ਪੰਜਾਬ ਦੇ ਕਿਸਾਨਾਂ ਸਦਕਾ ਦੁਨੀਆਂ ਨੂੰ ਮਿਲੀ ਖੇਤੀ ਕਰਨ ਦੀ ਸੇਧ : ਕਰਜ਼ਈ

Guidance, Farming World, Farmers, Punjab, Karzai

ਪੀਏਯੂ ਦਾ ਕਿਸਾਨ ਮੇਲਾ ਹੋਇਆ ਆਰੰਭ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਿੰਨ ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਇਸ ਮੇਲੇ ਵਿੱਚ ਪੰਜਾਬ ਤੋਂ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਤੋਂ ਵੀ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਏ ਹਨ। ‘ਆਓ ਧਰਤੀ ਮਾਂ ਬਚਾਈਏ ਪਰਾਲੀ ਨੂੰ ਅੱਗ ਨਾ ਲਾਈਏ’ ਦੇ ਨਾਅਰੇ ਨਾਲ ਵਾਤਾਵਰਨ ਬਚਾਉਣ ਦਾ ਸੁਨੇਹਾ ਲੈ ਕੇ ਸ਼ੁਰੂ ਹੋਏ ਇਸ ਕਿਸਾਨ ਮੇਲੇ ਦਾ ਉਦਘਾਟਨ ਸ੍ਰੀ ਵੀ. ਪੀ. ਸਿੰਘ ਬਦਨੌਰ, ਮਾਣਯੋਗ ਰਾਜਪਾਲ ਪੰਜਾਬ ਤੇ ਚਾਂਸਲਰ ਪੀਏਯੂ ਨੇ ਕੀਤਾ। ਇਸ ਵਿੱਚ ਜਨਾਬ ਹਾਮਿਦ ਕਰਜ਼ਈ ਸਾਬਕਾ ਰਾਸ਼ਟਰਪਤੀ ਅਫਗਾਨਿਸਤਾਨ ਤੇ ਸ਼੍ਰੀ ਅਜੇਵੀਰ ਜਾਖੜ, ਚੇਅਰਮੈਨ ਪੰਜਾਬ ਰਾਜ ਕਿਸਾਨ ਭਲਾਈ ਕਮਿਸ਼ਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।

ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਨਾਬ ਹਾਮਿਦ ਕਰਜ਼ਈ ਨੇ ਕਿਹਾ ਕਿ ਭਾਰਤ ਵਿਸ਼ੇਸ਼ ਕਰਕੇ ਪੰਜਾਬ ਨਾਲ ਆਪਣੇ ਪੁਰਾਣੇ ਤੇ ਨਿੱਘੇ ਸਬੰਧਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਮਹਿਮਾਨ ਨਿਵਾਜ਼ ਤਬੀਅਤ ਦੀ ਸ਼ਲਾਘਾ ਕੀਤੀ ਤੇ ਇਨ੍ਹਾਂ ਕਿਸਾਨਾਂ ਨੂੰ ਪੂਰੀ ਦੁਨੀਆਂ ਲਈ ਲਗਨ ਤੇ ਕਿਰਤ ਪੱਖੋਂ ਮਿਸਾਲ ਕਿਹਾ। ਉਨ੍ਹਾਂ ਨੇ ਪੰਜਾਬ ਦੀ ਧਰਤੀ ਦੀ ਹਰਿਆਲੀ ਨੂੰ ਪੰਜਾਬੀ ਕਿਸਾਨ ਦੀ ਮਿਹਨਤ ਦਾ ਸਿੱਟਾ ਕਿਹਾ ਤੇ ਇਹ ਵੀ ਕਿਹਾ ਕਿ ਮੈਂ ਇੰਨੇ ਜ਼ਿਆਦਾ ਗਿਣਤੀ ਵਿੱਚ ਕਿਸਾਨਾਂ ਨੂੰ ਮੇਲੇ ਵਿੱਚ ਦੇਖ ਕੇ ਖੁਸ਼ੀ ਭਰੀ ਹੈਰਾਨੀ ਨਾਲ ਭਰ ਗਿਆ ਹਾਂ। ਇਸ ਦਾ ਅਰਥ ਇਹ ਹੈ ਕਿ ਪੰਜਾਬ ਦਾ ਕਿਸਾਨ ਨਵੀਆਂ ਤਕਨੀਕਾਂ ਜਾਨਣ ਲਈ ਬਹੁਤ ਤੱਤਪਰ ਰਹਿੰਦਾ ਹੈ।

ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ‘ਚ ਜੋ ਯੋਗਦਾਨ ਪਾਇਆ ਹੈ, ਉਸ ਦੀ ਕਿਤੇ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਪੰਜਾਬ ਦਾ ਕਿਸਾਨ ਅਗਾਂਹਵਧੂ ਹੈ ਇਸੇ ਲਈ ਨਵੀਂ ਤਕਨਾਲੋਜੀ ਅਪਣਾ ਲੈਂਦਾ ਹੈ। ਪੰਜਾਬ ਦੇ ਸੂਝਵਾਨ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਨੂੰ ਖੇਤੀ ਕਰਨ ਦੀ ਜਾਚ ਸਿਖਾਉਣ ਵਿੱਚ ਵੀ ਪੰਜਾਬੀ ਕਿਸਾਨਾਂ ਦਾ ਵੱਡਾ ਯੋਗਦਾਨ ਹੈ।  ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਤਾਕੀਦ ਕਰਦਿਆਂ ਹੈਪੀ ਸੀਡਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਪੰਜਾਬ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਜੇਵੀਰ ਜਾਖੜ ਨੇ ਕਿਹਾ ਕਿ ਪੰਜਾਬ ਦਾ 100 ਪ੍ਰਤੀਸ਼ਤ ਇਲਾਕਾ ਸੇਂਜੂ ਹੈ ਅਤੇ ਉਤਪਾਦਨ ਪੂਰੇ ਦੇਸ਼ ਨਾਲੋਂ ਔਸਤ ਵਿੱਚ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਕਿਸਾਨ ਨੂੰ ਨਵੀਂ ਮਿਸਾਲ ਪੇਸ਼ ਕਰਦਿਆਂ ਆਪਣੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਅੱਗੇ ਆਉਣਾ ਪਵੇਗਾ। ਇਸ ਮੌਕੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨਨਹੇੜਾ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ (ਸੰਗਰੂਰ) ਰਾਜਪਾਲ ਸਰਵੋਤਮ ਨੂੰ ਪਿੰਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੰਤ ‘ਚ ਸਭ ਦਾ ਧੰਨਵਾਦ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਸਿੱਖਿਆ ਨੇ ਕੀਤਾ। ਸਮੁੱਚੇ ਸਮਾਗਮ ਦੀ ਕਾਰਵਾਈ ਡਾ. ਜਸਵਿੰਦਰ ਸਿੰਘ ਭੱਲਾ ਨੇ ਚਲਾਈ।

ਸਮਾਗਮ ਵਿੱਚ ਹੋਰਾਂ ਤੋਂ ਬਿਨਾਂ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ, ਡਾ. ਦਰਸ਼ਨ ਸਿੰਘ ਬਰਾੜ, ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਪੁਸ਼ਪਿੰਦਰ ਸਿੰਘ ਔਲਖ, ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਜਸਬੀਰ ਸਿੰਘ ਬੈਂਸ, ਡਾ. ਰਾਜਿੰਦਰ ਸਿੰਘ ਸਿੱਧੂ ਰਜਿਸਟਰਾਰ, ਡਾਇਰੈਕਟਰ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਦੋਵਾਂ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਪੀਏਯੂ ਦਾ ਖੇਤੀ ਸਾਹਿਤ ਵੀ ਰਿਲੀਜ਼ ਕੀਤਾ ਗਿਆ, ਜਿਸ ‘ਚ ‘ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੇ ਉੱਦਮੀ’ ਕਿਸਾਨ ਕਿਤਾਬ ਦੇ ਨਾਲ ‘ਸਾੜੀ ਨਾ ਪਰਾਲੀ’ ਆਡੀਓ ਤੇ ਇੱਕ ਵੀਡੀਓ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਪੀਏਯੂ ਕਿਸਾਨ ਐਪ ਵੀ ਕਿਸਾਨਾਂ ਲਈ ਜਾਰੀ ਕੀਤੀ ਗਈ ਜੋ ਖਬਰ ਲਿਖਣ ਤੱਕ 100 ਤੋਂ ਵੱਧ ਕਿਸਾਨਾਂ ਨੇ ਡਾਊਨਲੋਡ ਕਰ ਲਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।