Sunam News: ਸੁਨਾਮ ਬਲਾਕ ’ਚ ਸਕੂਲੀ ਬੱਚਿਆਂ ਦੀ ਸੁਰੱਖਿਆ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਵਿਸ਼ੇਸ਼ ਚੈਕਿੰਗ
10 ਸਕੂਲੀ ਬੱਸਾਂ ਦੇ ਕੀਤੇ ਚਲਾਨ
Punjab School News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ, ਸੁਨਾਮ ਬਲਾਕ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਵੱਖ-ਵੱਖ ਸਕੂਲਾਂ ’ਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਸਕੂਲੀ ਬੱਸਾਂ, ਡਰਾਈਵਰਾਂ ਦੇ ਲਾਜ਼ਮੀ ਦਸਤਾਵੇਜ਼ ਤੇ ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਕੀਤੀਆਂ ਵਿਵਸਥਾਵਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਕੁੱਲ 10 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ।
ਇਹ ਚਲਾਨ ਰਜਿਸਟ੍ਰੇਸ਼ਨ ਦੀ ਕਮੀ, ਫਿਟਨੈੱਸ ਤੇ ਇਨਸ਼ੋਰੈਂਸ ਸਰਟੀਫਿਕੇਟ ਦੀ ਅਣਉਪਲਬਧਤਾ, ਡਰਾਈਵਰਾਂ ਦੀ ਹਾਜ਼ਰੀ ਰਿਕਾਰਡ ’ਚ ਕਮੀਆਂ, ਨਿਯਮਾਂ ਅਨੁਸਾਰ ਯੂਨੀਫਾਰਮ ਦੀ ਪਾਲਣਾ ਨਾ ਹੋਣਾ, ਫਾਇਰ ਸਿਲੈਂਡਰ, ਫ਼ਸਟ ਏਡ ਬਾਕਸ, ਲੇਡੀ ਕੰਡਕਟਰ ਨਾ ਹੋਣਾ ਤੇ ਹੋਰ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਾਰਨ ਜਾਰੀ ਕੀਤੇ ਗਏ। ਇਸ ਚੈਕਿੰਗ ਮੁਹਿੰਮ ਨੂੰ ਸਫਲਤਾਪੂਰਵਕ ਅੰਜਾਮ ਦੇਣ ਲਈ ਟਾਸਕ ਫੋਰਸ ਦੇ ਮੈਂਬਰਾਂ ਪੁਲਿਸ ਤੋਂ ਨਿਰਭੈ ਸਿੰਘ ਤੇ ਦਾਨ ਸਿੰਘ, ਸਿੱਖਿਆ ਵਿਭਾਗ ਤੋਂ ਗੁਰਜਿੰਦਰ ਸਿੰਘ, ਡੀਸੀਪੀਯੂ ਨਿਰਮਲ ਕੌਰ ਤੇ ਰੁਪਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਗਈ।
Read Also : IMD Weather Forecast: ਓਡੀਸ਼ਾ ’ਚ ਗਰਮੀ ਕਾਰਨ ਦੁਪਹਿਰ ਵੇਲੇ ਜਨਗਣਨਾ ਰੋਕੀ
ਟਾਸਕ ਫੋਰਸ ਵੱਲੋਂ ਸੰਬੰਧਿਤ ਸਕੂਲ ਪ੍ਰਬੰਧਕਾਂ ਤੇ ਬੱਸ ਚਾਲਕਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਸੰਬੰਧੀ ਜਾਰੀ ਹਦਾਇਤਾਂ ਤੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਪਾਈ ਜਾਣ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਚੇਤਾਵਨੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਤਰ੍ਹਾਂ ਦੇ ਚੈਕਿੰਗ ਅਭਿਆਨ ਅਗਾਂਹ ਵੀ ਨਿਰੰਤਰ ਜਾਰੀ ਰਹਿਣਗੀਆਂ। Punjab School News
