Electric Bus Service: ਹਰਿਆਣਾ ਦੇ 10 ਸ਼ਹਿਰਾਂ ’ਚ ਮਈ ਤੋਂ ਚੱਲਣਗੀਆਂ 90 ਨਵੀਆਂ ਇਲੈਕਟ੍ਰਿਕ ਬੱਸਾਂ
ਸ਼ਹਿਰਾਂ ਵਿੱਚ ਜਨਤਕ ਆਵਾਜਾਈ ਨੂੰ ਹੋਰ ਬਿਹਤਰ, ਸੁਰੱਖਿਅਤ ਅਤੇ ਵਾਤਾਵਰਨ ਬਚਾਉਣ ਲਈ ਉਪਰਾਲਾ
ਚੰਡੀਗੜ੍ਹ (ਬਿਊਰੋ)। ਹਰਿਆਣਾ ਵਿੱਚ ਮਈ ਮਹੀਨੇ ਦੇ ਅੰਤ ਤੱਕ ਸੂਬੇ ਦੇ 10 ਸ਼ਹਿਰਾਂ ਵਿੱਚ 90 ਨਵੀਆਂ ਇਲੈਕਟ੍ਰਿਕ ਸਿਟੀ ਬੱਸਾਂ ਚਲਾਈਆਂ ਜਾਣਗੀਆਂ। ਇਸ ਪਹਲ ਦਾ ਮਕਸਦ ਸ਼ਹਿਰਾਂ ਵਿੱਚ ਜਨਤਕ ਆਵਾਜਾਈ ਨੂੰ ਹੋਰ ਬਿਹਤਰ, ਸੁਰੱਖਿਅਤ ਅਤੇ ਵਾਤਾਵਰਨ ਬਚਾਊ ਬਣਾਉਣਾ ਹੈ। ਮੌਜ਼ੂਦਾ ਸਮੇਂ ਵਿੱਚ ਸੂਬੇ ਵਿੱਚ 65 ਸਿਟੀ ਬੱਸਾਂ ਚੱਲ ਰਹੀਆਂ ਹਨ। ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਜੂਨ ਦੇ ਪਹਿਲੇ ਹਫ਼ਤੇ ਤੱਕ ਇਹ ਗਿਣਤੀ ਵੱਧ ਕੇ 155 ਹੋਣ ਦੀ ਉਮੀਦ ਹੈ। ਇਸ ਨਾਲ ਸਵਾਰੀਆਂ ਨੂੰ ਵੱਧ ਰੂਟਾਂ ’ਤੇ ਸਹੂਲਤਾਂ ਭਰਿਆ ਅਤੇ ਸਮੇਂ ਸਿਰ ਸਫ਼ਰ ਦਾ ਬਦਲ ਮਿਲੇਗਾ।

ਖ਼ਾਸ ਕਰਕੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੂੰ ਇਸ ਨਾਲ ਕਾਫ਼ੀ ਰਾਹਤ ਮਿਲਣ ਦੀ ਸੰਭਾਵਨਾ ਹੈ। ਨਵੀਆਂ ਬੱਸਾਂ ਨੂੰ ਸੇਵਾ ਵਿੱਚ ਲਿਆਉਣ ਤੋਂ ਪਹਿਲਾਂ ਇੱਕ ਵਿਭਾਗੀ ਕਮੇਟੀ ਵੱਲੋਂ ਉਨ੍ਹਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਜਾਵੇਗਾ। ਇਸ ਦੌਰਾਨ ਤਕਨੀਕੀ ਗੁਣਵੱਤਾ, ਸੁਰੱਖਿਆ ਮਾਪਦੰਡਾਂ ਅਤੇ ਹੋਰ ਜ਼ਰੂਰੀ ਪੱਖਾਂ ਦੀ ਜਾਂਚ ਕੀਤੀ ਜਾਵੇਗੀ। ਸਾਰੇ ਮਾਪਦੰਡ ਪੂਰੇ ਕਰਨ ਤੋਂ ਬਾਅਦ ਹੀ ਇਹ ਬੱਸਾਂ ਵੱਖ-ਵੱਖ ਸ਼ਹਿਰਾਂ ਦੇ ਰੂਟਾਂ ’ਤੇ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਬੰਧਿਤ ਜ਼ਿਲ੍ਹਿਆਂ ਵਿੱਚ ਬੱਸ ਨਿਰਮਾਤਾ ਕੰਪਨੀਆਂ ਵੱਲੋਂ ਹੋਰ ਬੱਸਾਂ ਵੀ ਭੇਜੀਆਂ ਜਾਣਗੀਆਂ।