Jalandhar News: ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ, ਪੁਲਿਸ ਜਾਂਚ ’ਚ ਜੁਟੀ

ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ

Khushdeep Singh Picture
Published On

ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ’ਚ ਇੱਕ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀਆਂ ਲੱਗਣ ਕਾਰਨ ਕਲੀਨਿਕ ਦੇ ਸ਼ਟਰ ’ਚ ਛੇਦ ਹੋ ਗਏ ਤੇ ਅੰਦਰ ਲੱਗੇ ਸ਼ੀਸ਼ੇ ਵੀ ਟੁੱਟ ਗਏ। ਘਟਨਾ ਸਮੇਂ ਕਲੀਨਿਕ ਸਮੇਤ ਆਲੇ-ਦੁਆਲੇ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਨਜ਼ਦੀਕੀ ਦੁਕਾਨਦਾਰਾਂ ਮੁਤਾਬਕ ਐਤਵਾਰ ਦੇਰ ਰਾਤ ਇਹ ਘਟਨਾ ਵਾਪਰੀ।

ਇੱਕ ਮਹਿਲਾ ਦੁਕਾਨਦਾਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਉਹ ਆਪਣੀ ਦੁਕਾਨ ’ਤੇ ਪਹੁੰਚੀ ਤਾਂ ਉੱਥੇ ਪਹਿਲਾਂ ਹੀ ਪੁਲਿਸ ਮੌਜ਼ੂਦ ਸੀ ਤੇ ਹੋਮਿਓਪੈਥਿਕ ਕਲੀਨਿਕ ਨੂੰ ਸੀਲ ਕੀਤਾ ਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਇਲਾਕੇ ’ਚ ਇਸ ਦੀ ਚਰਚਾ ਹੋ ਰਹੀ ਸੀ। ਨਜ਼ਦੀਕੀ ਦੁਕਾਨਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਪਹੁੰਚੇ ਤਾਂ ਕਲੀਨਿਕ ਦੇ ਸ਼ਟਰ ’ਤੇ ਗੋਲੀ ਲੱਗਣ ਦੇ ਨਿਸ਼ਾਨ ਸਨ ਤੇ ਅੰਦਰਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸਾਰੀਆਂ ਦੁਕਾਨਾਂ ਬੰਦ ਹੋਣ ਕਾਰਨ ਕਿਸੇ ਨੂੰ ਘਟਨਾ ਦਾ ਪਤਾ ਨਹੀਂ ਲੱਗ ਸਕਿਆ। ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਆਰੀਅਨ ਹੋਮਿਓਪੈਥਿਕ ਕਲੀਨਿਕ ’ਚ ਡਾਕਟਰ ਤੇ ਉਨ੍ਹਾਂ ਦਾ ਪੁੱਤਰ ਬੈਠਦੇ ਹਨ। ਸ਼ਨਿੱਚਰਵਾਰ ਰਾਤ ਕਰੀਬ ਸਾਡੇ 8 ਵਜੇ ਉਹ ਕਲੀਨਿਕ ਬੰਦ ਕਰਕੇ ਗਏ ਸਨ।

ਜਦਕਿ ਐਤਵਾਰ ਨੂੰ ਕਲੀਨਿਕ ਪੂਰੀ ਤਰ੍ਹਾਂ ਬੰਦ ਰਿਹਾ। ਸੋਮਵਾਰ ਸਵੇਰੇ ਕਲੀਨਿਕ ਦੇ ਬਾਹਰ ਕੱਚ ਖਿਲਰਿਆ ਹੋਇਆ ਤੇ ਸ਼ਟਰ ’ਤੇ ਗੋਲੀ ਦੇ ਨਿਸ਼ਾਨ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕਲੀਨਿਕ ਨੂੰ ਕਿਸੇ ਕਿਸਮ ਦੀ ਧਮਕੀ ਜਾਂ ਵਿਵਾਦ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਫੋਰੈਂਸਿਕ ਮਾਹਿਰਾਂ ਨੇ ਕਲੀਨਿਕ ਅੰਦਰ ਤੇ ਬਾਹਰ ਸਬੂਤ ਇਕੱਠੇ ਕੀਤੇ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।

About The Author

Related Posts