Jalandhar News: ਜਲੰਧਰ ’ਚ ਪੁਲਿਸ ਮੁਕਾਬਲੇ ਤੋਂ ਬਾਅਦ ਹਸਪਤਾਲ ਫਾਇਰਿੰਗ ਮਾਮਲੇ ਦਾ ਮੁਲਜ਼ਮ ਕਾਬੂ, ਲੱਤ ’ਚ ਲੱਗੀ ਗੋਲੀ
ਗੋਲੀ ਲੱਗਣ ਤੋਂ ਬਾਅਦ ਮੁਲਜ਼ਮ ਨੂੰ ਇਲਾਜ਼ ਲਈ ਹਸਪਤਾਲ ਭੇਜਿਆ
Jalandhar News: ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ਪੁਲਿਸ ਨੇ ਵਰਦਾਨ ਹਸਪਤਾਲ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਬੰਬੀਹਾ ਗੈਂਗ ਨਾਲ ਜੁੜੇ ਸ਼ੂਟਰ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ’ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ ਨੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗ ਪਿਆ। ਕੁਝ ਦੂਰ ਜਾ ਕੇ ਉਸ ਦੀ ਬਾਈਕ ਫਿਸਲ ਗਈ।
ਜਿਸ ਤੋਂ ਬਾਅਦ ਉਸ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ’ਚ ਪੁਲਿਸ ਨੇ ਸਵੈ-ਰੱਖਿਆ ਲਈ ਫਾਇਰਿੰਗ ਕੀਤੀ, ਜਿਸ ’ਚ ਮੁਲਜ਼ਮ ਜ਼ਖ਼ਮੀ ਹੋ ਗਿਆ। ਮੁਲਜ਼ਮ ਦੀ ਪਛਾਣ ਸ਼ਾਹਕੋਟ ਦੇ ਰਹਿਣ ਵਾਲੇ ਜੋਧ ਸਿੰਘ ਉਰਫ਼ ਜੋਧਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਹ ਲੱਕੀ ਪਟਿਆਲ ਗੈਂਗ ਨਾਲ ਜੁੜਿਆ ਹੋਇਆ ਸੀ ਤੇ ਮੋਗਾ ਤੇ ਮੋਹਾਲੀ ਪੁਲਿਸ ਨੂੰ ਵੀ ਕਈ ਮਾਮਲਿਆਂ ’ਚ ਲੋੜੀਂਦਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਰੀਬ ਦੋ ਤੋਂ ਤਿੰਨ ਮਹੀਨੇ ਪਹਿਲਾਂ ਮੋਤਾ ਸਿੰਘ ਨਗਰ ਸਥਿਤ ਵਰਦਾਨ ਹਸਪਤਾਲ ਦੇ ਬਾਹਰ ਹੋਈ ਫਾਇਰਿੰਗ ਵੀ ਇਸੇ ਮੁਲਜ਼ਮ ਨੇ ਕੀਤੀ ਸੀ। ਉਸ ਕੋਲੋਂ ਬਰਾਮਦ ਹੋਇਆ ਹੈਲਮੈਟ ਤੇ ਹਥਿਆਰ ਉਹੀ ਹਨ ਜੋ ਉਸ ਸਮੇਂ ਵਰਤੇ ਗਏ ਸਨ।
Read Also : ਮੋਟਰਸਾਈਕਲ ਸਵਾਰਾਂ ਨੇ ਮੋਗਾ ਦੇ ਥਾਣਾ ਸਦਰ ਅੰਦਰ ਸੁੱਟਿਆ ਹੈਂਡ ਗਰਨੇਡ
ਸੀਸੀਟੀਵੀ ਫੁਟੇਜ ਰਾਹੀਂ ਵੀ ਇਸ ਦੀ ਪੁਸ਼ਟੀ ਹੋਈ ਹੈ। ਪੁਲਿਸ ਅਨੁਸਾਰ ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਇਹ ਫਾਇਰਿੰਗ ਵਿਦੇਸ਼ ’ਚ ਬੈਠੇ ਗੈਂਗਸਟਰ ਲੱਕੀ ਪਟਿਆਲ ਦੇ ਕਹਿਣ ’ਤੇ ਕੀਤੀ ਗਈ ਸੀ। ਮੁਲਜ਼ਮ ਨੇ ਪੈਸਿਆਂ ਦੀ ਲੈਣ-ਦੇਣ ਤੇ ਮਨੀ ਟ੍ਰੇਲ ਨਾਲ ਜੁੜੇ ਕੁਝ ਨਾਂਅ ਵੀ ਦੱਸੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ’ਚ ਕੈਨੇਡਾ ’ਚ ਬੈਠੇ ਇੱਕ ਵਿਅਕਤੀ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ, ਜਿਸ ਦਾ ਵਰਦਾਨ ਹਸਪਤਾਲ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਂਚ ਜਾਰੀ ਹੈ। ਪੁਲਿਸ ਇਹ ਵੀ ਪਤਾ ਲਾ ਰਹੀ ਹੈ ਕਿ ਹਸਪਤਾਲ ਨੂੰ ਆਈ ਫਿਰੌਤੀ ਦੀ ਕਾਲ ਅਤੇ ਫਾਇਰਿੰਗ ਦੀ ਘਟਨਾ ਵਿਚਕਾਰ ਕੀ ਸਬੰਧ ਹੈ ਤੇ ਮੁਲਜ਼ਮ ਨੂੰ ਇਸ ਵਾਰਦਾਤ ਲਈ ਕਿੰਨੀ ਰਕਮ ਦਿੱਤੀ ਜਾਣੀ ਸੀ। Jalandhar News
About The Author