਹੈ। ਸਾਰੀਆਂ ਸੀਟਾਂ ਲਈ ਵੋਟਿੰਗ 18 ਜੂਨ ਨੂੰ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ। ਚੋਣ ਕਮਿਸ਼ਨ ਦੇ ਅਨੁਸਾਰ, 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਦੋ-ਸਾਲਾ ਚੋਣਾਂ ਹੋਣਗੀਆਂ।
ਇਨ੍ਹਾਂ ਸੀਟਾਂ 'ਤੇ ਮੌਜੂਦਾ ਮੈਂਬਰਾਂ ਦਾ ਕਾਰਜਕਾਲ ਜੂਨ ਅਤੇ ਜੁਲਾਈ ਵਿੱਚ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਮਹਾਂਰਾਸ਼ਟਰ ਅਤੇ ਤਾਮਿਲਨਾਡੂ ਤੋਂ ਇੱਕ-ਇੱਕ ਰਾਜ ਸਭਾ ਸੀਟ ਖਾਲੀ ਹੋਣ ਕਾਰਨ ਉਪ-ਚੋਣਾਂ ਵੀ ਹੋਣਗੀਆਂ। ਮਹਾਂਰਾਸ਼ਟਰ ਦੀ ਸੀਟ 6 ਮਈ ਨੂੰ ਸੁਨੇਤਰਾ ਅਜੀਤ ਪਵਾਰ ਦੇ ਅਸਤੀਫ਼ੇ ਅਤੇ ਤਾਮਿਲਨਾਡੂ ਦੀ ਸੀਟ 7 ਮਈ ਨੂੰ ਸੀ.ਵੀ. ਸ਼ਨਮੁਗਮ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ। ਇਨ੍ਹਾਂ ਦੋਵਾਂ ਸੀਟਾਂ ਦੀ ਮਿਆਦ ਕ੍ਰਮਵਾਰ 4 ਜੁਲਾਈ, 2028 ਅਤੇ 29 ਜੂਨ, 2028 ਸੀ। ਕਮਿਸ਼ਨ ਦੇ ਸ਼ਡਿਊਲ ਅਨੁਸਾਰ, ਚੋਣ ਨੋਟੀਫਿਕੇਸ਼ਨ 1 ਜੂਨ ਨੂੰ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab Weather Alert: ਪੰਜਾਬ ’ਚ ਤੇਜ਼ ਤੂਫਾਨ ਤੇ ਮੀਂਹ ਦਾ ਅਲਰਟ, ਕਈ ਜ਼ਿਲ੍ਹਿਆਂ ’ਚ ਮੌਸਮ ਵਿਭਾਗ ਦੀ ਚਿਤਾਵਨੀ
। ਵੋਟਿੰਗ 18 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਉਸੇ ਦਿਨ ਸ਼ਾਮ 5 ਵਜੇ ਗਿਣਤੀ ਸ਼ੁਰੂ ਹੋਵੇਗੀ। ਚੋਣ ਪ੍ਰਕਿਰਿਆ 20 ਜੂਨ ਤੱਕ ਪੂਰੀ ਹੋ ਜਾਵੇਗੀ।
ਚੋਣ ਕਮਿਸ਼ਨ ਦੇ ਅਨੁਸਾਰ, ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਵਿੱਚ ਚਾਰ-ਚਾਰ ਸੀਟਾਂ; ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਤਿੰਨ-ਤਿੰਨ; ਝਾਰਖੰਡ ਵਿੱਚ ਦੋ ਅਤੇ ਮਨੀਪੁਰ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਮੇਘਾਲਿਆ ਵਿੱਚ ਇੱਕ-ਇੱਕ ਸੀਟਾਂ ਲਈ ਵੋਟਿੰਗ ਹੋਵੇਗੀ। ਰਾਜ ਸਭਾ ਤੋਂ ਸੇਵਾ ਮੁਕਤ ਹੋਣ ਵਾਲੇ ਮੈਂਬਰਾਂ ਦੇ ਨਾਮ ਹਨ : ਆਂਧਰਾ ਪ੍ਰਦੇਸ਼ ਤੋਂ ਅਯੁੱਧਿਆ ਰਾਮੀ ਰੈਡੀ ਅੱਲਾ, ਨਥਵਾਣੀ ਪਰੀਮਲ, ਪਿਲੀ ਸੁਭਾਸ਼ਚੰਦਰ ਬੋਸ ਅਤੇ ਸਨਾ ਸਤੀਸ਼ ਬਾਬੂ। ਗੁਜਰਾਤ ਤੋਂ ਰਾਮਭਾਈ ਹਰਜੀਭਾਈ ਮੋਕਾਰੀਆ, ਅਮੀਨ ਨਰਹਰੀ ਹੀਰਾਭਾਈ, ਗੋਹਿਲ ਸ਼ਕਤੀਸਿੰਘਜੀ ਹਰੀਚੰਦਰਸਿੰਘਜੀ ਅਤੇ ਰਮੀਲਾ ਬੇਚਰਭਾਈ ਬਾਰਾ। ਝਾਰਖੰਡ ਤੋਂ ਦੀਪਕ ਪ੍ਰਕਾਸ਼ ਅਤੇ ਸ਼ਿਬੂ ਸੋਰੇਨ। ਮੱਧ ਪ੍ਰਦੇਸ਼ ਤੋਂ ਦਿਗਵਿਜੇ ਸਿੰਘ, ਜਾਰਜ ਕੁਰੀਅਨ ਅਤੇ ਸੁਮੇਰ ਸਿੰਘ ਸੋਲੰਕੀ। ਮਨੀਪੁਰ ਤੋਂ ਮਹਾਰਾਜਾ ਸਨਜਾਓਬਾ ਲੀਸ਼ੇਮਬਾ।
ਮੇਘਾਲਿਆ ਤੋਂ ਵਾਨਵੀਰੋਏ ਖਾਰਲੁਖੀ। ਰਾਜਸਥਾਨ ਤੋਂ ਨੀਰਜ ਡਾਂਗੀ, ਰਾਜਿੰਦਰ ਗਹਿਲੋਤ ਅਤੇ ਰਵਨੀਤ ਸਿੰਘ। ਅਰੁਣਾਚਲ ਪ੍ਰਦੇਸ਼ ਤੋਂ ਨਬਾਮ ਰੇਬੀਆ। ਕਰਨਾਟਕ ਤੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ, ਨਾਰਾਇਣ ਕੋਰਗੱਪਾ ਅਤੇ ਈਰਾਨਾ ਕਡਾਡੀ। ਮਿਜ਼ੋਰਮ ਤੋਂ ਕੇ.ਵਨਲਾਲਵੇਨਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ।