Children Eye Health: ਬੱਚਿਆਂ ਦੀਆਂ ਅੱਖਾਂ ’ਚ ਸਫ਼ੈਦ ਚਮਕ ਜਾਂ ਵਾਰ-ਵਾਰ ਭੈਂਗਾਪਣ ਦਿਸੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ, ਤੁਰੰਤ ਮਾਹਿਰ ਤੋਂ ਜਾਂਚ ਕਰਵਾਓ
ਬੱਚਿਆਂ ਦੀਆਂ ਅੱਖਾਂ ਵਿੱਚ ਦਿਸਣ ਇਹ ਦੋ ਸੰਕੇਤ ਤਾਂ ਤੁਰੰਤ ਕਰਵਾਓ ਜਾਂਚ
ਛੋਟੇ ਬੱਚਿਆਂ ਦੀਆਂ ਅੱਖਾਂ ਵਿੱਚ ਦਿਖਾਈ ਦੇਣ ਵਾਲੇ ਕੁਝ ਅਸਾਧਾਰਨ ਬਦਲਾਅ ਗੰਭੀਰ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ। ਰੈਟੀਨੋਬਲਾਸਟੋਮਾ ਬੱਚਿਆਂ ਵਿੱਚ ਹੋਣ ਵਾਲਾ ਅੱਖ ਦਾ ਇੱਕ ਦੁਰਲੱਭ ਕੈਂਸਰ ਹੈ, ਜੋ ਰੈਟੀਨਾ ਵਿੱਚ ਵਿਕਸਿਤ ਹੁੰਦਾ ਹੈ ਅਤੇ ਮੁੱਖ ਤੌਰ ’ਤੇ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਦੇ ਸ਼ੁਰੂਆਤੀ ਸੰਕੇਤਾਂ ਨੂੰ ਪਛਾਣਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸਮੇਂ ਸਿਰ ਪਛਾਣ ਅਤੇ ਇਲਾਜ ਮਿਲਣ ਨਾਲ ਇਸ ਦੇ ਨਤੀਜੇ ਬਿਹਤਰ ਹੋ ਸਕਦੇ ਹਨ। ਇਸ ਬਿਮਾਰੀ ਦਾ ਇੱਕ ਮਹੱਤਵਪੂਰਨ ਸੰਕੇਤ ਪੁਤਲੀ ਵਿੱਚ ਆਮ ਲਾਲ ਚਮਕ ਦੀ ਬਜਾਏ ਸਫ਼ੈਦ ਚਮਕ ਦਿਖਾਈ ਦੇਣਾ ਹੈ। ਦੂਜਾ ਸੰਕੇਤ ਅੱਖ ਦਾ ਇੱਕ ਦਿਸ਼ਾ ਵਿੱਚ ਮੁੜਨਾ ਭਾਵ ਭੈਂਗਾਪਣ ਹੋ ਸਕਦਾ ਹੈ। ਇਹ ਸੰਕੇਤ ਅੱਖ ਦੀ ਕਿਸੇ ਦੂਜੀ ਸਮੱਸਿਆ ਵਿੱਚ ਵੀ ਦਿਖਾਈ ਦੇ ਸਕਦੇ ਹਨ, ਇਸ ਲਈ ਸਿਰਫ਼ ਇਨ੍ਹਾਂ ਦੇ ਆਧਾਰ ’ਤੇ ਬਿਮਾਰੀ ਦਾ ਨਤੀਜਾ ਨਹੀਂ ਕੱਢਣਾ ਚਾਹੀਦਾ। ਅਸਾਧਾਰਨ ਬਦਲਾਅ ਦਿਸਣ ’ਤੇ ਜਲਦੀ ਅੱਖਾਂ ਦੇ ਮਾਹਿਰ ਤੋਂ ਜਾਂਚ ਕਰਵਾਉਣੀ ਜ਼ਰੂਰੀ ਹੈ।
ਪਹਿਲਾ ਸੰਕੇਤ : ਪੁਤਲੀ ਵਿੱਚ ਦਿਖਾਈ ਦੇਵੇ ਸਫ਼ੈਦ ਚਮਕ | Children Eye Health
ਕੈਮਰੇ ਦੀ ਫਲੈਸ਼ ਜਾਂ ਤੇਜ਼ ਰੌਸ਼ਨੀ ਵਿੱਚ ਆਮ ਅੱਖਾਂ ਵਿੱਚ ਅਕਸਰ ਲਾਲ ਰੰਗ ਦੀ ਚਮਕ ਦਿਖਾਈ ਦੇ ਸਕਦੀ ਹੈ। ਪਰ ਜੇ ਬੱਚੇ ਦੀ ਇੱਕ ਜਾਂ ਦੋਵਾਂ ਅੱਖਾਂ ਦੀ ਪੁਤਲੀ ਵਿੱਚ ਵਾਰ-ਵਾਰ ਅਸਾਧਾਰਨ ਸਫ਼ੈਦ ਚਮਕ ਦਿਖਾਈ ਦੇਵੇ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਰੈਟੀਨੋਬਲਾਸਟੋਮਾ ਦਾ ਇੱਕ ਪ੍ਰਮੁੱਖ ਸੰਕੇਤ ਹੋ ਸਕਦਾ ਹੈ। ਖਾਸਕਰ ਤਸਵੀਰਾਂ ਵਿੱਚ ਵਾਰ-ਵਾਰ ਸਫ਼ੈਦ ਚਮਕ ਦਿਖਾਈ ਦੇਣ ’ਤੇ ਬੱਚੇ ਦੀਆਂ ਅੱਖਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਹਾਲਾਂਕਿ ਸਫ਼ੈਦ ਚਮਕ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ। ਇਸ ਲਈ ਸਿਰਫ਼ ਤਸਵੀਰ ਦੇਖ ਕੇ ਬਿਮਾਰੀ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਨੇਤਰ ਰੋਗ ਮਾਹਿਰ ਹੀ ਉਚਿਤ ਜਾਂਚ ਤੋਂ ਬਾਅਦ ਕਾਰਨ ਦੱਸ ਸਕਦੇ ਹਨ। Children Eye Health
ਇਹ ਵੀ ਪੜ੍ਹੋ : Bank unions strike: ਬੈਂਕਾਂ ਦੀ ਹੜਤਾਲ ਸਬੰਧੀ ਸੁਖਦ ਖਬਰ, ਕੀ ਅੱਜ ਤੋਂ ਖੁੱਲ੍ਹੇ ਰਹਿਣਗੇ ਬੈਂਕ, ਗਾਹਕਾਂ ਲਈ ਰਾਹਤ
ਦੂਜਾ ਸੰਕੇਤ : ਅੱਖ ਦਾ ਵਾਰ-ਵਾਰ ਮੁੜਨਾ
ਜੇ ਬੱਚਾ ਸਾਹਮਣੇ ਦੇਖਦੇ ਸਮੇਂ ਇੱਕ ਅੱਖ ਨੂੰ ਵਾਰ-ਵਾਰ ਅੰਦਰ ਜਾਂ ਬਾਹਰ ਵੱਲ ਘੁਮਾਉਂਦਾ ਹੈ, ਤਾਂ ਇਸ ਨੂੰ ਆਮ ਮੰਨ ਕੇ ਛੱਡਣਾ ਉਚਿਤ ਨਹੀਂ ਹੈ। ਇਸ ਸਥਿਤੀ ਨੂੰ ਸਟ੍ਰੈਬਿਸਮਸ ਜਾਂ ਭੈਂਗਾਪਣ ਕਿਹਾ ਜਾਂਦਾ ਹੈ। ਕਈ ਵਾਰ ਇਹ ਅੱਖਾਂ ਨਾਲ ਜੁੜੀ ਆਮ ਸਮੱਸਿਆ ਹੋ ਸਕਦੀ ਹੈ, ਪਰ ਕੁਝ ਮਾਮਲਿਆਂ ਵਿੱਚ ਇਹ ਰੈਟੀਨੋਬਲਾਸਟੋਮਾ ਦਾ ਸੰਕੇਤ ਵੀ ਹੋ ਸਕਦਾ ਹੈ। ਇਹ ਬਿਮਾਰੀ ਇੱਕ ਅੱਖ ਜਾਂ ਦੋਵਾਂ ਅੱਖਾਂ ਵਿੱਚ ਵਿਕਸਿਤ ਹੋ ਸਕਦੀ ਹੈ। ਇਸ ਲਈ ਬੱਚੇ ਦੀ ਅੱਖ ਦਾ ਲਗਾਤਾਰ ਜਾਂ ਵਾਰ-ਵਾਰ ਇੱਕ ਦਿਸ਼ਾ ਵਿੱਚ ਮੁੜਨਾ ਦਿਖਾਈ ਦੇਵੇ ਤਾਂ ਨੇਤਰ ਰੋਗ ਮਾਹਿਰ ਤੋਂ ਜਾਂਚ ਕਰਾਉਣੀ ਜ਼ਰੂਰੀ ਹੈ।
ਕਾਰਨ : ਆਰਬੀ1 ਜੀਨ ’ਚ ਬਦਲਾਅ ਦੀ ਭੂਮਿਕਾ
ਰੈਟੀਨੋਬਲਾਸਟੋਮਾ ਦੇ ਵਿਕਾਸ ਵਿੱਚ ਆਰਬੀ1 ਜੀਨ ਵਿੱਚ ਹੋਣ ਵਾਲਾ ਬਦਲਾਅ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੁਝ ਮਾਮਲਿਆਂ ਵਿੱਚ ਇਹ ਜੈਨੇਟਿਕ ਭਾਵ ਪਰਿਵਾਰ ਨਾਲ ਜੁੜਿਆ ਹੋ ਸਕਦਾ ਹੈ, ਜਦੋਂਕਿ ਕਈ ਮਾਮਲਿਆਂ ਵਿੱਚ ਜੀਨ ਵਿੱਚ ਬਦਲਾਅ ਆਪਣੇ-ਆਪ ਵਿਕਸਿਤ ਹੋ ਸਕਦਾ ਹੈ। ਇਹ ਬਿਮਾਰੀ ਮੁੱਖ ਤੌਰ ’ਤੇ ਛੋਟੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜ਼ਿਆਦਾਤਰ ਮਾਮਲੇ ਤਿੰਨ ਸਾਲ ਤੋਂ ਘੱਟ ਉਮਰ ਵਿੱਚ ਸਾਹਮਣੇ ਆਉਂਦੇ ਹਨ। ਬਿਮਾਰੀ ਦੇ ਕਾਰਨਾਂ ਅਤੇ ਜੋਖਮ ਨੂੰ ਸਮਝਣ ਲਈ ਡਾਕਟਰ ਬੱਚੇ ਦੀ ਉਮਰ, ਪਾਰਿਵਾਰਕ ਇਤਿਹਾਸ ਅਤੇ ਜਾਂਚ ਰਿਪੋਰਟ ਨੂੰ ਧਿਆਨ ਵਿੱਚ ਰੱਖਦੇ ਹਨ। ਪਾਰਿਵਾਰਕ ਮਾਮਲਿਆਂ ਵਿੱਚ ਡਾਕਟਰੀ ਸਲਾਹ ਅਤੇ ਨਿਗਰਾਨੀ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੋ ਸਕਦੀ ਹੈ।
ਸੰਕੇਤ ਦਿਸਣ ਤਾਂ ਤੁਰੰਤ ਉਠਾਓ ਇਹ ਕਦਮ
- ਬੱਚੇ ਦੀ ਪੁਤਲੀ ਵਿੱਚ ਵਾਰ-ਵਾਰ ਸਫ਼ੈਦ ਚਮਕ ਦਿਖਾਈ ਦੇਵੇ ਤਾਂ ਛੇਤੀ ਤੋਂ ਛੇਤੀ ਨੇਤਰ ਰੋਗ ਮਾਹਿਰ ਤੋਂ ਜਾਂਚ ਕਰਾਓ।
- ਇੱਕ ਅੱਖ ਲਗਾਤਾਰ ਅੰਦਰ ਜਾਂ ਬਾਹਰ ਮੁੜਦੀ ਦਿਖਾਈ ਦੇਵੇ ਤਾਂ ਇਸ ਨੂੰ ਸਿਰਫ਼ ਆਮ ਭੈਂਗਾਪਣ ਮੰਨ ਕੇ ਨਜ਼ਰਅੰਦਾਜ਼ ਨਾ ਕਰੋ।
- ਅੱਖਾਂ ਵਿੱਚ ਅਸਾਧਾਰਣ ਬਦਲਾਅ ਦਿਸਣ ’ਤੇ ਘਰੇਲੂ ਉਪਾਅ ਕਰਨ ਜਾਂ ਸਮੱਸਿਆ ਆਪਣੇ-ਆਪ ਠੀਕ ਹੋਣ ਦਾ ਇੰਤਜ਼ਾਰ ਨਾ ਕਰੋ।
- ਪਰਿਵਾਰ ਵਿੱਚ ਪਹਿਲਾਂ ਰੈਟੀਨੋਬਲਾਸਟੋਮਾ ਦਾ ਇਤਿਹਾਸ ਰਿਹਾ ਹੋਵੇ ਤਾਂ ਡਾਕਟਰ ਨੂੰ ਇਸ ਦੀ ਜਾਣਕਾਰੀ ਜ਼ਰੂਰ ਦਿਓ।
- ਮਾਹਿਰ ਦੀ ਸਲਾਹ ਅਨੁਸਾਰ ਅੱਖਾਂ ਦੀ ਜਾਂਚ ਅਤੇ ਜ਼ਰੂਰੀ ਟੈਸਟ ਸਮੇਂ ’ਤੇ ਕਰਵਾਓ, ਤਾਂ ਜੋ ਕਾਰਨ ਦੀ ਪਛਾਣ ਹੋ ਸਕੇ।
-ਏਜੰਸੀ