Artificial Intelligence Misuse: ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ

ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਰਵਰਤੋਂ ਚਿੰਤਾ ਦਾ ਵਿਸ਼ਾ

Khushdeep Singh Picture
Published On

ਅੱਜ ਦਾ ਯੁੱਗ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਮਨੁੱਖ ਨੇ ਆਪਣੀ ਬੁੱਧੀ ਤੇ ਖੋਜੀ ਸੋਚ ਦੇ ਬਲ ’ਤੇ ਅਜਿਹੀਆਂ ਮਸ਼ੀਨਾਂ ਤੇ ਤਕਨੀਕਾਂ ਵਿਕਸਿਤ ਕਰ ਲਈਆਂ ਹਨ, ਜਿਨ੍ਹਾਂ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇਨ੍ਹਾਂ ਵਿੱਚੋਂ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇੱਕ ਅਦਭੁੱਤ ਤਕਨੀਕੀ ਉਪਲੱਬਧੀ ਹੈ। ਏਆਈ ਦੀ ਮੱਦਦ ਨਾਲ ਕੰਪਿਊਟਰ ਅਤੇ ਮਸ਼ੀਨਾਂ ਮਨੁੱਖੀ ਬੁੱਧੀ ਨਾਲ ਜੁੜੇ ਕਈ ਕੰਮ ਕਰ ਸਕਦੀਆਂ ਹਨ। ਸਿੱਖਿਆ, ਸਿਹਤ, ਖੇਤੀਬਾੜੀ, ਵਪਾਰ, ਵਿਗਿਆਨ ਤੇ ਮਨੋਰੰਜਨ ਦੇ ਖੇਤਰਾਂ ਵਿੱਚ ਇਸ ਨੇ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ। ਪਰ ਜਿੱਥੇ ਇਸ ਦੇ ਲਾਭ ਹਨ, ਉੱਥੇ ਇਸ ਦੀ ਗ਼ਲਤ ਤੇ ਗੈਰ-ਜ਼ਿੰਮੇਵਾਰ ਵਰਤੋਂ ਚਿੰਤਾ ਦਾ ਵਿਸ਼ਾ ਵੀ ਬਣ ਰਹੀ ਹੈ। ਏਆਈ ਦੀ ਗ਼ਲਤ ਵਰਤੋਂ ਦਾ ਸਭ ਤੋਂ ਵੱਡਾ ਖ਼ਤਰਾ ਝੂਠੀ ਤੇ ਭਰਮਾਊ ਜਾਣਕਾਰੀ ਨਾਲ ਜੁੜਿਆ ਹੋਇਆ ਹੈ। ਏਆਈ ਦੀ ਮੱਦਦ ਨਾਲ ਅਜਿਹੀਆਂ ਤਸਵੀਰਾਂ, ਆਵਾਜ਼ਾਂ ਤੇ ਵੀਡੀਓ ਬਣਾਈਆਂ ਜਾ ਸਕਦੀਆਂ ਹਨ ਜੋ ਬਿਲਕੁਲ ਅਸਲੀ ਜਾਪਦੀਆਂ ਹਨ।

ਇਸ ਤਕਨੀਕ ਦੀ ਦੁਰਵਰਤੋਂ ਕਰਕੇ ਕਿਸੇ ਵਿਅਕਤੀ ਦੇ ਬਿਆਨ ਜਾਂ ਤਸਵੀਰ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਨਾਲ ਵਿਅਕਤੀ ਦੀ ਇੱਜ਼ਤ, ਨਿੱਜਤਾ ਤੇ ਸਮਾਜਿਕ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਡਿਜ਼ੀਟਲ ਯੁੱਗ ਵਿੱਚ ਕਿਸੇ ਵੀ ਤਸਵੀਰ ਜਾਂ ਵੀਡੀਓ ਨੂੰ ਬਿਨਾਂ ਜਾਂਚੇ ਸੱਚ ਮੰਨਣਾ ਸਿਆਣਪ ਨਹੀਂ ਹੈ।ਸੋਸ਼ਲ ਮੀਡੀਆ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇੱਕ ਝੂਠੀ ਜਾਣਕਾਰੀ ਕੁਝ ਹੀ ਪਲਾਂ ਵਿੱਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕਦੀ ਹੈ। ਲੋਕ ਕਈ ਵਾਰ ਸਿਰਫ਼ ਸਿਰਲੇਖ ਪੜ੍ਹ ਕੇ ਜਾਂ ਵੀਡੀਓ ਦੇਖ ਕੇ ਉਸ ਨੂੰ ਸੱਚ ਮੰਨ ਲੈਂਦੇ ਹਨ ਤੇ ਅੱਗੇ ਸਾਂਝਾ ਕਰ ਦਿੰਦੇ ਹਨ। ਇਸ ਤਰ੍ਹਾਂ ਅਫ਼ਵਾਹਾਂ ਤੇਜ਼ੀ ਨਾਲ ਫੈਲ ਸਕਦੀਆਂ ਹਨ। ਇਸ ਲਈ ਏਆਈ ਦੇ ਯੁੱਗ ਵਿੱਚ ਸੋਚ-ਵਿਚਾਰ, ਤੱਥਾਂ ਦੀ ਜਾਂਚ ਤੇ ਡਿਜ਼ੀਟਲ ਜਾਗਰੂਕਤਾ ਬਹੁਤ ਜ਼ਰੂਰੀ ਹੋ ਗਈ ਹੈ।ਏਆਈ ਦੀ ਗ਼ਲਤ ਵਰਤੋਂ ਨਿੱਜਤਾ ਲਈ ਵੀ ਖ਼ਤਰਾ ਬਣ ਸਕਦੀ ਹੈ। ਲੋਕ  ਏਆਈ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਕਈ ਵਾਰ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ।

ਇਹ ਵੀ ਪੜ੍ਹੋ : Agriculture Water Crisis: ਖੇਤਾਂ ਹੇਠੋਂ ਸੁੱਕ ਰਿਹਾ ਭਾਰਤ, ਖੇਤੀਬਾੜੀ ਦੇ ਸਾਹਮਣੇ ਇੱਕ ਗੰਭੀਰ ਚੁਣੌਤੀ

ਇਸ ਲਈ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੰਟਰਨੈੱਟ ਜਾਂ ਏਆਈ ਨਾਲ ਕਿਹੜੀ ਜਾਣਕਾਰੀ ਸਾਂਝੀ ਕਰਨੀ ਸੁਰੱਖਿਅਤ ਹੈ ਤੇ ਕਿਹੜੀ ਨਹੀਂ। ਨਿੱਜੀ ਜਾਣਕਾਰੀ ਦੀ ਰੱਖਿਆ ਕਰਨਾ ਅੱਜ ਦੇ ਡਿਜ਼ੀਟਲ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਏਆਈ ਦੀ ਗ਼ਲਤ ਵਰਤੋਂ ਇੱਕ ਵੱਡੀ ਚੁਣੌਤੀ ਹੈ। ਜੇ ਵਿਦਿਆਰਥੀ ਹਰ ਸਵਾਲ ਦਾ ਜਵਾਬ ਖੁਦ ਸੋਚਣ ਦੀ ਬਜਾਏ ਏਆਈ ਤੋਂ ਲੈਣ ਲੱਗ ਪੈਣ ਤਾਂ ਉਨ੍ਹਾਂ ਦੀ ਰਚਨਾਤਮਕਤਾ, ਤਰਕਸ਼ਕਤੀ ਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਏਆਈ ਨੂੰ ਅਧਿਆਪਕ ਜਾਂ ਕਿਤਾਬ ਦਾ ਪੂਰਾ ਬਦਲ ਬਣਾਉਣ ਦੀ ਥਾਂ ਸਿੱਖਣ ਵਿੱਚ ਸਹਾਇਕ ਸਾਧਨ ਵਜੋਂ ਵਰਤਣਾ ਚਾਹੀਦਾ ਹੈ। ਅਸਲ ਸਿੱਖਿਆ ਉਹ ਹੈ ਜਿਸ ਵਿੱਚ ਵਿਦਿਆਰਥੀ ਖੁਦ ਸੋਚਦਾ, ਸਮਝਦਾ ਤੇ ਸਿੱਖਦਾ ਹੈ। ਰੁਜ਼ਗਾਰ ਦੇ ਖੇਤਰ ਵਿੱਚ ਵੀ ਏਆਈ ਬਦਲਾਅ ਲਿਆ ਰਹੀ ਹੈ। ਕਈ ਦੁਹਰਾਏ ਜਾਣ ਵਾਲੇ ਕੰਮ ਮਸ਼ੀਨਾਂ ਦੁਆਰਾ ਤੇਜ਼ੀ ਨਾਲ ਕੀਤੇ ਜਾ ਸਕਦੇ ਹਨ। ਇਸ ਕਾਰਨ ਕੁਝ ਰਵਾਇਤੀ ਕੰਮਾਂ ਦੀ ਮੰਗ ਘਟ ਸਕਦੀ ਹੈ, ਪਰ ਨਾਲ ਹੀ ਨਵੇਂ ਰੁਜ਼ਗਾਰ ਤੇ ਨਵੇਂ ਹੁਨਰਾਂ ਦੀ ਲੋੜ ਵੀ ਪੈਦਾ ਹੋ ਰਹੀ ਹੈ। Artificial Intelligence Misuse

ਇਸ ਲਈ ਸਮੇਂ ਦੀ ਮੰਗ ਹੈ ਕਿ ਨੌਜਵਾਨ ਨਵੀਂ ਤਕਨਾਲੋਜੀ ਨੂੰ ਸਮਝਣ ਅਤੇ ਆਪਣੇ ਹੁਨਰਾਂ ਨੂੰ ਸਮੇਂ ਦੇ ਨਾਲ ਵਿਕਸਿਤ ਕਰਨ। ਏਆਈ ਦੀ ਗ਼ਲਤ ਵਰਤੋਂ ਨੂੰ ਰੋਕਣ ਲਈ ਸਰਕਾਰ, ਤਕਨਾਲੋਜੀ ਕੰਪਨੀਆਂ, ਸਿੱਖਿਆ ਸੰਸਥਾਵਾਂ ਤੇ ਆਮ ਨਾਗਰਿਕਾਂ- ਸਭ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਏਆਈ ਦੀ ਵਰਤੋਂ ਸੰਬੰਧੀ ਪ੍ਰਭਾਵਸ਼ਾਲੀ ਨਿਯਮ ਬਣਾਉਣੇ, ਲੋਕਾਂ ਨੂੰ ਡਿਜ਼ੀਟਲ ਸਾਖਰਤਾ ਦੇਣੀ ਅਤੇ ਨਿੱਜਤਾ ਦੀ ਰੱਖਿਆ ਲਈ ਉਚਿਤ ਪ੍ਰਬੰਧ ਕਰਨਾ ਜ਼ਰੂਰੀ ਹੈ। ਨਾਲ ਹੀ ਹਰੇਕ ਵਿਅਕਤੀ ਨੂੰ ਏਆਈ ਦੀ ਵਰਤੋਂ ਕਰਦੇ ਸਮੇਂ ਨੈਤਿਕਤਾ ਅਤੇ ਜ਼ਿੰਮੇਵਾਰੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਬਣਾਵਟੀ ਬੁੱਧੀ ਮਨੁੱਖੀ ਬੁੱਧੀ ਦਾ ਬਦਲ ਨਹੀਂ, ਸਗੋਂ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਹ ਸਾਧਨ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾਵੇ ਤਾਂ ਸਿੱਖਿਆ, ਸਿਹਤ ਅਤੇ ਵਿਕਾਸ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦਾ ਹੈ। ਪਰ ਜੇ ਇਸ ਦੀ ਵਰਤੋਂ ਧੋਖਾਧੜੀ, ਝੂਠੀ ਜਾਣਕਾਰੀ, ਨਿੱਜਤਾ ਦੀ ਉਲੰਘਣਾ ਜਾਂ ਹੋਰ ਨੁਕਸਾਨਦਾਇਕ ਕੰਮਾਂ ਲਈ ਕੀਤੀ ਜਾਵੇ ਤਾਂ ਇਸ ਦੇ ਗੰਭੀਰ ਨਤੀਜੇ ਨਿੱਕਲ ਸਕਦੇ ਹਨ। ਇਸ ਲਈ ਲੋੜ ਏਆਈ ਤੋਂ ਡਰਨ ਦੀ ਨਹੀਂ, ਸਗੋਂ ਇਸ ਨੂੰ ਸਮਝਣ ਅਤੇ ਸਹੀ ਦਿਸ਼ਾ ਵਿੱਚ ਵਰਤਣ ਦੀ ਹੈ। Artificial Intelligence Misuse

ਪ੍ਰਿੰਸੀਪਲ ਜਸਮੇਰ ਸਿੰਘ ਜੇਜੀ ਕਾਲਜ, ਗੁਰਨੇ ਕਲਾ (ਲਹਿਰਾਗਾਗਾ)
ਅਮਨਦੀਪ ਸਿੰਘ

About The Author

Related Posts