ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ ਇਹ ਇੰਟਰਵਿਊ, ਦੇਖੋ ਪੂਰੀ Video…

Paddy

ਲੁਧਿਆਣਾ (ਜਸਵੀਰ ਸਿੰਘ ਗਹਿਲ)। ਹਾੜ੍ਹੀ ਦਾ ਸੀਜ਼ਨ ਲਗਭਗ ਖ਼ਤਮ ਹੋ ਚੁੱਕਾ ਹੈ ਤੇ ਕਿਸਾਨ ਝੋਨੇ ਦੀ ਬਿਜਾਈ ਦੀਆਂ ਤਿਆਰੀਆਂ ’ਚ ਜੁਟ ਗਏ ਹਨ। ਅਜਿਹੇ ਵਿੱਚ ਝੋਨੇ ਦੀਆਂ ਕਿਹੜੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤੇ ਕਿਹੜੀਆਂ ਕਿਸਮਾਂ ਨੂੰ ਬੀਜਣ ਤੋਂ ਗੁਰੇਜ਼ ਕੀਤਾ ਜਾਵੇ ਆਦਿ ਅਨੇਕਾਂ ਸਵਾਲ ਕਿਸਾਨਾਂ ਨੂੰ ਸ਼ਸ਼ੋਪੰਜ ਵਿੱਚ ਪਾ ਰਹੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਝੋਨਾ ਵਿਗਿਆਨੀ ਡਾ. ਬੂਟਾ ਸਿੰਘ ਢਿੱਲੋਂ ਨੇ ਸੱਚ ਕਹੂੰ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਕੁਝ ਅੰਸ:- (Paddy)

ਸਵਾਲ: ਪੂਸਾ 44 ਕਿਸਮ, ਜੋ ਕਿਸਾਨਾਂ ਨੂੰ ਨਾ ਬੀਜਣ ਦੀ ਅਪੀਲ ਕੀਤੀ ਗਈ ਹੈ, ਦੇ ਕੀ ਨੁਕਸਾਨ ਹਨ? (Paddy)
ਜਵਾਬ: ਪੂਸਾ 44 ਪਕਾਈ ’ਚ ਲੰਮਾ ਸਮਾਂ ਲੈਣ ਵਾਲੀ ਝੋਨੇ ਦੀ ਕਿਸਮ ਹੈ ਜੋ ਸਭ ਤੋਂ ਵੱਧ ਮੁਸ਼ਕਿਲਾਂ ਪੈਦਾ ਕਰ ਰਹੀ ਹੈ। ਜਿਨ੍ਹਾਂ ਵਿੱਚ ਪਾਣੀ ਦੇ ਪੱਧਰ ਦਾ ਲਗਾਤਾਰ ਹੇਠਾਂ ਜਾਣਾ ਤੇ ਪਰਾਲੀ ਦੀ ਸਾਂਭ-ਸੰਭਾਲ ਦਾ ਮੁੱਦਾ ਸਭ ਤੋਂ ਵੱਡਾ ਹੈ। ਪੂਸਾ 44 ਦੇ ਉਤਪਾਦਨ ’ਤੇ ਹੋਰਨਾਂ ਕਿਸਮਾਂ ਦੇ ਮੁਕਾਬਲੇ ਖਰਚਾ ਵੀ ਜ਼ਿਆਦਾ ਆਉਂਦਾ ਹੈ।

ਸਵਾਲ: ਪੀਏਯੂ ਕਿਹੜੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫ਼ਾਰਸ਼ ਕਰਦੀ ਹੈ? (Paddy)
ਜਵਾਬ: ਪੀਏਯੂ ਨੇ ਕਿਸਾਨਾਂ ਨੂੰ ਝੋਨੇ ਦੀਆਂ ਕੁੱਲ 11 ਕਿਸਮਾਂ ਮੁਹੱਈਆ ਕਰਵਾਈਆਂ ਹਨ। ਜਿਹੜੀਆਂ ਉੱਚ ਦਰਜ਼ੇ ਤੇ ਘੱਟ ਸਮਾਂ ਲੈਣ ਦੇ ਨਾਲ-ਨਾਲ ਕਈ ਬਿਮਾਰੀਆਂ ਨਾਲ ਲੜਨ ਦੇ ਵੀ ਸਮਰੱਥ ਹਨ। ਪੀਏਯੂ ਵੱਲੋਂ ਸਿਫ਼ਾਰਸ਼ ਕਿਸਮਾਂ ਵਿੱਚ ਪੀਆਰ 131, ਪੀਆਰ 130, ਪੀਆਰ 126, ਪੀਆਰ 127, ਪੀਆਰ 122, ਪੀਆਰ 121, ਪੀਆਰ 114, ਪੀਆਰ 113 (ਮੋਟਾ ਝੋਨਾ), ਐੱਚਕੇਆਰ 47, ਪੀਆਰ 128, ਪੀਆਰ 129 ਸ਼ਾਮਲ ਹਨ। ਪੀਆਰ 126 ਦੀ ਲੁਆਈ ਕਾਰਨ ਪਿਛਲੇ ਵਰ੍ਹੇ 477 ਕਰੋੜ ਰੁਪਏ ਦੀ ਬਿਜਲੀ ਤੇ 5 ਬੀਸੀਐੱਮ ਪਾਣੀ ਦੀ ਬੱਚਤ ਹੋਈ ਹੈ, ਜੋ ਆਪਣੇ-ਆਪ ’ਚ ਵੱਡੀ ਪ੍ਰਾਪਤੀ ਹੈ।

ਸਵਾਲ: ਸਿਫ਼ਾਰਸ਼ ਕਿਸਮਾਂ ਦੀ ਪਰਾਲੀ ਤੇ ਝਾੜ ’ਚ ਪੂਸਾ 44 ਦੇ ਮੁਕਾਬਲੇ ਕਿੰਨਾ ਫ਼ਰਕ ਹੈ?

ਜਵਾਬ: ਪੀਏਯੂ ਵੱਲੋਂ ਸਿਫ਼ਾਰਸ਼ ਕਿਸਮਾਂ ’ਚ ਸਭ ਤੋਂ ਵੱਧ ਪ੍ਰਚਲਿਤ ਕਿਸਮ ਪੀਆਰ 126 ਹੈ। ਜਿਹੜੀ ਲਵਾਈ ਤੋਂ ਬਾਅਦ 93 ਦਿਨਾਂ ’ਚ ਪੱਕ ਜਾਂਦੀ ਹੈ। ਜਿਸ ਦੀ ਪਰਾਲੀ ਪੂਸਾ 44 ਦੇ ਮੁਕਾਬਲੇ 10 ਫ਼ੀਸਦ ਘੱਟ ਹੈ ਤੇ ਇਸ ਦੀ ਪੈਦਾਵਾਰ ਕਰਨ ’ਤੇ ਪ੍ਰਤੀ ਏਕੜ 5 ਹਜ਼ਾਰ ਰੁਪਏ ਘੱਟ ਖਰਚਾ ਆਉਂਦਾ ਹੈ। ਇਹ ਜੁਲਾਈ ਵਿੱਚ ਪਿਛੇਤੀ ਲਾਏ ਜਾਣ ’ਤੇ ਵੀ ਚੰਗੇ ਨਤੀਜੇ ਦੇਣ ਦੇ ਯੋਗ ਹੈ। ਪੂਸਾ 44 ਦੇ ਮੁਕਾਬਲੇ ਪੀਆਰ 126 ਨੂੰ 9 ਤੇ ਪੀ.ਆਰ. 131 ਤੇ ਪੀਆਰ 121 ਨੂੰ 5 ਘੱਟ ਪਾਣੀਆਂ ਦੀ ਲੋੜ ਪੈਂਦੀ ਹੈ ਜਿਸ ਨਾਲ ਕੁੱਲ ਮਿਲਾ ਕੇ 20 ਤੋਂ 25 ਪ੍ਰਤੀਸ਼ਤ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਪੂਸਾ 44 ’ਤੇ ਅਖੀਰ ਵੇਲੇ ਤੇਲੇ ਤੇ ਉੱਲੀ ਦੀਆਂ ਦੋ ਸਪਰੇਆਂ ਕਰਨੀਆਂ ਪੈਂਦੀਆਂ ਹਨ, ਜਿਨ੍ਹਾਂ ਦੀ ਸਿਫ਼ਾਰਸ਼ ਕਿਸਮਾਂ ਨੂੰ ਲੋੜ ਨਹੀਂ ਪੈਂਦੀ।

ਸਵਾਲ: ਸਿਫ਼ਾਰਸ਼ ਕਿਸਮਾਂ ਦੇ ਮੰਡੀਕਰਨ ’ਚ ਕੋਈ ਸਮੱਸਿਆ ਤਾਂ ਨਹੀਂ?
ਜਵਾਬ: ਪੀਏਯੂ ਵੱਲੋਂ ਸਿਫ਼ਾਰਸ਼ ਕਿਸਮਾਂ ਦੇ ਮੰਡੀਕਰਨ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਕਿਉਂਕਿ ਕਿਸੇ ਵੀ ਕਿਸਮ ਨੂੰ ਵਿਕਸਿਤ ਕਰਕੇ ਰਿਲੀਜ਼ ਕਰਨ ਤੋਂ ਪਹਿਲਾਂ ਪੀਏਯੂ ਵੱਲੋਂ ਮਿੱÇਲੰਗ ਇੰਡਸਟ੍ਰੀ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਕਿਸਮਾਂ ਦੀ ਕੁਆਲਿਟੀ ਆਦਿ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਜਿਨ੍ਹਾਂ ਦੇ ਸਹੀ ਪਾਏ ਜਾਣ ’ਤੇ ਹੀ ਨਵੀਂ ਕਿਸਮ ਨੂੰ ਰਿਲੀਜ਼ ਕੀਤਾ ਜਾਂਦਾ ਹੈ।

ਸਵਾਲ: ਸਿਫ਼ਾਰਸ਼ ਕਿਸਮਾਂ ਦੇੇ ਬੀਜਣ ਦਾ ਸਮਾਂ ਕੀ ਹੈ? | Paddy

ਜਵਾਬ: ਪੀਏਯੂ ਵੱਲੋਂ ਸਿਫ਼ਾਰਸ਼ ਸਮੂਹ ਕਿਸਮਾਂ ਦੀ ਪਨੀਰੀ 20 ਮਈ ਤੋਂ ਬਾਅਦ ਲਾਓ। ਜਿਸ ਨੂੰ 30 ਤੋਂ 35 ਦਿਨਾਂ ਬਾਅਦ ਬੀਜਿਆ ਜਾ ਸਕਦਾ ਹੈ। ਪਰ ਪੀਆਰ 126 ਦੀ ਪਨੀਰੀ 25 ਤੋਂ 30 ਦਿਨਾਂ ਦੀ ਨੂੰ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਦੇਰੀ ’ਚ 20 ਦਿਨਾਂ ਦੀ ਪਨੀਰੀ ਨੂੰ ਵੀ ਲਾ ਸਕਦੇ ਹਾਂ। ਦਰਮਿਆਨਾਂ ਸਮਾਂ ਲੈਣ ਵਾਲੀਆਂ ਪੀਆਰ 131, ਪੀਆਰ 128, ਪੀਆਰ 121, ਪੀਆਰ 122, ਪੀਆਰ 114, ਪੀਆਰ 113 ਦੀ ਪਨੀਰੀ ਦੀ ਬਿਜਾਈ 20 ਤੋਂ 25 ਮਈ ਦੇ ਵਿਚਕਾਰ ਕਰਨੀ ਹੁੰਦੀ ਹੈ। ਇਸ ਤੋਂ ਬਿਨਾਂ ਪੀਆਰ 129, ਪੀਆਰ 127, ਅੱੈਚਕੇਆਰ 47 ਦੀ ਪਨੀਰੀ 25 ਤੋਂ 31 ਮਈ ਦੇ ਵਿੱਚ ਬੀਜੀ ਜਾ ਸਕਦੀ ਹੈ।

ਪੀਆਰ 126 ਦੀ ਬਿਜਾਈ 25ਮਈ ਤੋਂ ਤਾਂ ਹੀ ਸ਼ੁਰੂ ਕੀਤੀ ਜਾਵੇ ਜੇਕਰ ਝੋਨੇ ਦੀ ਕਟਾਈ ਤੋਂ ਬਾਅਦ ਆਲੂ ਜਾਂ ਮਟਰਾਂ ਦੀ ਬਿਜਾਈ ਕਰਨੀ ਹੈ। ਜੇਕਰ ਅਜਿਹਾ ਨਹੀਂ ਕਰਨਾ ਤਾਂ ਪਨੀਰੀ ਜੂਨ ਵਿੱਚ ਬੀਜ ਕੇ ਇਸ ਦੀ ਲੁਆਈ ਜੁਲਾਈ ਵਿੱਚ ਕੀਤੀ ਜਾ ਸਕਦੀ ਹੈ। ਕੁੱਲ ਮਿਲਾ ਕੇ 25 ਜੂਨ ਦੇ ਨੇੜੇ-ਤੇੜੇ ਲਾਈਆਂ ਗਈਆਂ ਸਾਰੀਆਂ ਸਿਫ਼ਾਰਸ਼ ਕਿਸਮਾਂ ਵਧੀਆ ਝਾੜ ਦਿੰਦੀਆਂ ਹਨ।

ਸਵਾਲ: ਸਿਫ਼ਾਰਸ਼ ਕਿਸਮਾਂ ਨੂੰ ਖਾਦ-ਸਪਰੇਅ ਕੀ ਕਿੰਨੀ ਕੁ ਲੋੜ ਪੈਂਦੀ ਹੈ?
ਜਵਾਬ: ਪੀਏਯੂ ਵੱਲੋਂ ਸਿਫ਼ਾਰਸ਼ ਕਿਸਮਾਂ ਲਈ ਸਿਰਫ਼ ਦੋ ਬੈਗ ਯੂਰੀਏ (90 ਕਿੱਲੋ) ਦੀ ਵਰਤੋਂ ਕੀਤੀ ਜਾਵੇ। ਪਹਿਲੀ ਕਿਸ਼ਤ ਲੁਆਈ ਤੋਂ ਸੱਤ ਦਿਨਾਂ ਦੇ ਅੰਦਰ-ਅੰਦਰ ਅਤੇ ਦੂਜੀ ਕਿਸ਼ਤ ਤਿੰਨ ਹਫ਼ਤਿਆਂ (21 ਦਿਨਾਂ ਤੱਕ) ਅਤੇ ਤੀਜੀ ਕਿਸ਼ਤ ਛੇ ਹਫ਼ਤਿਆਂ (42 ਦਿਨਾਂ) ’ਤੇ ਪਾਉਣੀ ਚਾਹੀਦੀ ਹੈ ਪਰ ਪੀਆਰ 126 ਕਿਸਮ ’ਤੇ ਤੀਜੀ ਕਿਸ਼ਤ 35 ਦਿਨਾਂ ’ਤੇ ਹੀ ਖ਼ਤਮ ਕਰ ਦੇਣੀ ਚਾਹੀਦੀ ਹੈ।

ਸਵਾਲ: ਪੀਆਰ ਕਿਸਮਾਂ ਨੂੰ ਪਾਣੀ ਲਾਉਣ ਦਾ ਸਹੀ ਸਮਾਂ ਕੀ ਹੈ? | Paddy

ਜਵਾਬ: ਝੋਨੇ ਨੂੰ ਪਹਿਲੇ ਪੰਦਰਾਂ ਦਿਨ ਪਾਣੀ ਖੜ੍ਹਾ ਰੱਖਣ ਤੋਂ ਬਾਅਦ ਸੁਕਾ-ਸੁਕਾ ਕੇ ਲਾਇਆ ਜਾਵੇ ਤਾਂ ਝਾੜ ’ਚ ਚੰਗੇ ਨਤੀਜੇ ਮਿਲਦੇ ਹਨ। ਝੋਨੇ ਦੀ ਕਟਾਈ ਤੋਂ ਪੰਦਰਾਂ ਦਿਨ ਪਹਿਲਾਂ ਪਾਣੀ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।

ਸਵਾਲ: ਸਿਫ਼ਾਰਸ਼ ਕਿਸਮਾਂ ਬੀਜਣ ਦੇ ਤਰੀਕੇ ਰਵਾਇਤੀ ਹਨ ਜਾਂ ਇਨ੍ਹਾਂ ’ਚ ਕੋਈ ਬਦਲਾਅ ਹੈ?
ਜਵਾਬ: ਪੀਏਯੂ ਵੱਲੋਂ ਝੋਨੇ ਦੀ ਫ਼ਸਲ ਲਾਉਣ ਵਾਸਤੇ ਤਿੰਨ ਤਰੀਕੇ ਸਿਫ਼ਾਰਸ਼ ਕੀਤੇ ਜਾਂਦੇ ਹਨ। ਪਹਿਲਾ ਹੱਥੀਂ ਲੁਵਾਈ (ਰਵਾਇਤੀ ਤਰੀਕਾ), ਦੂਜਾ ਸਿੱਧੀ ਬਿਜਾਈ ਤੇ ਤੀਜਾ ਮਸ਼ੀਨਾਂ ਨਾਲ ਲੁਆਈ। ਪਿਛਲੀਆਂ ਦੋਵਾਂ ਤਕਨੀਕਾਂ ਨਾਲ ਲੇਬਰ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਬੈੱਡਾਂ ’ਤੇ ਵੀ ਝੋਨੇ ਦੀ ਸਿੱਧੀ ਤੇ ਹੱਥੀਂ ਲੁਆਈ ਕਰਨ ਨਾਲ ਪਾਣੀ ਦੀ ਬੱਚਤ ’ਚ ਸਹਾਈ ਹੁੰਦੀ ਹੈ।

ਸਵਾਲ: ਸਿਫ਼ਾਰਸ਼ ਕਿਸਮਾਂ ਦੇ ਬੀਜ ਕਿਸਾਨ ਕਿੱਥੋਂ ਪ੍ਰਾਪਤ ਕਰ ਸਕਦੇ ਹਨ?
ਜਵਾਬ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ-1 ’ਤੇ ਸਥਿਤ ਦੁਕਾਨ ’ਤੇ ਹਫ਼ਤੇ ਦੇ ਸੱਤੇ ਦਿਨ ਸਿਫ਼ਾਰਸ਼ ਕਿਸਮਾਂ ਦੇ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਹਰ ਜ਼ਿਲੇ੍ਹ ’ਚ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਾਰਮ ਸਲਾਹਕਾਰ ਸੇਵਾ ਤੇ ਯੂਨੀਵਰਸਿਟੀ ਸੀਡ ਫਾਰਮ ’ਤੇ ਵੀ ਬੀਜ ਪ੍ਰਾਪਤ ਕਰ ਸਕਦੇ ਹੋ, ਜਿਸ ਦਾ ਬਿੱਲ ਵੀ ਤੁਹਾਨੂੂੰ ਮਿਲੇਗਾ।

LEAVE A REPLY

Please enter your comment!
Please enter your name here