New York Accident: ਪਠਾਨਕੋਟ ਤੋਂ ਨਿਊਯਾਰਕ ਘੁੰਮਣ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ, 18 ਸਾਲਾ ਨੌਜਵਾਨ ਦੀ ਮੌਤ

ਚਾਰ ਦਿਨ ਪਹਿਲਾਂ ਹੀ ਨਿਊਯਾਰਕ ਘੁੰਮਣ ਆਇਆ ਸੀ ਨੌਜਵਾਨ

Satinder Mathur  Picture
Published On

New York Accident: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਪਠਾਨਕੋਟ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ (ਹਾਰਸ ਕੈਰਿਜ) ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਪਠਾਨਕੋਟ ਦੀ ਇੰਦਰਾ ਕਾਲੋਨੀ ਦੇ ਰਹਿਣ ਵਾਲੇ 18 ਸਾਲਾ ਵਿਦਿਆਰਥੀ ਰੋਮਾਂਚ ਮਹਾਜਨ ਦੀ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਵੀ ਉਸ ਸਮੇਂ ਮੌਕੇ 'ਤੇ ਮੌਜ਼ੂਦ ਸਨ ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਦਰਦਨਾਕ ਹਾਦਸਾ ਵਾਪਰਦਾ ਦੇਖਿਆ।

ਜਾਣਕਾਰੀ ਅਨੁਸਾਰ ਰੋਮਾਂਚ ਮਹਾਜਨ ਆਪਣੇ ਪਰਿਵਾਰ ਨਾਲ ਚਾਰ ਦਿਨ ਪਹਿਲਾਂ ਹੀ ਨਿਊਯਾਰਕ ਘੁੰਮਣ ਲਈ ਗਿਆ ਸੀ। ਪਰਿਵਾਰ ਪਹਿਲੀ ਵਾਰ ਅਮਰੀਕਾ ਦੇ ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ ਦਾ ਦੌਰਾ ਕਰ ਰਿਹਾ ਸੀ। ਨਿਊਯਾਰਕ ਪੁਲਿਸ ਮੁਤਾਬਕ ਰੋਮਾਂਚ ਮਹਾਜਨ ਤਿੰਨ ਹੋਰ ਯਾਤਰੀਆਂ ਨਾਲ ਰਵਾਇਤੀ ਘੋੜਾ-ਗੱਡੀ ਵਿੱਚ ਸੈਂਟਰਲ ਪਾਰਕ ਦੀ ਸੈਰ ਕਰ ਰਿਹਾ ਸੀ। ਇਸ ਦੌਰਾਨ ‘ਚੈਰੀ ਹਿੱਲ’ ਇਲਾਕੇ ਨੇੜੇ ਘੋੜਾ ਅਚਾਨਕ ਬੇਕਾਬੂ ਹੋ ਗਿਆ ਅਤੇ ਤੇਜ਼ ਰਫ਼ਤਾਰ ਨਾਲ ਦੌੜ ਪਿਆ। ਘੋੜਾ ਬੱਗੀ ਨੂੰ ਘਸੀਟਦਾ ਹੋਇਆ ‘ਵੈਸਟ ਡਰਾਈਵ’ ਵੱਲ ਲੈ ਗਿਆ ਅਤੇ ਇੱਕ ਹੋਰ ਘੋੜਾ-ਗੱਡੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਗੀ ਸੜਕ ਦੇ ਵਿਚਕਾਰ ਪਲਟ ਗਈ ਅਤੇ ਰੋਮਾਂਚ ਮਹਾਜਨ ਉੱਛਲ ਕੇ ਕਨਕਰੀਟ ਦੀ ਸੜਕ 'ਤੇ ਜਾ ਡਿੱਗਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਾ ਬਚਾ ਸਕੇ।

ਇਹ ਵੀ ਪੜ੍ਹੋ: Car Fire Incident: ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਨਵੀਂ ਸਵਿਫਟ ਡਿਜ਼ਾਇਰ ਸੜ ਕੇ ਸੁਆਹ

ਮੁੱਢਲੀ ਜਾਂਚ ਦੌਰਾਨ ਡਰਾਈਵਰ ਦੀ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਹਾਦਸੇ ਸਮੇਂ ਬੱਗੀ ਚਾਲਕ ਆਪਣੀ ਸੀਟ 'ਤੇ ਮੌਜੂਦ ਨਹੀਂ ਸੀ। ਉਹ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਿਆਂ ਯਾਤਰੀਆਂ ਦੀਆਂ ਤਸਵੀਰਾਂ ਖਿੱਚਣ ਲਈ ਗੱਡੀ ਤੋਂ ਹੇਠਾਂ ਉਤਰਿਆ ਹੋਇਆ ਸੀ, ਜਿਸ ਦੌਰਾਨ ਘੋੜਾ ਬਿਦਕ ਗਿਆ ਅਤੇ ਹਾਦਸਾ ਵਾਪਰ ਗਿਆ। ਘਟਨਾ ਤੋਂ ਬਾਅਦ ਬੱਗੀ ਮਾਲਕ ਵੱਲੋਂ ਡਰਾਈਵਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਹਾਦਸੇ ਵਿੱਚ ਸ਼ਾਮਲ 7 ਸਾਲਾ ਘੋੜੇ ‘ਸੈਮਸਨ’ ਨੂੰ ਵੀ ਇਸ ਸੇਵਾ ਤੋਂ ਹਟਾ ਦਿੱਤਾ ਗਿਆ ਹੈ।

About The Author

Related Posts