Health News: ਡੇਂਗੂ ਬੁਖਾਰ ਤੋਂ ਬਚਾਅ ਲਈ ਜ਼ਰੂਰੀ ਉਪਾਅ, ਖੜ੍ਹਾ ਹੋਇਆ ਸਾਫ਼ ਪਾਣੀ ਵੀ ਸਿਹਤ ਲਈ ਹਾਨੀਕਾਰਕ, ਡਾ. ਉਪਿੰਦਰ ਸਿੰਘ ਤੇ ਡਾ. ਸੁਨੀਤਾ ਤੋਂ ਜਾਣੋ ਬਚਾਅ ਦੇ ਤਰੀਕੇ

ਸਾਫ਼ ਪਾਣੀ ਵਿੱਚ ਪਲਦਾ ਹੈ ਡੇਂਗੂ ਦਾ ਲਾਰਵਾ

Ravinder Sharma Picture
Published On

ਫਾਜ਼ਿਲਕਾ (ਰਜਨੀਸ਼ ਰਵੀ)। ਸਿਹਤ ਵਿਭਾਗ ਵੱਲੋਂ ਡੇਂਗੂ ਦੇ ਖ਼ਤਰੇ ਨਾਲ ਨਜਿੱਠਣ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਸੀਐਚਸੀ ਖੁਈਖੇੜਾ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਵੱਖ-ਵੱਖ ਪਿੰਡਾਂ ਵਿੱਚ ਜਨਤਕ ਜਾਗਰੂਕਤਾ ਕੈਂਪ ਲਾਏ ਗਏ। ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਅਤੇ ਸਹਾਇਕ ਸਿਵਲ ਸਰਜਨ/ਸੀਨੀਅਰ ਮੈਡੀਕਲ ਅਫਸਰ (ਸੀਐਚਸੀ ਖੁਈਖੇੜਾ) ਡਾ. ਉਪਿੰਦਰ ਸਿੰਘ ਅਤੇ ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ. ਸੁਨੀਤਾ ਦੀ ਦੇਖ-ਰੇਖ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਪਿੰਡ ਗੁਮਜਾਲ, ਚੂਹਰੀਵਾਲਾ ਧੰਨਾ ਅਤੇ ਸੱਯਦਵਾਲਾ ਵਿਖੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਸਾਫ਼ ਪਾਣੀ ਵਿੱਚ ਪਲਦਾ ਹੈ ਡੇਂਗੂ ਦਾ ਲਾਰਵਾ

ਇਸ ਮੁਹਿੰਮ ਦੌਰਾਨ ਸਿਹਤ ਸੁਪਰਵਾਈਜ਼ਰ ਲਖਵਿੰਦਰ ਸਿੰਘ, ਪਵਨਜੀਤ ਸਿੰਘ ਅਤੇ ਸਿਹਤ ਕਰਮਚਾਰੀਆਂ ਚੰਦਰ ਪ੍ਰਕਾਸ਼, ਗੰਗਾ ਰਾਮ ਤੇ ਮਨੋਹਰ ਲਾਲ ਨੇ ਪਿੰਡ ਵਾਸੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਜਾਂ ਆਲੇ-ਦੁਆਲੇ ਰੱਖੇ ਖਾਲੀ ਭਾਂਡਿਆਂ ਵਿੱਚ ਸਾਫ਼ ਪਾਣੀ ਨੂੰ ਲੰਬੇ ਸਮੇਂ ਤੱਕ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਡੇਂਗੂ ਦਾ ਮੱਛਰ ਗੰਦੇ ਪਾਣੀ ਵਿੱਚ ਨਹੀਂ, ਬਲਕਿ ਸਾਫ਼ ਪਾਣੀ ਵਿੱਚ ਪ੍ਰਜਨਨ ਕਰਦਾ ਹੈ ਅਤੇ ਇਹ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ।

Read Also : ਹਰਿਆਣਾ ਦੇ 1,107 ਸਕੂਲਾਂ ਵਿਰੁੱਧ ਕਾਰਵਾਈ, ਸਰਸਾ ਦੇ 16 ਸਕੂਲਾਂ ਦਾ MIS ਪੋਰਟਲ ਬਲਾਕ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰ ਜਾਂ ਸਿਰ ਦਰਦ ਦੀ ਸ਼ਿਕਾਇਤ ਹੁੰਦੀ ਹੈ, ਤਾਂ ਉਹ ਖ਼ੁਦ ਇਲਾਜ ਕਰਨ ਦੀ ਬਜਾਏ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਨਾਲ ਸਲਾਹ ਕਰਨ।

ਘਰ-ਘਰ ਜਾ ਕੇ ਚੈਕਿੰਗ ਅਤੇ ਲਾਰਵਾ ਨਸ਼ਟ ਕਰਨ ਦੀ ਮੁਹਿੰਮ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਪਿੰਡਾਂ ਵਿੱਚ ਘਰ-ਘਰ ਜਾ ਕੇ ਫਰਿੱਜਾਂ ਦੀਆਂ ਟ੍ਰੇਆਂ, ਫੁੱਲਾਂ ਦੇ ਗਮਲਿਆਂ, ਕੂਲਰਾਂ ਅਤੇ ਹੋਰ ਡੱਬਿਆਂ ਵਿੱਚ ਖੜ੍ਹੇ ਪਾਣੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਡੇਂਗੂ ਦੇ ਲਾਰਵੇ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਜਾ ਸਕੇ।

ਹਰ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ ‘ਡਰਾਈ ਡੇ’

ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ‘ਡਰਾਈ ਡੇ’ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡੇਂਗੂ ਦੀ ਮਾਰ ਤੋਂ ਬਚਣ ਲਈ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਘਰਾਂ ਦੇ ਕੂਲਰਾਂ, ਗਮਲਿਆਂ ਅਤੇ ਫਰਿੱਜ ਦੀਆਂ ਟਰੇਆਂ ਨੂੰ ਖਾਲੀ ਕਰਕੇ ਸੁਕਾਉਣਾ ਅਤੇ ਸਾਫ਼ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਕੇ ਡੇਂਗੂ ਮੁਕਤ ਸਮਾਜ ਸਿਰਜਣ ਵਿੱਚ ਸਹਿਯੋਗ ਦੇਣ।

About The Author

Related Posts