ਮਨੁੱਖੀ ਚਮੜੀ ਹੈ ਸੂਰਜ ਦੀ ਤਪਸ਼ ਤੋਂ ਬਚਣ ਲਈ ਸਮਰੱਥ

Human Skin

ਸੰਗਰੂਰ (ਗੁਰਪ੍ਰੀਤ)। ਮੌਸਮ ’ਚ ਜਿਵੇਂ-ਜਿਵੇਂ ਤਾਪਮਾਨ ਵਧਦਾ ਜਾ ਰਿਹਾ ਹੈ, ਆਮ ਜਨਤਾ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਸਾਰੇ ਗਰਮੀ ਨਾਲ ਬੇਹਾਲ ਹਨ। ਗਰਮੀ ਤੋਂ ਬਚਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਉਂਜ ਤਾਂ ਮਨੁੱਖੀ ਚਮੜੀ ’ਚ ਸੁਭਾਵਿਕ ਤੌਰ ’ਤੇ ਸੂਰਜ ਦੀ ਤਪਸ਼ ਤੋਂ ਬਚਣ ਦੀ ਸਮਰੱਥਾ ਹੁੰਦੀ ਹੈ। ਚਮੜੀ ’ਚ ਮੌਜੂਦ ਮਿਲੇਨਿਨ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੋਸ਼ਿਕਾਵਾਂ ਦੇ ਚਾਰੇ ਪਾਸੇ ਇੱਕ ਸੁਰੱਖਿਆਤਮਕ ਕਵਚ ਬਣਾਉਂਦਾ ਹੈ ਜਿਸ ਨਾਲ ਪਰਾਬੈਂਗਣੀ ਕਿਰਨਾਂ ਸਰੀਰ ’ਚ ਪ੍ਰ੍ਰਵੇਸ਼ ਨਹੀਂ ਕਰਦੀਆਂ ਅਤੇ ਸੂਰਜ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। (Human Skin)

Human Skin

ਗੋਰੇ ਲੋਕਾਂ ’ਚ ਮਿਲੇਨਿਨ ਦੀ ਮਾਤਰਾ ਘੱਟ ਹੋਣ ਕਾਰਨ ਉਨ੍ਹਾਂ ਦੀ ਚਮੜੀ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਅਤ ਨਹੀਂ ਹੁੰਦੀ ਜਿਸ ਨਾਲ ਉਨ੍ਹਾਂ ਨੂੰ ਜਲਣ ਜਾਂ ਸਾਈਡ ਇਫੈਕਟ ਹੋ ਸਕਦੇ ਹਨ। ਇੱਥੋਂ ਤੱਕ ਕਿ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਉਨ੍ਹਾਂ ’ਚ ਚਮੜੀ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀਆਂ ਹਨ। ਸੂਰਜ ਦੀ ਤੇਜ਼ ਧੁੱਪ ਤੋਂ ਬਚਣ ਲਈ ਸਿਰਫ਼ ਸਨਸਕ੍ਰੀਨ ਦੀ ਵਰਤੋਂ ਕਾਫ਼ੀ ਨਹੀਂ।

ਤੇਜ਼ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ:

  1. ਹੀਟ ਸਿਨਕੋਪ : ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ’ਚ ਪਹਿਲਾਂ ਤੋਂ ਪਾਣੀ ਦੀ ਕਮੀ ਹੈ ਜਾਂ ਲੋਕ ਤੇਜ਼ ਧੁੱਪ ਦੇ ਆਦੀ ਨਹੀਂ ਹਨ। ਬਹੁਤ ਦੇਰ ਤੱਕ ਧੁੱਪ ’ਚ ਖੜ੍ਹੇ ਰਹਿਣ ’ਤੇ ਚੱਕਰ ਆਉਣਾ ਜਾਂ ਸਿਰ ’ਚ ਹਲਕਾ ਦਰਦ ਹੋ ਸਕਦਾ ਹੈ।
  2. ਹੀਟ ਕ੍ਰੇਮਪਸ: ਜੋ ਲੋਕ ਬਹੁਤ ਤੇਜ਼ ਧੁੱਪ ’ਚ ਔਖਾ ਕੰਮ ਕਰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ’ਚੋਂ ਪਾਣੀ ਅਤੇ ਨਮਕ ਦੀ ਕਮੀ ਹੋ ਜਾਂਦੀ ਹੈ। ਪਾਣੀ ਅਤੇ ਨਮਕ ਦੀ ਕਮੀ ਹੋਣ ਨਾਲ ਮਾਸਪੇਸ਼ੀਆਂ, ਹੱਥਾਂ-ਪੈਰਾਂ ’ਚ ਦਰਦ ਜਾਂ ਪੇਟ ’ਚ ਦਰਦ ਹੋ ਜਾਂਦਾ ਹੈ।
  3. ਹੀਟ ਰੈਸ਼ (ਘਮੋਰੀਆਂ) : ਚਮੜੀ ’ਤੇ ਇਰੀਟੇਸ਼ਨ ਹੁੰਦਾ ਹੈ ਜੋ ਬੇਹੱਦ ਪਸੀਨਾ ਆਉਣ ਨਾਲ ਹੁੰਦਾ ਹੈ ਤੇਜ਼ ਗਰਮੀ ਅਤੇ ਖੁਸ਼ਕ ਵਾਤਾਵਰਨ ’ਚ ਕੰਮ ਕਰਨ ’ਤੇ ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਲਾਲ ਰੰਗ ਦੇ ਦਾਣੇ (ਘਮੋਰੀਆਂ) ਮੱਥੇ, ਚਿਹਰੇ ਛਾਤੀ ਅਤੇ ਪਿੱਠ ਦੇ ਉੱਪਰੀ ਹਿੱਸੇ ’ਚ, ਕਮਰ ਜਾਂ ਕੂਹਣੀ ਦੇ ਅੰਦਰ ਵਾਲੇ ਹਿੱਸੇ ’ਚ ਹੋ ਸਕਦੀਆਂ ਹਨ। ਇਸ ਕਾਰਨ ਜਲਣ, ਚੁਭਣ ਜਾਂ ਦਰਦ ਹੋ ਸਕਦਾ ਹੈ।
  4. ਹੀਟ ਐਗਜਾਸ਼ਨ: ਬਹੁਤ ਜ਼ਿਆਦਾ ਤਾਪਮਾਨ ’ਚ ਜ਼ਿਆਦਾ ਦੇਰ ਤੱਕ ਕੰਮ ਕਰਨ ਨਾਲ ਸਰੀਰ ’ਚ ਬਹਤੁ ਜਿਆਦਾ ਪਸੀਨਾ ਆਉਣ ਕਾਰਨ ਪਾਣੀ ਅਤੇ ਇਸ ’ਚ ਸਿਰਦਰਦ, ਉਲਟੀ ਆਉਣਾ, ਚੱਕਰ ਆਉਣਾ, ਮਾਸਪੇਸ਼ੀਆਂ ’ਚ ਦਰਦ, ਕਮਜ਼ੋਰੀ, ਚਿੜਾਚਿੜਾਪਣ ਜ਼ਿਆਦਾ ਪਿਆਸ ਲੱਗਣੀ, ਬਹੁਤ ਜਿਆਦਾ ਪਸੀਨਾ ਆਉਣਾ, ਸਰੀਰ ਦਾ ਤਾਪਮਾਨ ਵਧ ਜਾਣਾ ਜਾਂ ਪਿਸ਼ਾਬ ਘੱਟ ਹੋਣਾ ਹੈ।
  5. ਹੀਟ ਸਟ੍ਰੋਕ (ਲੋਅ ਲੱਗਣਾ): ਗਰਮ ਵਾਤਾਵਰਨ ’ਚ ਦੇਰ ਤੱਕ ਕੰਮ ਕਰਨ ਨਾਲ ਸਰੀਰ ਆਪਣੇ ਤਾਪਮਾਨ ਨੂੰ ਕੰਟਰੋਲ ਕਰਨ ’ਚ ਅਸਮਰੱਥ ਹੋ ਜਾਂਦਾ ਹੈ। ਪਸੀਨਾ ਆਉਣ ਦੀ ਪ੍ਰਕਿਰਿਆ ਬੇਕਾਬੂ ਹੋ ਜਾਣ ਕਾਰਨ 10 ਤੋਂ 15 ਮਿੰਟ ਅੰਦਰ ਸਰੀਰ ਦਾ ਤਾਪਮਾਨ 106 ਡਿਗਰੀ ਫਾਰਨਹੀਟ ਜਾਂ ਉਸ ਤੋਂ ਜਿਆਦਾ ਹੋ ਜਾਂਦਾ ਹੈ। ਸਰੀਰ ’ਚੋਂ ਪਸੀਨਾ ਆਉਣਾ ਬੰਦ ਹੋ ਜਾਂਦਾ ਹੈ, ਬੇਹੋਸ਼ੀ ਆਉਣ ਲੱਗਦੀ ਹੈ, ਮਰੀਜ ਕੋਮਾ ’ਚ ਜਾ ਸਕਦਾ ਹੈ, ਜੁਬਾਨ ਲੜਖੜਾਉਂਦੀ ਹੈ, ਚਮੜੀ ਸੁੱਕੀ ਗਰਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ’ਚ ਦੌਰਾ ਆਉਣ ਦਾ ਵੀ ਖ਼ਤਰਾ ਹੁੰਦਾ ਹੈ। ਇਹ ਸਭ ਤੋਂ ਜਿਆਦਾ ਗੰਭੀਰ ਸਥਿਤੀ ਹੈ ਕਿਉਂਕਿ ਸਹੀ ਸਮੇਂ ’ਤੇ ਇਲਾਜ ਨਾ ਮਿਲਣ ’ਤੇ ਸਥਾਈ ਰੂਪ ’ਚ ਅਸਮਰੱਥਾ ਜਾਂ ਮੌਤ ਵੀ ਹੋ ਸਕਦੀ ਹੈ।

ਕੀ ਕਰੀਏ ਇਲਾਜ:

ਸਭ ਤੋਂ ਪਹਿਲਾਂ ਮਰੀਜ਼ ਨੂੰ ਧੁੱਪ ਜਾਂ ਗਰਮ ਵਾਤਾਵਰਨ ’ਚੋਂ ਕੱਢ ਕੇ ਕਿਸੇ ਠੰਢੀ ਥਾਂ ’ਤੇ ਲੈ ਕੇ ਜਾਓ, ਪੱਖਾ, ਕੂਲਰ, ਏਸੀ ਨਾਲ ਠੰਢਕ ਦਿੱਤੀ ਜਾਵੇ। ਤਰਲ ਪਦਾਰਥ ਜਿਵੇਂ ਪਾਣੀ, ਨਿੰਬੂ ਦੀ ਸ਼ਿਕੰਜਵੀ, ਨਾਰੀਅਲ ਦਾ ਪਾਣੀ, ਓਆਰਐਸ ਦਾ ਘੋਲ ਦਿੱਤਾ ਜਾਵੇ ਤਾਂ ਕਿ ਸਰੀਰ ’ਚ ਪਾਣੀ ਅਤੇ ਨਮਕ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਜੇਕਰ ਤੁਹਾਡੇ ਕੋਲ ਪਾਣੀ ਦੀ ਸੁਵਿਧਾ ਹੈ ਤਾਂ ਠੰਢੇ ਪਾਣੀ ਨਾਲ ਤਾਪਮਾਨ ਨੂੰ ਘੱਟ ਕਰਨ ਦਾ ਯਤਨ ਕਰੋ। ਕੱਪੜਿਆਂ ਨੂੰ ਠੰਡੇ ਪਾਣੀ ਨਾਲ ਗਿੱਲਾ ਕਰੋ।

Also Read : Covid Variant FLiRT: ਵਾਇਰਸ ਦਾ ਨਵਾਂ ਰੂਪ ਫਲਿਰਟ FLiRT, ਜਾਣੋ ਕਿੰਨਾ ਹੈ ਡਰਾਉਣਾ

ਠੰਢੇ ਪਾਣੀ ਨਾਲ ਸਿਰ ਦੇ ਉੁਪਰ, ਵੱਖੀਆਂ ਅਤੇ ਪੱਟਾਂ ’ਤੇ ਠੰਢੇ ਪਾਣੀ ਦੇ ਤੌਲੀਏ ਰੱਖੋ। ਜੇਕਰ ਕਿਸੇ ਨੂੰ ਚੱਕਰ ਆਉਣ ਤਾਂ ਤੁਸੀਂ ਉਸ ਨੂੰ ਲਿਟਾ ਸਕਦੇ ਹੋ। ਜੇਕਰ ਕਿਸੇ ਨੂੰ ਲੋਅ ਲੱਗੀ ਹੈ ਅਤੇ ਉਸ ਦਾ ਤਾਪਮਾਨ ਬਹੁਤ ਜ਼ਿਆਦਾ ਹੈ, ਬੇਹੋਸ਼ ਹੈ, ਉਮਰ 4 ਸਾਲ ਤੋਂ ਘੱਟ ਜਾਂ 65 ਸਾਲ ਤੋਂ ਜਿਆਦਾ ਹੈ, ਨਾਲ ਹੋਰ ਬਿਮਾਰੀਆਂ ਹਨ, ਤਾਂ ਪੀੜਤ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ ਤਾਂ ਕਿ ਉਸ ਨੂੰ ਸਮੇਂ ਸਿਰ ਇਲਾਜ ਦੇ ਕੇ ਉਸ ਦੀ ਜਾਨ ਬਚਾਈ ਜਾ ਸਕੇ।

ਬਚਾਅ ਦੇ ਉਪਾਅ :

  • ਛਾਂਦਾਰ ਠੰਢੀ ਥਾਂ ’ਚ ਰਹੋ।
  • ਢਿੱਲੇ, ਸੁੂਤੀ, ਸਫੈਦ ਜਾਂ ਹਲਕੇ ਰੰਗ ਦੇ ਕੱਪੜੇ ਪਹਿਨੋ।
  • ਸਿਰ ਅਤੇ ਅੱਖਾਂ ਨੂੰ ਬਚਾਉਣ ਲਈ ਟੋਪੀ, ਛੱਤਰੀ, ਧੁੱਪ ਦੇ ਚਸ਼ਮੇ ਦੀ ਵਰਤੋਂ ਕਰ ਸਕਦੇ ਹੋ।
  • ਜੇਕਰ ਤੁਸੀਂ ਐਨਕ ਲਾਉਂਦੇ ਹੋ ਤਾਂ ਅਲਟ੍ਰਾਵਾਇਲੇਟ ਕਿਰਨਾਂ ਤੋਂ ਸੁਰੱਖਿਆ ਵਾਲੇ ਮਾਡਲ ਦੀ ਵਰਤੋਂ ਕਰੋ।
  • ਤਪਦੀ ਧੁੱਪ ਤੋਂ ਬਚਣ ਲਈ ਆਪਣੇ ਸਰੀਰ ਨੂੰ ਹਾਈਡੇ੍ਰਟਿਡ ਰੱਖੋ। ਪਾਣੀ ਦੀ ਕਮੀ ਵਾਲੀ ਸਥਿਤੀ ਤੋਂ ਬਚੋ।
  • ਇਸ ਲਈ ਤੁਸੀਂ ਪਾਣੀ, ਨਾਰੀਅਲ ਪਾਣੀ, ਨਿੰਬੂ ਦੀ ਸ਼ਿਕੰਜਵੀ, ਅਨਾਰ, ਤਰਬੂਜ, ਮੌਸਮੀ, ਸੰਤਰੇ ਦਾ ਜੂਸ, ਬੇਲ ਦਾ ਸ਼ਰਬਤ, ਨਾਰੀਅਲ ਪਾਣੀ ਆਦਿ ਦੀ ਵਰਤੋਂ ਕਰ ਸਕਦੇ ਹੋ।
  • ਬਹੁਤ ਜ਼ਿਆਦਾ ਤੇਜ਼ ਧੁੱਪ ’ਚ ਕੰਮ ਕਰਨ ਦੀ ਹਾਲਾਤ ’ਚ ਉਪਰੋਕਤ ਤੋਂ ਇਲਾਵਾ ਓਆਰਐਸ, ਅੰਬ ਦਾ ਪੰਨਾ ਅਤੇ ਸੱਤੂ ਦੀ ਵੀ ਵਰਤੋਂ ਕਰ ਸਕਦੇ ਹੋ। ਪਾਣੀ ਵਾਲੇ ਫ਼ਲ ਅਤੇ ਸਬਜ਼ੀਆਂ ਜਿਵੇਂ ਖੀਰਾ, ਲੌਕੀ, ਕੱਕੜੀ, ਤਰਬੂਜ਼, ਖਰਬੂਜਾ, ਟਮਾਟਰ, ਕੀਵੀ, ਅਨਾਨਾਸ ਆਦਿ ਦੀ ਵਰਤੋਂ ਕਰੋ।

ਇਨ੍ਹਾਂ ਤੋਂ ਕਰੋ ਪਹਹੇਜ਼

  • ਸ਼ਰਾਬ, ਸੋਡਾ, ਕੌਫ਼ੀ, ਚਾਹ ਦੀ ਵਰਤੋਂ
  • ਜੇਕਰ ਲੋੜ ਨਾ ਹੋਵੇ ਤਾਂ ਧੁੱਪ ’ਚ ਨਾ ਜਾਓ
  • ਸਿੱਧੀ ਧੁੱਪ ’ਚ ਕਦੇ ਨਾ ਜਾਓ। ਜ਼ਿਆਦਾ ਧੁੱਪ ’ਚ ਬਹੁਤ ਜ਼ਿਆਦਾ ਸਰੀਰਕ ਥਕਾਵਟ ਵਾਲੇ ਕੰਮ ਨਾ ਕਰੋ।
  • ਬਹੁਤ ਜ਼ਿਆਦਾ ਭੀੜੇ ਜਾਂ ਗੂੜ੍ਹੇ ਰੰਗ ਵਾਲੇ ਕੱਪੜੇ ਦਾ ਇਸਤੇਮਾਲ ਨਾ ਕਰੋ।

ਡਾ. ਅਮਨਦੀਪ ਅਗਰਵਾਲ, ਸੰਗਰੂਰ

LEAVE A REPLY

Please enter your comment!
Please enter your name here