Punjab
LPU Violence Case: ਹਾਈ ਕੋਰਟ ਪੁੱਜਾ LPU ਹਿੰਸਾ ਮਾਮਲਾ, CBI ਜਾਂਚ ਕਰਵਾਉਣ ਦੀ ਮੰਗ
ਪੰਜਾਬ ਪੁਲਿਸ ’ਤੇ ਭਰੋਸਾ ਹੋਣ ਤੋਂ ਕੀਤਾ ਗਿਆ ਸਾਫ਼ ਇਨਕਾਰ, ਅੱਜ ਹੋਵੇਗੀ ਮਾਮਲੇ ’ਚ ਸੁਣਵਾਈ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਇੱਕ ਅਫ਼ਵਾਹ ਤੋਂ ਬਾਅਦ ਬੀਤੇ ਦਿਨੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਵਿੱਚ ਹੋਈ ਹਿੰਸਾ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਇਸ ਘਟਨਾ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਉਣ ਦੀ ਮੰਗ ਕਰਦਿਆਂ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਨਾਲ ਹੀ ਪੰਜਾਬ ਪੁਲਿਸ ਦੀ ਜਾਂਚ ’ਤੇ ਭਰੋਸਾ ਨਾ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਮੰਗਲਵਾਰ ਨੂੰ ਪਟੀਸ਼ਨ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਅੱਗੇ ਤੁਰੰਤ ਸੁਣਵਾਈ ਲਈ ਪੇਸ਼ ਕੀਤੀ ਗਈ। ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਪਟੀਸ਼ਨਕਰਤਾ ਵੱਲੋਂ ਸੀਨੀਅਰ ਵਕੀਲ ਗੌਰਵ ਚੋਪੜਾ ਨੇ ਵਕੀਲ ਅਰਜੁਨ ਸ਼ਿਓਰਾਣ ਨਾਲ ਪੱਖ ਰੱਖਦਿਆਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਹਿੰਸਾ ਦੌਰਾਨ ਦੰਗੇ, ਅਗਜ਼ਨੀ ਅਤੇ ਲੁੱਟਮਾਰ ਦੀਆਂ ਗੰਭੀਰ ਘਟਨਾਵਾਂ ਵਾਪਰੀਆਂ ਹਨ। LPU Violence Case
ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਿੰਸਾ ਦੌਰਾਨ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਕੈਂਪਸ ਅੰਦਰਲੀਆਂ ਦੁਕਾਨਾਂ ਵਿੱਚ ਲੁੱਟਮਾਰ ਵੀ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਬਾਹਰੀ ਨੌਜਵਾਨਾਂ ਅਤੇ ਵਿਅਕਤੀਆਂ ਦੇ ਆਉਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ, ਪਰ ਮੌਕੇ ’ਤੇ ਫੜੇ ਗਏ ਵਾਕੀ-ਟਾਕੀ ਅਤੇ ਤੇਜ਼ ਹਥਿਆਰਾਂ ਨੂੰ ਵੇਖਦੇ ਹੋਏ ਇਸ ਪਿੱਛੇ ਕਿਸੇ ਵੀ ਵੱਡੀ ਸਾਜ਼ਿਸ ਦੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਇਸ ਘਟਨਾ ਦੀ ਨਿਰਪੱਖ ਜਾਂਚ ਲਈ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 27 ਸਤੰਬਰ ਨੂੰ ਇੱਕ ਵਿਦਿਆਰਥਣ ਨਾਲ ਕਥਿਤ ਜ਼ਬਰ-ਜਨਾਹ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਵਿਦਿਆਰਥੀਆਂ ਵਿੱਚ ਤਣਾਅ ਵਧ ਗਿਆ ਸੀ। ਇਸ ਤੋਂ ਬਾਅਦ ਕੈਂਪਸ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ ਸਨ। ਪੁਲਿਸ ਨੇ ਜ਼ਬਰ-ਜਨਾਹ ਦੇ ਦੋਸ਼ਾਂ ਦੀ ਜਾਂਚ ਲਈ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਦੌਰਾਨ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋਣ ਬਾਰੇ ਪੁਸ਼ਟੀ ਨਹੀਂ ਹੋਈ ਤੇ ਇਹ ਕੋਰੀ ਅਫ਼ਵਾਹ ਹੀ ਨਿਕਲੀ ਹੈ। LPU Violence Case
ਇਹ ਵੀ ਪੜ੍ਹੋ : Agriculture Water Crisis: ਖੇਤਾਂ ਹੇਠੋਂ ਸੁੱਕ ਰਿਹਾ ਭਾਰਤ, ਖੇਤੀਬਾੜੀ ਦੇ ਸਾਹਮਣੇ ਇੱਕ ਗੰਭੀਰ ਚੁਣੌਤੀ
ਦੱਸਣਯੋਗ ਹੈ ਕਿ 26 ਅਤੇ 27 ਸਤੰਬਰ ਨੂੰ ਯੂਨੀਵਰਸਿਟੀ ਵਿੱਚ ਕਰੀਬ 22 ਘੰਟੇ ਹੰਗਾਮਾ ਹੁੰਦਾ ਰਿਹਾ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਆਪਣੇ ਮੂੰਹ ’ਤੇ ਕੱਪੜੇ ਨੂੰ ਬੰਨ੍ਹ ਕੇ ਸਾੜਫੂਕ ਅਤੇ ਭੰਨਤੋੜ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਹੰਗਾਮੇ ਕਾਰਨ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਕਰੀਬ 18 ਘੰਟੇ ਬੰਦ ਰਿਹਾ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਹੀ ਮੋਰਚਾ ਸੰਭਾਲਦੇ ਹੋਏ ਬਾਹਰੀ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਮਾਹੌਲ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਕੀਤੀ ਗਈ ਸੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਦਾਅਵਾ ਸੀ ਕਿ ਇੱਥੇ ਭੰਨਤੋੜ ਬਾਹਰੀ ਵਿਅਕਤੀਆਂ ਵੱਲੋਂ ਕੀਤੀ ਗਈ ਹੈ ਅਤੇ ਇਹ ਸਾਰਾ ਘਟਨਾਚੱਕਰ ਇੱਕ ਸਾਜ਼ਿਸ ਤਹਿਤ ਹੋਇਆ ਹੈ। ਇਸ ਸਾਰੇ ਮਾਮਲੇ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ 28 ਸਤੰਬਰ ਤੋਂ ਅਗਲੇ 10 ਦਿਨਾਂ ਲਈ ਕਲਾਸਾਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਮੁਲਤਵੀ ਕਰ ਦਿੱਤੀਆਂ ਹਨ।