Bathinda News: ਸਿਰਫ਼ 5 ਘੰਟਿਆਂ ’ਚ ਮਰਦਮਸ਼ੁਮਾਰੀ ਦਾ ਕੰਮ ਮੁਕੰਮਲ ਕਰਕੇ ਮਾ. ਰਾਜਿੰਦਰ ਸਿੰਘ ਇੰਸਾਂ ਨੇ ਬਣਾਇਆ ਕੌਮੀ ਰਿਕਾਰਡ
ਚੰਡੀਗੜ੍ਹ ਸੈਨਸਜ਼ ਟੀਮ ਨੇ ਮੌਕੇ ’ਤੇ ਪੁੱਜ ਕੇ ਅਧਿਆਪਕ ਨੂੰ ਦਿੱਤੀ ਵਧਾਈ
ਬਠਿੰਡਾ (ਸੁਖਜੀਤ ਮਾਨ)। ਦੇਸ਼ ਪੱਧਰ ’ਤੇ ਚੱਲ ਰਹੇ ਨੈਸ਼ਨਲ ਮਰਦਮਸ਼ੁਮਾਰੀ ਸਰਵੇ ਦਾ ਵੱਖ-ਵੱਖ ਸੁੂਬਿਆਂ ਅੰਦਰ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਸਰਵੇ ਸਬੰਧੀ ਵੱਡੇ ਪੱਧਰ ’ਤੇ ਅਧਿਆਪਕਾਂ ਦੀਆਂ ਡਿਊਟੀਆਂ ਲੱਗਣ ਕਾਰਨ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਵੀ ਦਾਅ ’ਤੇ ਲੱਗੀ ਹੋਈ ਹੈ।
ਦੂਜੇ ਪਾਸੇ ਬਹੁਤ ਹੀ ਮਹੱਤਵਪੂਰਨ ਸਮਝੇ ਜਾਂਦੇ ਇਸ ਰਾਸ਼ਟਰੀ ਸਰਵੇ ’ਚ ਵੱਡੀ ਖੱਜਲ-ਖੁਆਰੀ ਦੇ ਨਾਲ-ਨਾਲ ਉੱਪਰੋਂ ਗਰਮੀ ਦੇ ਕਹਿਰ ਕਾਰਨ ਸਕੂਲੀ ਅਧਿਆਪਕਾਂ ਲਈ ਵੀ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ, ਜਿਸ ਕਾਰਨ ਆਨੀ-ਬਹਾਨੀਂ ਅਧਿਆਪਕਾਂ ਵੱਲੋਂ ਇਸ ਡਿਊਟੀ ਨੂੰ ਕਟਵਾਉਣ ਲਈ ਵੀ ਚਾਰਜੋਈਆਂ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਬਠਿੰਡਾ ਦੇ ਨੇਹੀਆਂਵਾਲਾ ਬਲਾਕ 0251 ਦੇ ਗਿਣਤੀਕਾਰ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਮਰਦਮਸ਼ੁਮਾਰੀ ਦੇ ਪਹਿਲੇ ਦਿਨ ਹੀ ਅੱਜ ਆਪਣੇ ਬਲਾਕ ਦਾ ਸਾਰਾ ਆਨਲਾਈਨ ਕੰਮ ਸਿਰਫ਼ 5 ਘੰਟਿਆਂ ’ਚ ਮੁਕੰਮਲ ਕਰਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ।
ਰਾਸ਼ਟਰੀ ਸਰਵੇ ਮੁਕੰਮਲ ਕਰਨ ਦਾ ਇਹ ਰਿਕਾਰਡ ਸਿਰਫ ਜ਼ਿਲ੍ਹਾ ਬਠਿੰਡਾ ਪੱਧਰ ਜਾਂ ਪੰਜਾਬ ਪੱਧਰ ’ਤੇ ਨਾ ਹੋ ਕੇ ਪੂਰੇ ਦੇਸ਼ ਪੱਧਰ ’ਤੇ ਕਾਇਮ ਕੀਤਾ ਹੈ। ਇਹ ਰਿਕਾਰਡ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗਿਣਤੀਕਾਰ ਅਧਿਆਪਕ ਅਮਿਤ ਯਾਦਵ ਦੇ ਨਾਂਅ ਸੀ, ਜਿਸ ਨੇ ਇਹ ਕੰਮ ਇੱਕ ਦਿਨ ਵਿੱਚ ਪੂਰਾ ਕੀਤਾ ਸੀ। ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਇੰਸਾਂ ਵੱਲੋਂ ਸਿਰਫ 5 ਘੰਟਿਆਂ ’ਚ ਹੀ ਸਰਵੇ ਮੁਕੰਮਲ ਕਰਨ ਦਾ ਪਤਾ ਜਿਵੇਂ ਹੀ ਮਰਦਮਸ਼ੁਮਾਰੀ ਵਿਭਾਗ ਦੀ ਸਟੇਟ ਟੀਮ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਨਹੀਆਂਵਾਲਾ ਬਲਾਕ 0251 ਪੁੱਜ ਕੇ ਅਧਿਆਪਕ ਰਾਜਿੰਦਰ ਸਿੰਘ ਅਤੇ ਸੁਪਰਵਾਈਜ਼ਰ ਨੂੰ ਸ਼ਾਨਦਾਰ ਡਿਊਟੀ ਲਈ ਵਧਾਈ ਦਿੱਤੀ।
ਵਿਸ਼ੇਸ਼ ਵਿਜ਼ਿਟ ਲਈ ਪਿੰਡ ਨਹੀਆਂਵਾਲਾ ਪੁੱਜੇ ਚੰਡੀਗੜ੍ਹ ਤੋਂ ਪੁੱਜੇ ਸਹਾਇਕ ਡਾਇਰੈਕਟਰ ਵਿਨੋਦ ਕੁਮਾਰ ਯਾਦਵ ਤੇ ਜਾਂਚ ਅਧਿਕਾਰੀ ਗੁਲਸ਼ਨ ਕਸ਼ਿਅਪ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਅੱਜ ਸ਼ੁਰੂ ਹੋਏ ਆਨ ਲਾਈਨ ਸਰਵੇ ਦੇ ਪਹਿਲੇ ਦਿਨ ਜਿੱਥੇ ਜ਼ਿਆਦਾਤਰ ਗਿਣਤੀਕਾਰ ਅਧਿਆਪਕ ਅਜੇ ਆਪਣੇ ਬਲਾਕਾਂ ਅੰਦਰ ਘਰਾਂ ਦੇ ਨੰਬਰ ਲਾਉਣ ਅਤੇ ਨਜ਼ਰੀ ਨਕਸ਼ੇ ਬਣਾਉਣ ਵਿੱਚ ਹੀ ਲੱਗੇ ਹੋਏ ਹਨ ਪਰ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਅੱਜ ਦੁਪਹਿਰ ਤੋਂ ਪਹਿਲਾਂ ਹੀ ਇਹ ਸਰਵੇ ਦਾ ਆਨਲਾਈਨ ਕੰਮ ਮੋਬਾਇਲ ਐਪ ’ਤੇ ਪੂਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਰਵੇ ਦੇ ਕੰਮ ਨੂੰ ਔਖਾ ਸਮਝ ਕੇ ਘਬਰਾਏ ਹੋਏ ਵੱਡੀ ਗਿਣਤੀ ਅਧਿਆਪਕਾਂ ਨੂੰ ਰਾਜਿੰਦਰ ਸਿੰਘ ਇੰਸਾਂ ਦਾ ਕੰਮ ਦੇਖ ਕੇ ਹੌਂਸਲਾ ਜ਼ਰੂਰ ਮਿਲੇਗਾ। ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਭਾਵਂੇ ਉਨ੍ਹਾਂ ਨੇ ਆਪਣੇ ਬਲਾਕ ਦਾ ਕੰਮ ਮੁਕੰਮਲ ਕਰ ਲਿਆ ਹੈ ਪਰ ਉਹ ਬੈਠਣ ਦੀ ਬਜਾਏ ਆਪਣੇ ਸਾਥੀ ਅਧਿਆਪਕਾਂ ਦੇ ਸਰਵੇ ਵਿੱਚ ਉਨ੍ਹਾਂ ਦਾ ਹੱਥ ਵਟਾ ਕੇ ਦੇਸ਼ ਸੇਵਾ ’ਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਸੁਪਰਵਾਈਜ਼ਰ ਬਲਜਿੰਦਰ ਕੌਰ ਮਹਿਮੀ ਵੀ ਇੱਥੇ ਹਾਜ਼ਰ ਸਨ ।
ਰਾਜਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਇਹ ਸਾਰਾ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਅਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਨੂੰ ਦੇਖ ਕੇ ਹੋਰ ਗਿਣਤੀਕਾਰ ਅਧਿਆਪਕਾਂ ਨੂੰ ਵੀ ਹੌਸਲਾ ਮਿਲੇਗਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂ ਉਨ੍ਹਾਂ ਨੇ ਆਪਣੇ ਬਲਾਕ ਦਾ ਕੰਮ ਪੂਰਾ ਕਰ ਲਿਆ ਹੈ, ਫਿਰ ਵੀ ਉਹ ਆਪਣੇ ਸਾਥੀਆਂ ਦੇ ਸਰਵੇ ’ਚ ਮੱਦਦ ਕਰਕੇ ਦੇਸ਼ ਸੇਵਾ ’ਚ ਯੋਗਦਾਨ ਦੇਣਗੇ ਇਸ ਮੌਕੇ ਸੁਪਰਵਾਈਜ਼ਰ ਬਲਜਿੰਦਰ ਕੌਰ ਵੀ ਹਾਜ਼ਰ ਸਨ
ਨੈਸ਼ਨਲ ਐਵਾਰਡੀ ਹਨ ਅਧਿਆਪਕ ਰਜਿੰਦਰ ਸਿੰਘ ਇੰਸਾਂ
ਇਸ ਮੌਕੇ ਹਾਜ਼ਰ ਲੈਕਚਰਾਰ ਬਲਜੀਤ ਸਿੰਘ ਨੇ ਸਟੇਟ ਟੀਮ ਦੇ ਧਿਆਨ ’ਚ ਲਿਆਂਦਾ ਕਿ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਬਠਿੰਡਾ ਜ਼ਿਲ੍ਹੇ ਦੇ ਪਹਿਲੇ ਨੈਸ਼ਨਲ ਅਵਾਰਡੀ ਅਧਿਆਪਕ ਹਨ, ਜਿਨ੍ਹਾਂ ਨੂੰ ਉਹਨਾਂ ਦੀਆਂ ਬਹੁ-ਪੱਖੀ ਅਧਿਆਪਨ ਉਪਲੱਬਧੀਆਂ ਕਾਰਨ ਮਾਣਯੋਗ ਰਾਸ਼ਟਰਪਤੀ ਪਾਸੋਂ ਵੀ ਸਨਮਾਨਿਤ ਕੀਤਾ ਸੀ। ਰਾਜਿੰਦਰ ਸਿੰਘ ਇੰਸਾਂ ਬਾਰੇ ਕੌਮੀ ਅਧਿਆਪਕ ਦੀ ਪ੍ਰਾਪਤੀ ਸੁਣ ਕੇ ਜਾਂਚ ਟੀਮ ਹੋਰ ਵੀ ਜ਼ਿਆਦਾ ਖੁਸ਼ ਅਤੇ ਪ੍ਰਭਾਵਿਤ ਹੋਈ।