Motivational News: ਬੈਂਗਲੁਰੂ ਦੇ ਆਟੋ ਚਾਲਕ ਦਾ ਸ਼ਾਨਦਾਰ ਉਪਰਾਲਾ, ਹੋ ਰਹੀ ਐ ਚਰਚਾ

ਕਿਤਾਬਾਂ ਵਾਲਾ ਆਟੋ, ਸਫ਼ਰ ਹੋਵੇਗਾ ਹੋਰ ਵੀ ਗਿਆਨ ਵਧਾਊ

Ravinder Sharma Picture
Published On

ਬੰਗਲੁਰੂ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਤੋਂ ਇੱਕ ਦਿਲ ਨੂੰ ਛੂਹਣ ਵਾਲੀ ਪਹਿਲ ਸਾਹਮਣੇ ਆਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਹਾਨਗਰ ਦੇ ਇੱਕ ਆਟੋ-ਰਿਕਸ਼ਾ ਚਾਲਕ ਨੇ ਆਪਣੇ ਆਟੋ ਨੂੰ ਇੱਕ ਛੋਟੀ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਨਾਲ ਸਵਾਰੀਆਂ ਲਈ ਰੋਜ਼ਾਨਾ ਦਾ ਸਫਰ ਇੱਕ ਦਿਲਚਸਪ, ਗਿਆਨਵਧਾਊ ਅਤੇ ਸਮਰੱਥ ਕਰਨ ਵਾਲਾ ਤਜ਼ਰਬਾ ਬਣ ਗਿਆ ਹੈ।

Motivational-News

ਇਹ ਪਹਿਲ ਇੱਕ ਪਾਸੇ ਨਿੱਜੀ ਰੁਚੀ ਨੂੰ ਪੂਰਾ ਕਰਦੀ ਹੈ, ਜਦੋਂਕਿ ਦੂਜੇ ਪਾਸੇ ਸੱਭਿਆਚਾਰਕ ਜਾਗਰੂਕਤਾ ਨੂੰ ਵੀ ਵਧਾਉਂਦੀ ਹੈ। ਰਿਪੋਰਟਾਂ ਅਨੁਸਾਰ 26 ਅਪਰੈਲ ਨੂੰ ਬੈਂਗਲੁਰੂ ਵਿੱਚ ਅਕਸ਼ੈ ਚਕਾਲਬੱਬੇਦੀ ਨੇ ਇਹ ਅਨੋਖਾ ਢੰਗ ਤੇ ਸੋਚ ਨੂੰ ਪੇਸ਼ ਕੀਤਾ। ਬੰਗਲੁਰੂ ਇੱਕ ਅਜਿਹਾ ਸ਼ਹਿਰ ਹੈ, ਜੋ ਆਪਣੇ ਭਾਰੀ ਟਰੈਫਿਕ ਜਾਮ ਲਈ ਜਾਣਿਆ ਜਾਂਦਾ ਹੈ, ਜਿੱਥੇ ਮੁਸਾਫ਼ਰਾਂ ਨੂੰ ਅਕਸਰ ਸੜਕ ’ਤੇ ਲੰਮਾ ਸਮਾਂ ਬਿਤਾਉਣਾ ਪੈਂਦਾ ਹੈ। ਅਕਸ਼ੈ ਨੇ ਸਫਰ ਦੀ ਰੋਜ਼ਮਰ੍ਹਾ ਦੀ ਬੇਰਸੀ ਤੇ ਬੋਰਿੰਗ ਨੂੰ ਦੂਰ ਕਰਦੇ ਹੋਏ ਆਪਣੇ ਆਟੋ-ਰਿਕਸ਼ਾ ਵਿੱਚ ਇੱਕ ਛੋਟੀ ਬੁੱਕਸ਼ੈਲਫ ਲਾਈ ਹੈ।

ਇਸ ਵਿੱਚ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਅਤੇ ਪ੍ਰੇਰਣਾਦਾਈ ਕਿਤਾਬਾਂ ਜਚਾ ਕੇ ਨਾਲ ਰੱਖੀਆਂ ਹੋਈਆਂ ਹਨ, ਜਿਸ ਨਾਲ ਸਵਾਰੀਆਂ ਨੂੰ ਸਫਰ ਦੌਰਾਨ ਕੋਈ ਵੀ ਕਿਤਾਬ ਚੁੱਕ ਕੇ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਨਾਲ ਇਹ ਸਫਰ ਸਿਰਫ ਇੱਕ ਥਾਂ ਤੋਂ ਦੂਜੇ ਥਾਂ ਜਾਣ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇੱਕ ਮਾਇਨੇਦਾਰ ਤਜ਼ਰਬਾ ਬਣ ਜਾਂਦਾ ਹੈ। ਇਸ ਪਹਿਲ ਵਿੱਚ ਕੁਝ ਹੋਰ ਚੰਗੀਆਂ ਚੀਜ਼ਾਂ ਵੀ ਸ਼ਾਮਲ ਹਨ, ਜਿਵੇਂ ਸਵਾਰੀਆਂ ਲਈ ਟੌਫੀਆਂ ਦਾ ਡੱਬਾ, ਜੋ ਇਸ ਸੇਵਾ ਨੂੰ ਹੋਰ ਨਿੱਜੀ ਅਤੇ ਖੁਸ਼ਗਵਾਰ ਬਣਾਉਂਦਾ ਹੈ। ਇਸ ਕੋਸ਼ਿਸ਼ ਦਾ ਮਕਸਦ ਲੋਕਾਂ ਨੂੰ ਮੋਬਾਇਲ ਫੋਨਾਂ ਤੋਂ ਦੂਰ ਕਰਕੇ ਪੜ੍ਹਨ ਦੀ ਆਦਤ ਨਾਲ ਮੁੜ ਜੋੜਨਾ ਹੈ, ਭਾਵੇਂ ਥੋੜ੍ਹੇ ਸਮੇਂ ਲਈ ਹੀ ਕਿਉਂ ਨਾ ਹੋਵੇ।

ਇਸ ‘ਆਟੋ ਲਾਇਬ੍ਰੇਰੀ’ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਸਫ਼ਰ ਕਰਨ ਵਾਲੀਆਂ ਸਵਾਰੀਆਂ ਇਸ ਦੀ ਖੂਬ ਤਾਰੀਫ ਕਰ ਰਹੀਆਂ ਹਨ ਅਤੇ ਇਸ ਨੂੰ ‘ਚਲਦਾ-ਫਿਰਦਾ ਸਕੂਲ’ ਅਤੇ ‘ਪਹੀਆਂ ’ਤੇ ਗਿਆਨ ਦਾ ਕੋਨਾ’ ਕਹਿ ਰਹੇ ਹਨ। ਕਈ ਲੋਕਾਂ ਨੇ ਚਾਲਕ ਦੀ ਰਚਨਾਤਮਕਤਾ ਅਤੇ ਉਸ ਦੇ ਇਰਾਦੇ ਦੀ ਸ਼ਲਾਘਾ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਛੋਟੇ ਪਰ ਪ੍ਰਭਾਵਸ਼ਾਲੀ ਵਿਚਾਰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਨ। ਇਹ ਕਹਾਣੀ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਆਮ ਇਨਸਾਨ ਦਾ ਇੱਕ ਛੋਟਾ ਜਿਹਾ ਨਵਾਂ ਵਿਚਾਰ ਆਮ ਤਜ਼ਰਬਿਆਂ ਨੂੰ ਨਵਾਂ ਰੂਪ ਦੇ ਸਕਦਾ ਹੈ ਅਤੇ ਹੋਰਾਂ ਨੂੰ ਪ੍ਰੇਰਿਤ ਕਰ ਸਕਦਾ ਹੈ। ਇਹ ਇਸ ਗੱਲ ਨੂੰ ਵੀ ਦਰਸਾਉਂਦੀ ਹੈ ਕਿ ਅਰਥਪੂਰਨ ਬਦਲਾਅ ਦੀ ਸ਼ੁਰੂਆਤ ਅਕਸਰ ਛੋਟੇ-ਛੋਟੇ ਕਦਮਾਂ ਨਾਲ ਹੀ ਹੁੰਦੀ ਹੈ।

About The Author

Related Posts