Amritsari Kulcha GI Tag: ਅੰਮ੍ਰਿਤਸਰੀ ਕੁਲਚੇ ਨੂੰ ਜੀ.ਆਈ. ਟੈਗ ਦਿਵਾਉਣ ਦੇ ਉਪਰਾਲੇ ਦਾ ਵਪਾਰੀਆਂ ਨੇ ਕੀਤਾ ਸਵਾਗਤ

ਦੇਸ਼ ਅਤੇ ਵਿਦੇਸ਼ ਵਿੱਚ ਇਸ ਦੀ ਅਸਲ ਪਛਾਣ ਹੋਰ ਮਜ਼ਬੂਤ ਹੋਵੇਗੀ

Satinder Mathur  Picture
Published On

Amritsari Kulcha GI Tag: ਅੰਮ੍ਰਿਤਸਰ, (ਰਾਜਨ ਮਾਨ/ਹਿੰ.ਸ.)। ਅੰਮ੍ਰਿਤਸਰ ਦੀ ਵਿਸ਼ਵ ਪ੍ਰਸਿੱਧ ਪਛਾਣ ਅਤੇ ਪੰਜਾਬ ਦੀ ਖਾਣ-ਪੀਣ ਵਿਰਾਸਤ ਦਾ ਅਹਿਮ ਹਿੱਸਾ ਮੰਨੇ ਜਾਂਦੇ ਅੰਮ੍ਰਿਤਸਰੀ ਕੁਲਚੇ ਨੂੰ ਜੀਓਗ੍ਰਾਫਿਕਲ ਇੰਡੀਕੇਸ਼ਨ (ਜੀ.ਆਈ.) ਟੈਗ ਦਿਵਾਉਣ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿਖੇ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਪੰਜਾਬ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਿਸ਼ੇਸ਼ ਸਕੱਤਰ ਸੰਦੀਪ ਹੰਸ ਨੇ ਕੀਤੀ।

ਮੀਟਿੰਗ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਕੁਲਚਾ ਨਿਰਮਾਤਾਵਾਂ ਅਤੇ ਵਪਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਜੀ.ਆਈ. ਟੈਗ ਸਬੰਧੀ ਚੱਲ ਰਹੀ ਪ੍ਰਕਿਰਿਆ ਪ੍ਰਤੀ ਆਪਣਾ ਉਤਸ਼ਾਹ ਜਤਾਇਆ। ਮੀਟਿੰਗ ਦੌਰਾਨ ਵਿਸ਼ੇਸ਼ ਸਕੱਤਰ ਸੰਦੀਪ ਹੰਸ ਨੇ ਕਿਹਾ ਕਿ ਅੰਮ੍ਰਿਤਸਰੀ ਕੁਲਚਾ ਸਿਰਫ਼ ਇੱਕ ਖਾਣ-ਪੀਣ ਦੀ ਵਸਤੂ ਨਹੀਂ, ਸਗੋਂ ਅੰਮ੍ਰਿਤਸਰ ਦੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜੀ.ਆਈ. ਟੈਗ ਮਿਲਣ ਨਾਲ ਅੰਮ੍ਰਿਤਸਰੀ ਕੁਲਚੇ ਨੂੰ ਇੱਕ ਵਿਲੱਖਣ ਅਤੇ ਕਾਨੂੰਨੀ ਪਛਾਣ ਪ੍ਰਾਪਤ ਹੋਵੇਗੀ, ਜਿਸ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਇਸ ਦੀ ਅਸਲ ਪਛਾਣ ਹੋਰ ਮਜ਼ਬੂਤ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਜੀ.ਆਈ. ਟੈਗ ਮਿਲਣ ਤੋਂ ਬਾਅਦ ਅੰਮ੍ਰਿਤਸਰੀ ਕੁਲਚੇ ਦੇ ਨਾਮ ਹੇਠ ਨਕਲੀ ਉਤਪਾਦ ਵੇਚਣ ਵਾਲਿਆਂ ਅਤੇ ਇਸ ਦੇ ਅਸਲੀ ਸਵਾਦ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ। ਇਸ ਨਾਲ ਸਿਰਫ਼ ਉਪਭੋਗਤਾਵਾਂ ਨੂੰ ਅਸਲੀ ਉਤਪਾਦ ਮਿਲੇਗਾ, ਸਗੋਂ ਸਥਾਨਕ ਵਪਾਰੀਆਂ ਅਤੇ ਕਾਰੀਗਰਾਂ ਦੇ ਹੱਕ ਵੀ ਸੁਰੱਖਿਅਤ ਰਹਿਣਗੇ।

ਇਸ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐੱਸ.ਸੀ.ਐੱਸ.ਟੀ.) ਦੀ ਜਾਇੰਟ ਸਕੱਤਰ ਡਾ. ਦਪਿੰਦਰ ਕੌਰ ਬਖਸ਼ੀ ਨੇ ਕਿਹਾ ਕਿ ਅੰਮ੍ਰਿਤਸਰੀ ਕੁਲਚੇ ਨੂੰ ਗਲੋਬਲ ਪੱਧਰ ’ਤੇ ਲਿਜਾਣ ਦੀ ਬਹੁਤ ਲੋੜ ਹੈ ਅਤੇ ਇਸ ਲਈ ਉਨ੍ਹਾਂ ਦਾ ਵਿਭਾਗ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀ ਰਵਾਇਤੀ ਕਲਾ ਫੁਲਕਾਰੀ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਲਈ ਸਫਲ ਯਤਨ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਜੀ.ਆਈ. ਟੈਗ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਸਭ ਤੋਂ ਪਹਿਲਾਂ ਇੱਕ ਸੰਗਠਨ ਜਾਂ ਐਸੋਸੀਏਸ਼ਨ ਦਾ ਗਠਨ ਕੀਤਾ ਜਾਵੇ, ਕਿਉਂਕਿ ਇਹ ਐਸੋਸੀਏਸ਼ਨ ਹੀ ਜੀ.ਆਈ. ਟੈਗ ਲਈ ਅਧਿਕਾਰਕ ਅਰਜ਼ੀ ਦਾਖਲ ਕਰ ਸਕੇਗੀ। ਮੀਟਿੰਗ ਵਿੱਚ ਸ਼ਾਮਲ ਵਪਾਰੀਆਂ ਨੇ ਪ੍ਰਸ਼ਾਸਨ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਰਵਾਇਤੀ ਕਾਰੋਬਾਰ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਅੰਮ੍ਰਿਤਸਰ ਦੀ ਵਿਰਾਸਤ ਨੂੰ ਸਾਂਭਣ ਅਤੇ ਅਸਲੀ ਅੰਮ੍ਰਿਤਸਰੀ ਕੁਲਚੇ ਦੀ ਪਛਾਣ ਨੂੰ ਬਰਕਰਾਰ ਰੱਖਣ ਵੱਲ ਇੱਕ ਇਤਿਹਾਸਕ ਪਹਿਲ ਸਾਬਤ ਹੋਵੇਗਾ।

ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜੀ.ਆਈ. ਟੈਗ ਪ੍ਰਾਪਤ ਕਰਨ ਲਈ ਭਾਰਤ ਦੇ ਵਸਤੂਆਂ ਦੇ ਭੂਗੋਲਿਕ ਸੰਕੇਤ (ਰਜਿਸਟ੍ਰੇਸ਼ਨ ਅਤੇ ਸੁਰੱਖਿਆ) ਐਕਟ, 1999 ਜੀ.ਆਈ. ਐਕਟ 1999 ਤਹਿਤ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਪੀ.ਐੱਸ.ਸੀ.ਐੱਸ.ਟੀ., ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੂਡ ਟੈਕਨਾਲੋਜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਇੱਕ ਤਾਲਮੇਲ ਕਮੇਟੀ ਬਣਾਈ ਜਾਵੇਗੀ।

ਇਹ ਕਮੇਟੀ ਕੁਲਚਾ ਨਿਰਮਾਤਾਵਾਂ ਦੀ ਐਸੋਸੀਏਸ਼ਨ ਦੇ ਗਠਨ ਤੋਂ ਲੈ ਕੇ ਜੀ.ਆਈ. ਟੈਗ ਲਈ ਦਸਤਾਵੇਜ਼ੀ ਕਾਰਵਾਈ ਤੱਕ ਸਾਰਾ ਪ੍ਰਕਿਰਿਆਤਮਕ ਕੰਮ ਸੰਭਾਲੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਇਸ ਕਾਰਜ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਮੀਟਿੰਗ ਨੂੰ ਅੰਮ੍ਰਿਤਸਰੀ ਕੁਲਚੇ ਦੀ ਅਸਲੀ ਪਛਾਣ ਨੂੰ ਸੰਭਾਲਣ, ਉਸਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਬਣਾਉਣ ਅਤੇ ਸਥਾਨਕ ਵਪਾਰ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਪ੍ਰਗਤੀ ਸੇਠੀ, ਪ੍ਰੋਫੈਸਰ ਦਲਬੀਰ ਸਿੰਘ, ਡਾ. ਦੀਪਕ ਪੂਰ, ਸਹਾਇਕ ਫੂਡ ਕਮਿਸ਼ਨਰ ਰਜਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਕੁਲਚਾ ਨਿਰਮਾਤਾ ਹਾਜ਼ਰ ਸਨ।Amritsari Kulcha GI Tag

About The Author

Related Posts