Punjab
Faridkot News: 43 ਸਾਲਾ ਦਿਵਿਆਂਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ
ਪੈਰਾਂ ਤੋਂ ਦਿਵਿਆਂਗ ਸੀ ਮ੍ਰਿਤਕਾ, ਘਟਨਾ ਸਮੇਂ ਘਰ ਵਿੱਚ ਇਕੱਲੀ ਸੀ
ਫ਼ਰੀਦਕੋਟ (ਗੁਰਪ੍ਰੀਤ ਪੱਕਾ): ਸ਼ਹਿਰ ਦੇ ਭੀੜ-ਭੜੱਕੇ ਵਾਲੇ ਮੁਹੱਲਾ ਜਾਨੀਆਂ ਵਿੱਚ ਸੋਮਵਾਰ ਦੁਪਹਿਰ ਇੱਕ 43 ਸਾਲਾ ਦਿਵਿਆਂਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read Also : ਪੁਲਿਸ ਨੇ 4 ਮੈਬਰਾਂ ਨੂੰ 15 ਪਿਸਟਲਾਂ ਸਮੇਤ ਕੀਤਾ ਕਾਬੂ
ਜਾਣਕਾਰੀ ਅਨੁਸਾਰ ਮੁਹੱਲਾ ਜਾਨੀਆਂ ਦੇ ਵਸਨੀਕ ਅਤੇ ਸਰਕਾਰੀ ਅਧਿਆਪਕ ਪ੍ਰਦੀਪ ਕਾਲੜਾ ਜਦੋਂ ਦੁਪਹਿਰ ਕਰੀਬ 2:15 ਵਜੇ ਡਿਊਟੀ ਤੋਂ ਘਰ ਪਰਤੇ ਤਾਂ ਕਈ ਵਾਰ ਘਰ ਦੀ ਘੰਟੀ ਵਜਾਉਣ ਦੇ ਬਾਵਜ਼ੂਦ ਉਨ੍ਹਾਂ ਦੀ ਪਤਨੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਉਨ੍ਹਾਂ ਨੇ ਗੁਆਂਢ ਵਿੱਚ ਰਹਿੰਦੀ ਆਪਣੀ ਭਰਜਾਈ ਨੂੰ ਬੁਲਾਇਆ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਪ੍ਰਦੀਪ ਕਾਲੜਾ ਦੀ 43 ਸਾਲਾ ਪਤਨੀ ਨੀਤੂ ਕਾਲੜਾ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਨੀਤੂ ਕਾਲੜਾ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ।
ਪ੍ਰਦੀਪ ਕਾਲੜਾ ਨੇ ਦੱਸਿਆ ਕਿ ਉਹ ਹਰ ਰੋਜ਼ ਡਿਊਟੀ ਤੋਂ ਘਰ ਵਾਪਸ ਆਉਂਦੇ ਸਨ ਤਾਂ ਉਨ੍ਹਾਂ ਦੀ ਪਤਨੀ ਨੀਤੂ, ਜੋ ਖੁਦ ਵੀ ਦਿਵਿਆਂਗ ਸੀ, ਗੇਟ ਤੱਕ ਆ ਕੇ ਉਨ੍ਹਾਂ ਤੋਂ ਸਮਾਨ ਲੈ ਲੈਂਦੀ ਸੀ। ਪਰ ਸੋਮਵਾਰ ਨੂੰ ਅਜਿਹਾ ਨਾ ਹੋਣ ’ਤੇ ਉਨ੍ਹਾਂ ਨੇ ਆਪਣੀ ਭਰਜਾਈ ਨੂੰ ਅੰਦਰ ਭੇਜਿਆ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਖੁਦ ਅਤੇ ਉਨ੍ਹਾਂ ਦੀਆਂ 17 ਸਾਲ ਅਤੇ 10 ਸਾਲ ਦੀਆਂ ਦੋਵੇਂ ਧੀਆਂ ਸਕੂਲ ਚਲੇ ਗਏ ਸਨ, ਜਦਕਿ ਨੀਤੂ ਘਰ ਵਿੱਚ ਇਕੱਲੀ ਸੀ। ਡਿਊਟੀ ਤੋਂ ਵਾਪਸ ਆਉਣ ’ਤੇ ਇਹ ਘਟਨਾ ਵਾਪਰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਘਰ ਵਿੱਚੋਂ ਕੋਈ ਚੋਰੀ ਵੀ ਨਹੀਂ ਹੋਈ।
ਮੌਕੇ ’ਤੇ ਪਹੁੰਚੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਡੀਐਸਪੀ ਮੁਤਾਬਕ ਇਹ ਘਟਨਾ ਦੁਪਹਿਰ 12 ਤੋਂ 2 ਵਜੇ ਦੇ ਵਿਚਕਾਰ ਵਾਪਰੀ ਹੈ। ਫਿਲਹਾਲ ਘਰ ਵਿੱਚੋਂ ਕਿਸੇ ਵੀ ਸਮਾਨ ਦੀ ਚੋਰੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕਤਲ ਦੇ ਕਾਰਨਾਂ ਦਾ ਖੁਲਾਸਾ ਹੋ ਸਕੇਗਾ।