Punjab BJP Action: ਸਾਬਕਾ ਕੌਂਸਲਰ ਹਨੀ ਗੋਇਲ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ
ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ’ਚ ਕੀਤੀ ਕਾਰਵਾਈ
Punjab BJP Action: (ਜਸਵੰਤ ਰਾਏ) ਜਗਰਾਓਂ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ’ਚ ਇਕ ਸਾਬਕਾ ਕੌਂਸਲਰ ਅਤੇ ਇਕ ਹੋਰ ਵਰਕਰ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ, ਜ਼ਿਕਰਯੋਗ ਹੈ ਕਿ ਜਗਰਾਉਂ ਨਗਰ ਕੌਂਸਲ ਚੋਣਾਂ ’ਚ ਵਾਰਡ ਨੰਬਰ 20 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਸ਼ ਸਿੰਗਲਾ ਦੇ ਖਿਲਾਫ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਵਾਲੇ ਹਨੀ ਗੋਇਲ ਅਤੇ ਉਸ ਦੇ ਸਮਰਥਕ ਪਰਦੂਮਨ ਬਾਂਸਲ ਨੂੰ ਪਾਰਟੀ ਵਿੱਚੋਂ ਚੱਲਦਾ ਕਰਦਿਆਂ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ।
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਪਾਰਟੀ ਦੇ ਸਰਕਲ ਪ੍ਰਧਾਨ ਨਵਨੀਤ ਗੁਪਤਾ ਦੀ ਸਿਫਾਰਸ਼ ’ਤੇ ਪਾਰਟੀ ਹਾਈਕਮਾਂਡ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਪਾਰਟੀ ਦੀਆਂ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਵਰਕਰਾਂ ਵੱਲੋਂ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਾ ਰਿਹਾ ਸੀ ਅਤੇ ਹੁਣ ਤਾਂ ਬਕਾਇਦਾ ਤੌਰ ’ਤੇ ਪਾਰਟੀ ਉਮੀਦਵਾਰ ਦੀ ਵਿਰੋਧਤਾ ਵਿੱਚ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੀ ਜਾ ਰਹੀ ਹੈ, ਜਿਸ ਦਾ ਪਾਰਟੀ ਨੇ ਨੋਟਿਸ ਲੈਂਦਿਆਂ ਇਹਨਾਂ ਦੀ ਮੁੱਢਲੀ ਮੈਂਬਰਸ਼ਿਪ ਨੂੰ ਖਾਰਜ ਕਰਨ ਦਾ ਫੈਸਲਾ ਲਿਆ ਹੈ, ਉਹਨਾਂ ਦੱਸਿਆ ਕਿ ਭਾਜਪਾ ਇਕ ਅਨੁਸ਼ਾਸਿਤ ਪਾਰਟੀ ਹੈ।
ਉਹਨਾਂ ਦੱਸਿਆ ਕਿ ਜਗਰਾਉਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸਾਰੇ ਵਾਰਡਾਂ ਵਿੱਚ ਪਾਰਟੀ ਉਮੀਦਵਾਰ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਅਤੇ ਲਗਾਤਾਰ ਸ਼ਹਿਰ ਵਾਸੀਆਂ ਦਾ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲੇ ਨਤੀਜਿਆਂ ਵਿੱਚ ਭਾਜਪਾ ਸਫਲ ਹੋਵੇਗੀ।