Weather Update: ਅੱਧ ਵਿਸਾਖ ’ਚ ਹੀ ਤਪਿਆ ਉੱਤਰੀ ਭਾਰਤ, ਨਾਰਨੌਲ 'ਚ ਤਾਪਮਾਨ 44.2 ਡਿਗਰੀ ਤੱਕ ਪਹੁੰਚਿਆ, ਅੱਜ ਰਾਹਤ ਦੀ ਉਮੀਦ
ਚਾਰ ਦਿਨ ਹਨ੍ਹੇਰੀ ਨਾਲ ਹਲਕੀ ਬੂੰਦਾਬਾਂਦੀ ਦੇ ਅਸਾਰ
Weather Update: ਚੰਡੀਗੜ੍ਹ/ਹਿਸਾਰ (ਸੱਚ ਕਹੂੰ/ਸੰਦੀਪ ਸਿੰਘਮਾਰ।)। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਨੂੰ ਸ਼ੁਰੂ ਤੋਂ ਹੀ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਹੁਣ ਗਰਮੀ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਤੰਗ ਕਰਨ ਲੱਗੀ ਹੈ। ਪਿਛਲੇ 24 ਘੰਟਿਆਂ ਦੌਰਾਨ ਫਰੀਦਾਬਾਦ ਵਿੱਚ ਘੱਟੋ-ਘੱਟ ਤਾਪਮਾਨ 30.7 ਡਿਗਰੀ ਅਤੇ ਭਿਵਾਨੀ ਵਿੱਚ 29.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਐਤਵਾਰ ਨੂੰ ਹਰਿਆਣਾ ਦੇ ਨਾਰਨੌਲ ਵਿੱਚ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਅਤੇ ਬਠਿੰਡਾ ਏਅਰਪੋਰਟ ਇਲਾਕੇ ਵਿੱਚ 43.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਾਲਾਂਕਿ ਇੱਕ ਕਮਜ਼ੋਰ ਪੱਛਮੀ ਗੜਬੜ ਦੇ ਅਸਰ ਕਾਰਨ ਉੱਤਰੀ ਭਾਰਤ ਵਿੱਚ ਅਗਲੇ 3 ਦਿਨ ਤਾਪਮਾਨ ਵਿੱਚ ਕੁਝ ਕਮੀ ਆ ਸਕਦੀ ਹੈ। ਪਰ ਇਸ ਦੌਰਾਨ ਹਰ ਜਗ੍ਹਾ ਬਾਰਿਸ਼ ਨਹੀਂ ਹੋਵੇਗੀ, ਇਸ ਕਰਕੇ ਹੀਟ ਵੇਵ ਦਾ ਅਸਰ ਜਾਰੀ ਰਹੇਗਾ। ਅਗਲੇ ਤਿੰਨ ਦਿਨਾਂ ਦੌਰਾਨ ਹਨੇ੍ਹਰੀ ਅਤੇ ਹਲਕੀ ਬਾਰਿਸ਼ ਨਾਲ ਕੁਝ ਰਾਹਤ ਮਿਲ ਸਕਦੀ ਹੈ।
ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਛੱਤੀਸਗੜ੍ਹ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ। ਦੱਖਣੀ ਪੰਜਾਬ, ਪੱਛਮੀ ਹਰਿਆਣਾ, ਰਾਜਸਥਾਨ, ਬੁੰਦੇਲਖੰਡ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਹ ਮੀਂਹ ਜ਼ਿਆਦਾਤਰ ਹਲਕਾ ਰਹੇਗੀ, ਕਿਤੇ-ਕਿਤੇ ਹੀ ਤੇਜ਼ ਮੀਂਹ ਪੈ ਸਕਦਾ ਹੈ।