US Iran Tensions: ਅਮਰੀਕਾ ਤੇ ਈਰਾਨ ਜ਼ਿੱਦ ’ਤੇ ਅੜੇ, ਸ਼ਾਂਤੀ ਸਮਝੌਤੇ ਦੀ ਸੰਭਾਵਨਾ ਘੱਟ

ਅਮਰੀਕਾ ਤੇ ਈਰਾਨ ਜ਼ਿੱਦ ’ਤੇ ਅੜੇ, ਸ਼ਾਂਤੀ ਸਮਝੌਤੇ ਦੀ ਸੰਭਾਵਨਾ ਘੱਟ

Khushdeep Singh Picture
Published On

ਵਾਸ਼ਿੰਗਟਨ/ਤਹਿਰਾਨ (ਸੱਚ ਕਹੂੰ ਨਿਊਜ਼/ਏਜੰਸੀ)। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਈਰਾਨ ਨਾਲ ਸ਼ਾਂਤੀ ਸਮਝੌਤੇ ’ਤੇ ਪਹੁੰਚਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਆਰਥਿਕ ਦਬਾਅ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਹਿਰਾਨ ਹੋਰਮੁਜ਼ ਜਲਡਮਰੂ ’ਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਨਹੀਂ ਕਰਦਾ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਜਵਾਬ ਦਿੱਤਾ ਕਿ ਜਦੋਂ ਤੱਕ ਵਾਸ਼ਿੰਗਟਨ ਤਹਿਰਾਨ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦਾ।

ਉਦੋਂ ਤੱਕ ਹੋਰਮੁਜ਼ ਜਲਡਮਰੂ ਬੰਦ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਤੇ ਕਤਰ ਰਾਹੀਂ ਅਸਿੱਧੇ ਗੱਲਬਾਤ ਚੱਲ ਰਹੀ ਹੈ। ਅਲ ਜਜ਼ੀਰਾ ਤੇ ਸੀਬੀਐਸ ਨਿਊਜ਼ ਦੀਆਂ ਰਿਪੋਰਟਾਂ ਅਨੁਸਾਰ, ਰੂਬੀਓ ਤੇ ਅਰਾਘਚੀ ਨੇ ਇਹ ਟਿੱਪਣੀਆਂ ਆਪਣੇ-ਆਪਣੇ ਦੇਸ਼ਾਂ ਦੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀਆਂ। ਇਸ ਦੌਰਾਨ, ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਈਰਾਨ ਵਿਰੁੱਧ ਹੋਰ ਫੌਜੀ ਕਾਰਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਾ ਕਰੇ।’

ਈਰਾਨ ਇਹ ਵੀ ਕਹਿੰਦਾ ਹੈ ਕਿ ਉਸਦਾ ਭਰਪੂਰ ਯੂਰੇਨੀਅਮ ਦੇਸ਼ ਅੰਦਰ ਹੀ ਰਹੇਗਾ। ਉਨ੍ਹਾਂ ਨੇ ਲਗਭਗ 400 ਕਿਲੋਗ੍ਰਾਮ ਪ੍ਰਮਾਣੂ ਸਮੱਗਰੀ ਰੂਸੀ ਹਿਰਾਸਤ ’ਚ ਸੌਂਪਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਹ ਐਲਾਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਈਰਾਨ ਤੇ ਅਮਰੀਕਾ ਵਿਚਕਾਰ ਵਿਚੋਲਗੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਤਹਿਰਾਨ ਦਾ ਦੌਰਾ ਕਰ ਰਹੇ ਹਨ। ਈਰਾਨੀ ਅਧਿਕਾਰੀ ਜ਼ੋਰ ਦਿੰਦੇ ਹਨ ਕਿ ਗੱਲਬਾਤ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਵਾਸ਼ਿੰਗਟਨ ਨੂੰ ਵਿਸ਼ਵਾਸ ਬਹਾਲ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕੂਟਨੀਤਕ ਗੱਲਬਾਤ ਦੌਰਾਨ ਪਿਛਲੇ ਅਮਰੀਕੀ ਹਮਲਿਆਂ ਤੇ ਤਹਿਰਾਨ ਦੇ ਸੱਤ-ਨੁਕਾਤੀ ਪ੍ਰਸਤਾਵ ਦਾ ਹਵਾਲਾ ਦਿੱਤਾ। ਇਸ ਦੌਰਾਨ, ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੀ 3 ਨਵੰਬਰ ਨੂੰ ਮੱਧਕਾਲੀ ਚੋਣਾਂ ਤੋਂ ਪਹਿਲਾਂ ਈਰਾਨ ’ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਰਾਘਚੀ ਨੇ ਕਿਹਾ ਕਿ ਤਹਿਰਾਨ ਦੇ ਰੂਸ ਨਾਲ ਸਬੰਧ ਕਦੇ ਵੀ ਇੰਨੇ ਨੇੜੇ ਨਹੀਂ ਰਹੇ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਰੂਸ ਮੱਧ ਪੂਰਬ ’ਚ ਚੱਲ ਰਹੀ ਜੰਗ ਦੌਰਾਨ ਈਰਾਨ ਨੂੰ ਬਹੁਤ ਘੱਟ ਸਹਾਇਤਾ ਪ੍ਰਦਾਨ ਕਰ ਰਿਹਾ ਸੀ।

ਇਹ ਵੀ ਪੜ੍ਹੋ : International Border: ਭਾਰਤ-ਪਾਕ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

About The Author

Related Posts