ਸ਼ਹੀਦ ਨਰਿੰਦਰ ਨੂੰ ਅਜੇ ਨਹੀਂ ਮਿਲੀ ਸੀ ਅਗਨੀ, ਜਾਖੜ ਨੇ ਅਲਾਪਿਆ ਪਾਕਿਸਤਾਨੀ ਪ੍ਰੇਮ

Shaheed Narinder, Not Fire Yet, Jakhar, Wished, Pakistani Love

ਕਿਹਾ, ਜਦੋਂ ਦੱਖਣੀ ਤੇ ਉੱਤਰੀ ਕੋਰੀਆ ਪ੍ਰੇਮ ਪਿਆਰ ਦੀ ਗੱਲ ਕਰ ਸਕਦੇ ਹਨ ਤਾਂ ਪਾਕਿ-ਭਾਰਤ ਕਿਉਂ ਨਹੀਂ

ਚੰਡੀਗੜ੍ਹ, ਅਸ਼ਵਨੀ ਚਾਵਲਾ

ਪਾਕਿਸਤਾਨ ਵੱਲੋਂ ਵਿਖਾਈ ਗਈ ਹੈਵਾਨੀਅਤ ਦੌਰਾਨ ਸ਼ਹੀਦ ਹੋਏ ਬੀਐੱਸਐੱਫ਼ ਦੇ ਜਵਾਨ ਦੇਸ਼ ਦੇ ਸਪੂਤ ਨਰਿੰਦਰ ਸਿੰਘ ਨੂੰ ਅਜੇ ਅਗਨੀ ਵੀ ਭੇਂਟ ਨਹੀਂ ਹੋਈ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਦਿਲ ‘ਚ ਪਾਕਿਸਤਾਨ ਪ੍ਰੇਮ ਜਾਗ ਗਿਆ ਹੈ। ਸੁਨੀਲ ਜਾਖੜ ਨੇ ਭਰਵੀਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪਾਕਿਸਤਾਨ ਨਾਲ ਦੋਸਤੀ ਕਰਦੇ ਹੋਏ ਪ੍ਰੇਮ ਪਿਆਰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਕਾਂਗਰਸ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਵਿਚਕਾਰ ਪਿਆਰ ਦੀ ਬਹਾਲੀ ਹੋਣੀ ਚਾਹੀਦੀ ਹੈ, ਜਿਸ ਨਾਲ ਦੋਵੇਂ ਦੇਸ਼ ਵਿੱਚ ਸ਼ਾਂਤੀ ਆ ਜਾਏਗੀ।

ਉਨ੍ਹਾਂ ਕਿਹਾ ਕਿ ਜਦੋਂ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦਰਮਿਆਨ ਸ਼ਾਂਤੀ ਬਹਾਲੀ ਦੀ ਗੱਲਬਾਤ ਕੀਤੀ ਜਾ ਸਕਦੀ ਹੈ ਤਾਂ ਪਾਕਿਸਤਾਨ ਨਾਲ ਭਾਰਤ ਕਿਉਂ ਨਹੀਂ ਕਰ ਸਕਦਾ ਹੈ। ਇਸ ਮੌਕੇ ਜਦੋਂ ਸੁਨੀਲ ਜਾਖੜ ਤੋਂ ਸ਼ਹੀਦ ਹੋਏ ਜਵਾਨ ਨਰਿੰਦਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਦੀ ਡਿਪਲੋਮੇਸੀ ਨਾਲ ਉਹ ਪੂਰੀ ਤਰ੍ਹਾਂ ਖੜ੍ਹੇ ਹਨ ਪਰ ਇਸ ਡਿਪਲੋਮੇਸੀ ਦੌਰਾਨ ਹੀ ਭਾਰਤ ਇਨ੍ਹਾਂ ਚੀਜ਼ਾਂ ਦੇ ਬਾਵਜੂਦ ਗੱਲਬਾਤ ਜਾਰੀ ਰੱਖ ਸਕਦਾ ਹੈ, ਜਿਸ ਬਾਰੇ ਉਹ ਵੀ ਕਹਿ ਰਹੇ ਹਨ ਕਿ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈ।

ਜਾਖੜ ਦੀ ਪਾਕਿ ਨਾਲ ਦੇਸ਼ ਭਗਤੀ ਲਗਾ ਦੇਵੇਗੀ ਦੇਸ਼ ‘ਚ ਅੱਗ : ਮਨਜਿੰਦਰ ਸਰਸਾ

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਰਸਾ ਨੇ ਜਾਖੜ ਦੇ ਦਿਲ ਵਿੱਚ ਜਾਗੇ ਪਾਕਿਸਤਾਨੀ ਪ੍ਰੇਮ ਲਈ ਕਿਹਾ ਕਿ ਸੁਨੀਲ ਜਾਖੜ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਉਹ ਸਿੱਧੂ ਵਾਂਗ ਕਿਸਦੇ ਹੱਥਾਂ ਵਿੱਚ ਖੇਡਦੇ ਹੋਏ ਇਹੋ ਜਿਹੇ ਬਿਆਨ ਦੇਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਾਖੜ ਦੀ ਪਾਕਿਸਤਾਨ ਪ੍ਰਤੀ ਦੇਸ਼ ਭਗਤੀ ਪੂਰੇ ਦੇਸ਼ ਵਿੱਚ ਅੱਗ ਲਗਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਿਹੜੀ ਖੇਡ ਖੇਡਣ ‘ਚ ਲੱਗਾ ਹੋਇਆ ਹੈ, ਉਸ ਵਿੱਚ ਸਿੱਧੂ ਤੇ ਜਾਖੜ ਮੋਹਰਾ ਬਣ ਕੇ ਉਨ੍ਹਾਂ ਦਾ ਸਾਥ ਦੇਣ ਲਈ ਲੱਗੇ ਹੋਏ ਹਨ। ਅੱਜ ਤੋਂ 30 ਸਾਲ ਪਹਿਲਾਂ ਵੀ ਪਾਕਿਸਤਾਨੀ ਆਈ.ਐਸ.ਆਈ. ਨੇ ਧਾਰਮਿਕ ਮੁੱਦਿਆਂ ‘ਚ ਦਖ਼ਲ ਅੰਦਾਜੀ ਕਰਦੇ ਹੋਏ ਪੰਜਾਬ ‘ਚ ਅੱਗ ਲਗਾਈ ਸੀ ਤੇ ਹੁਣ ਵੀ ਇਹੋ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਨਜਿੰਦਰ ਸਰਸਾ ਨੇ ਕਿਹਾ ਕਿ ਸੁਨੀਲ ਜਾਖੜ ਪਾਕਿਸਤਾਨੀ ਪ੍ਰੇਮ ‘ਚ ਇੰਨਾ ਜਿਆਦਾ ਪੈ ਗਏ ਹਨ ਕਿ ਉਨ੍ਹਾਂ ਨੂੰ ਅੱਜ ਹੋਈ ਦੇਸ਼ ਦੇ ਜਵਾਨ ਦੀ ਮਹਾਨ ਸ਼ਹੀਦੀ ਵੀ ਯਾਦ ਨਹੀਂ ਰਹੀ ਹੈ। ਭਾਰਤ ਨੂੰ ਸ਼ਾਂਤੀ ਦਾ ਨੂੰ ਪਾਠ ਪੜ੍ਹਾਉਣ ਦੀ ਥਾਂ ‘ਤੇ ਸੁਨੀਲ ਜਾਖੜ ਜਿਹੜੇ ਦੇਸ਼ ਪਾਕਿਸਤਾਨ ਲਈ ਦੇਸ਼ ਪ੍ਰੇਮ ਦਿਖਾ ਰਹੇ ਹਨ, ਉਨ੍ਹਾਂ ਨੂੰ ਕਹਿਣ ਕਿ ਇਹੋ ਜਿਹੀ ਨਾਪਾਕ ਹਰਕਤਾਂ ਤੋਂ ਬਾਜ਼ ਆ ਜਾਣ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਵੱਲੋਂ ਕੀਤੀਆਂ ਗਈਆਂ ਇਹੋ ਜਿਹੀਆਂ ਪਾਕਿਸਤਾਨੀ ਪ੍ਰੇਮ ਦੀਆਂ ਗੱਲਾਂ ਅੱਜ ਦੇ ਦਿਨ ਬਹੁਤ ਹੀ ਦੁਖਦਾਈ ਹਨ, ਜਦੋਂ ਇੱਕ ਸ਼ਹੀਦ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।