Delhi NCR Weather: ਦਿੱਲੀ ਐਨਸੀਆਰ ’ਚ ਘੱਟੋ ਘੱਟ ਤਾਪਮਾਨ 17 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ
ਏਕਿਊਆਈ ਫਿਰ ਵਧਣ ਦੀ ਸੰਭਾਵਨਾ
ਨਵੀਂ ਦਿੱਲੀ। ਦਿੱਲੀ-ਐਨਸੀਆਰ ’ਚ ਮੌਸਮ ਅਚਾਨਕ ਬਦਲਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਦੀ ਗਰਮੀ ਤੋਂ ਬਾਅਦ, ਮੌਸਮ ਹੁਣ ਸੁਹਾਵਣਾ ਹੁੰਦਾ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ, ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ ਤਾਪਮਾਨ ਲਗਾਤਾਰ ਘਟਦਾ ਰਹੇਗਾ। ਮੌਸਮ ਵਿਭਾਗ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਹੋਵੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਵੇਖਦੇ ਹੋਏ, 24 ਅਕਤੂਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਡਿਗਰੀ ਤੇ ਘੱਟੋ-ਘੱਟ 19 ਡਿਗਰੀ ਰਹਿਣ ਦੀ ਉਮੀਦ ਹੈ, ਜਿਸ ’ਚ ਆਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ।
25 ਅਕਤੂਬਰ ਨੂੰ ਤਾਪਮਾਨ 33 ਡਿਗਰੀ ਤੋਂ 18 ਡਿਗਰੀ ਤੱਕ ਡਿੱਗ ਸਕਦਾ ਹੈ। 26 ਤੇ 27 ਅਕਤੂਬਰ ਨੂੰ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੀ ਉਮੀਦ ਹੈ, ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਆਸ-ਪਾਸ ਰਹੇਗਾ। ਇਸ ਸਮੇਂ ਦੌਰਾਨ ਨਮੀ ਦਾ ਪੱਧਰ ਵੀ 60 ਤੋਂ 90 ਫੀਸਦੀ ਵਿਚਕਾਰ ਰਹੇਗਾ। ਮੌਸਮ ’ਚ ਇਸ ਤਬਦੀਲੀ ਦਾ ਸਿੱਧਾ ਅਸਰ ਹਵਾ ਦੀ ਗੁਣਵੱਤਾ (ਏਕਿਊਆਈ) ’ਤੇ ਵੀ ਪੈ ਰਿਹਾ ਹੈ। ਤੇਜ਼ ਹਵਾਵਾਂ ਨੇ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਅੰਸ਼ਕ ਤੌਰ ’ਤੇ ਸੁਧਾਰ ਕੀਤਾ ਹੈ। ਹਾਲਾਂਕਿ, ਸਵੇਰੇ ਹਲਕਾ ਧੂੰਆਂ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਸਾਹ ਲੈਣ ’ਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ।
ਹਵਾ ਦੀ ਗੁਣਵੱਤਾ ਦੇ ਅੰਕੜਿਆਂ ਦੇ ਸੰਬੰਧ ਵਿੱਚ, ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤੀ ਮਿਲੀ-ਜੁਲੀ ਬਣੀ ਹੋਈ ਹੈ। ਜਾਫਰਪੁਰ ਵਿੱਚ 243 ਦਾ ਏਕਿਊਆਈ ਦਰਜ ਕੀਤਾ ਗਿਆ, ਜੋ ‘ਮਾੜਾ’ ਸ਼੍ਰੇਣੀ ਵਿੱਚ ਆਉਂਦਾ ਹੈ। ਓਖਲਾ ਫੇਜ਼-2 ਵਿੱਚ 175, ਪਟਪੜਗੰਜ ਵਿੱਚ 194 ਤੇ ਸ਼ਾਦੀਪੁਰ ਵਿੱਚ 170 ਦਾ ਏਕਿਊਆਈ ਦਰਜ ਕੀਤਾ ਗਿਆ। ਪੰਜਾਬੀ ਬਾਗ (247), ਪੂਸਾ (209), ਆਰਕੇ ਪੁਰਮ (240), ਰੋਹਿਣੀ (232), ਅਤੇ ਸਿਰੀਫੋਰਟ (209) ਵਰਗੇ ਖੇਤਰਾਂ ’ਚ ਹਵਾ ਦੀ ਗੁਣਵੱਤਾ ‘ਮਾੜਾ’ ਬਣੀ ਹੋਈ ਹੈ। ਹੋਰ ਐਨਸੀਆਰ ਸ਼ਹਿਰਾਂ ਦੇ ਸੰਬੰਧ ਵਿੱਚ, ਨੋਇਡਾ ’ਚ ਹਵਾ ਦੀ ਗੁਣਵੱਤਾ ਹੋਰ ਵੀ ਚਿੰਤਾਜਨਕ ਹੈ।
ਸੈਕਟਰ 62 ’ਚ ਏਕਿਊਆਈ 270 ਤੱਕ ਪਹੁੰਚ ਗਿਆ, ਜਦੋਂ ਕਿ ਸੈਕਟਰ 125 ’ਚ 212 ਦਰਜ ਕੀਤਾ ਗਿਆ। ਹਾਲਾਂਕਿ, ਸੈਕਟਰ 1 (140) ਤੇ ਸੈਕਟਰ 116 (135) ’ਚ ਹਵਾ ਦੀ ਗੁਣਵੱਤਾ ‘ਦਰਮਿਆਨੀ’ ਸ਼੍ਰੇਣੀ ਵਿੱਚ ਰਹੀ। ਗਾਜ਼ੀਆਬਾਦ ਵਿੱਚ, ਗੋਵਿੰਦਪੁਰਮ ’ਚ ਏਕਿਊਆਈ 281 (ਬਹੁbnnਤ ਮਾੜਾ) ਤੱਕ ਪਹੁੰਚ ਗਿਆ। ਲੋਨੀ ’ਚ ਏਕਿਊਆਈ 262, ਵੇਦ ਵਿਹਾਰ-ਲੋਨੀ ਵਿੱਚ 223, ਵਸੁੰਧਰਾ ਵਿੱਚ 213 ਤੇ ਸੰਜੇ ਨਗਰ ’ਚ 210 ਦਰਜ ਕੀਤਾ ਗਿਆ।
ਇੰਦਰਾਪੁਰਮ (196) ਤੇ ਵੇਵ ਸਿਟੀ (195) ਵਿੱਚ ਸਥਿਤੀ ਕੁਝ ਹੱਦ ਤੱਕ ਕਾਬੂ ਵਿੱਚ ਰਹੀ। ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਤਾਪਮਾਨ ਘਟਦਾ ਹੈ ਤੇ ਹਵਾ ਦੀ ਗਤੀ ਘੱਟ ਜਾਂਦੀ ਹੈ, ਪ੍ਰਦੂਸ਼ਣ ਦੇ ਕਣ ਵਾਯੂਮੰਡਲ ’ਚ ਲੰਬੇ ਸਮੇਂ ਤੱਕ ਰਹਿਣਗੇ, ਜਿਸ ਨਾਲ ਏਕਿਊਆਈ ’ਚ ਹੋਰ ਵਾਧਾ ਹੋ ਸਕਦਾ ਹੈ। ਹਾਲਾਂਕਿ ਹਵਾ ਦੀ ਗਤੀ ’ਚ ਸੁਧਾਰ ਨੇ ਹੁਣ ਲਈ ਕੁਝ ਰਾਹਤ ਪ੍ਰਦਾਨ ਕੀਤੀ ਹੈ, ਸਵੇਰ ਦੀ ਧੁੰਦ ਆਉਣ ਵਾਲੇ ਦਿਨਾਂ ’ਚ ਸਥਿਤੀ ਨੂੰ ਹੋਰ ਵਿਗਾੜ ਸਕਦੀ ਹੈ।
ਇਹ ਵੀ ਪੜ੍ਹੋ : Punjab News: ਨਹਿਰੀ ਸਿੰਚਾਈ ਨਾਲ ਪੰਜਾਬ ਦੀ ਖੇਤੀਬਾੜੀ ’ਚ ਆ ਰਿਹਾ ਬਦਲਾਅ, ਧਰਤੀ ਹੇਠਲੇ ਪਾਣੀ ਦਾ ਪੱਧਰ ਚਾਰ ਮੀਟਰ ਵਧਿਆ : ਮੁੱਖ ਮੰਤਰੀ ਮਾਨ