Barnala Election Clashes: ਬਰਨਾਲਾ ਚੋਣਾਂ ਦੌਰਾਨ ਭਾਜਪਾ ਆਗੂ ’ਤੇ ਹਮਲਾ ਅਤੇ ਜਾਅਲੀ ਵੋਟਾਂ ਦੇ ਦੋਸ਼
ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ
Barnala Election Clashes: ਬਰਨਾਲਾ (ਜਸਵੀਰ ਸਿੰਘ)। ਬਰਨਾਲਾ ਦੇ ਵਾਰਡ ਨੰਬਰ 15 ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਭਾਜਪਾ ਉਮੀਦਵਾਰ ਦੀਪਿੰਦਰ ਕੌਰ ਦੇ ਪਤੀ ਅਤੇ ਸੀਨੀਅਰ ਭਾਜਪਾ ਆਗੂ ਜਸਵੀਰ ਸਿੰਘ ਗੱਖੀ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜ਼ਖਮੀ ਆਗੂ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਦੇ ਗੁੰਡਿਆਂ ਵੱਲੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਪੱਗ ਵੀ ਲੱਥ ਗਈ।
। ਇਸੇ ਦੌਰਾਨ ਵਾਰਡ ਨੰਬਰ 33 ਵਿੱਚ ਵੀ ਤਣਾਅਪੂਰਨ ਮਾਹੌਲ ਬਣ ਗਿਆ, ਜਿੱਥੇ ਜਾਅਲੀ ਵੋਟਾਂ ਨੂੰ ਲੈ ਕੇ ਉਮੀਦਵਾਰਾਂ ਵਿਚਕਾਰ ਭਿੜਤ ਅਤੇ ਕੁੱਟਮਾਰ ਦੀ ਘਟਨਾ ਸਾਹਮਣੇ ਆਈ। ਆਜ਼ਾਦ ਉਮੀਦਵਾਰ ਦੇ ਪਤੀ ਹੇਮਰਾਜ ਗਰਗ ਨੇ ਆਮ ਆਦਮੀ ਪਾਰਟੀ ’ਤੇ ਧੱਕੇਸ਼ਾਹੀ ਕਰਨ ਅਤੇ ਸੱਤਾ ਦੇ ਨਸ਼ੇ ਵਿੱਚ ਜਾਅਲੀ ਵੋਟਾਂ ਪਵਾਉਣ ਦੇ ਦੋਸ਼ ਲਗਾਏ।
ਇਹ ਵੀ ਪੜ੍ਹੋ: Batala News: ਬਟਾਲਾ ’ਚ ਚੋਣਾਂ ਦੌਰਾਨ ਹੁੱਲੜਬਾਜ਼ਾਂ ’ਤੇ ਪੁਲਿਸ ਦੀ ਸਖ਼ਤ ਕਾਰਵਾਈ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪਤੀ ਚਮਨ ਲਾਲ ਚਤਰੀ ਨੇ ਇਹ ਦੋਸ਼ ਨਕਾਰਦਿਆਂ ਕਿਹਾ ਕਿ ਵਿਰੋਧੀ ਧਿਰ ਆਪਣੀ ਹਾਰ ਨੂੰ ਦੇਖਦੇ ਹੋਏ ਬੇਬੁਨਿਆਦ ਇਲਜ਼ਾਮ ਲਗਾ ਰਹੀ ਹੈ। ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।