Sem Nullah Faridkot: ਮੌਨਸੂਨ ਤੋਂ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨ ਚਿੰਤਤ

ਜੇਕਰ ਸਫਾਈ ਨਾ ਹੋਈ ਤਾਂ ਫ਼ਸਲਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਹੋ ਸਕਦਾ ਹੈ ਨੁਕਸਾਨ

Satinder Mathur  Picture
Published On

Sem Nullah Faridkot:(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਗੱਲ ਕਰੀਏ ਜ਼ਿਲ੍ਹਾ ਫ਼ਰੀਦਕੋਟ ਦੀ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਮੌਨਸੂਨ ਦੇ ਆਉਣ ਵਿੱਚ ਮਹਿਜ਼ 20-21 ਦਿਨ ਬਾਕੀ ਰਹਿ ਗਏ ਹਨ, ਉੱਥੇ ਹੀ ਦੂਜੇ ਪਾਸੇ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਸੇਮ ਨਾਲਿਆਂ ਦੀ ਸਫ਼ਾਈ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਕਿਸਾਨਾਂ ਅਤੇ ਪਿੰਡਾਂ ਦੇ ਵਸਨੀਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਣ ਅਤੇ ਨਾਲਿਆਂ ਦੇ ਟੁੱਟਣ ਦਾ ਖ਼ਤਰਾ ਵੱਧ ਗਿਆ ਹੈ, ਜਿਸ ਨਾਲ ਫ਼ਸਲਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ।

Sem-Nullah-Faridkot

ਜ਼ਿਕਰਯੋਗ ਹੈ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਲਈ ਸੇਮ ਨਾਲੇ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਲਈ ਸਰਕਾਰ ਵੱਲੋਂ ਹਰ ਸਾਲ ਇਨ੍ਹਾਂ ਦੀ ਸਫ਼ਾਈ ਲਈ ਫੰਡ ਵੀ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਮੀਂਹ ਦੇ ਮੌਸਮ ਵਿੱਚ ਜਲ ਭਰਾਅ ਦੀ ਸਮੱਸਿਆ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਪਰ ਇਸ ਵਾਰ ਮੌਨਸੂਨ ਦੇ ਨੇੜੇ ਹੋਣ ਦੇ ਬਾਵਜ਼ੂਦ ਸੇਮ ਨਾਲਿਆਂ ਦੀ ਸਫ਼ਾਈ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ।

ਇਹ ਵੀ ਪੜ੍ਹੋ: Fazilka Crime News: ਫਾਜ਼ਿਲਕਾ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਸੇਮ ਨਾਲਿਆਂ ਵਿੱਚ ਵੱਡੀ ਮਾਤਰਾ ਵਿੱਚ ਉੱਗੀ ਹੋਈ ਜੰਗਲੀ ਘਾਹ ਅਤੇ ਹੋਰ ਬੂਟੇ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣ ਰਹੇ ਹਨ। ਮੀਂਹ ਦੇ ਦਿਨਾਂ ਵਿੱਚ ਜਦੋਂ ਪਾਣੀ ਦਾ ਦਬਾਅ ਵਧਦਾ ਹੈ ਤਾਂ ਇਹ ਰੁਕਾਵਟਾਂ ਪਾਣੀ ਨੂੰ ਅੱਗੇ ਨਹੀਂ ਜਾਣ ਦਿੰਦੀਆਂ, ਜਿਸ ਕਾਰਨ ਜਾਂ ਤਾਂ ਪਾਣੀ ਓਵਰਫਲੋ ਹੋ ਜਾਂਦਾ ਹੈ ਜਾਂ ਫਿਰ ਨਾਲੇ ਟੁੱਟ ਜਾਂਦੇ ਹਨ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਸੇਮ ਨਾਲੇ ਟੁੱਟ ਗਏ ਤਾਂ ਉਨ੍ਹਾਂ ਦੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਸਾਲ 2023 ਦੌਰਾਨ ਵੀ ਲੰਗੇਆਣਾ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਕੋਠੇ ਚਹਿਲ ਨੇੜੇ ਡਰੇਨ ਟੁੱਟ ਗਈ ਸੀ। ਇਸ ਘਟਨਾ ਕਾਰਨ ਇਲਾਕੇ ਵਿੱਚ ਪਾਣੀ ਭਰ ਗਿਆ ਸੀ ਅਤੇ ਬਸਤੀ ਦੇ ਲੋਕਾਂ ਨੂੰ ਕਰੀਬ 15 ਤੋਂ 20 ਦਿਨਾਂ ਤੱਕ ਆਪਣੇ ਘਰਾਂ ਤੋਂ ਦੂਰ ਰਹਿਣਾ ਪਿਆ ਸੀ। ਪਾਣੀ ਭਰਨ ਕਾਰਨ ਕਈ ਘਰਾਂ ਵਿੱਚ ਦਰਾਰਾਂ ਆ ਗਈਆਂ ਸਨ ਅਤੇ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਸੀ।

ਭਾਵੇਂ ਕਿ ਸਬੰਧਤ ਵਿਭਾਗ ਵੱਲੋਂ ਮੌਨਸੂਨ ਤੋਂ ਪਹਿਲਾਂ ਸੇਮ ਨਾਲਿਆਂ ਦੀ ਸਫ਼ਾਈ ਕਰਵਾਉਣੀ ਹੁੰਦੀ ਹੈ, ਪਰ ਮੌਜ਼ੂਦਾ ਹਾਲਾਤਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਇਸ ਵਾਰ ਸਫ਼ਾਈ ਦਾ ਕੰਮ ਦੇਰੀ ਦਾ ਸ਼ਿਕਾਰ ਹੋਇਆ ਹੈ। ਇਸ ਸਬੰਧੀ ਜਦੋਂ ਵਿਭਾਗ ਦੇ ਐਕਸੀਅਨ ਵਿਸ਼ਾਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੇਮ ਨਾਲਿਆਂ ਦੀ ਸਫ਼ਾਈ ਲਈ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਇੱਕ-ਦੋ ਦਿਨਾਂ ਵਿੱਚ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਆਉਣ ਤੋਂ ਪਹਿਲਾਂ ਸਾਰੇ ਸੇਮ ਨਾਲਿਆਂ ਦੀ ਸਫ਼ਾਈ ਮੁਕੰਮਲ ਕਰ ਲਈ ਜਾਵੇਗੀ।

About The Author

Related Posts