Lehragaga Accident: ਲਹਿਰਾਗਾਗਾ ’ਚ ਸੈਰ ਕਰ ਰਹੇ ਬੱਚਿਆਂ ਨੂੰ ਆਲਟੋ ਕਾਰ ਨੇ ਮਾਰੀ ਟੱਕਰ, ਇੱਕ ਬੱਚੇ ਦੀ ਮੌਤ
ਇੱਕ ਲੜਕੀ ਗੰਭੀਰ ਜ਼ਖ਼ਮੀ; ਕਾਰ ਚਾਲਕ ਮੌਕੇ ਤੋਂ ਫਰਾਰ, ਪੁਲਿਸ ਨੇ ਕਾਰ ਕਬਜ਼ੇ ’ਚ ਲਈ
Lehragaga Accident:(ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਲਹਿਰਾਗਾਗਾ ਦੇ ਪਿੰਡ ਬਖੋਰਾ ਖੁਰਦ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ, ਜਦੋਂਕਿ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਕ ਪੰਜ ਬੱਚੇ ਸੈਰ ਕਰ ਰਹੇ ਸਨ, ਇਸ ਦੌਰਾਨ ਬਖੋਰਾ ਕਲਾਂ ਵਾਲੇ ਪਾਸਿਓਂ ਆ ਰਹੀ ਇੱਕ ਆਲਟੋ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਤਿੰਨ ਬੱਚੇ ਵਾਲ-ਵਾਲ ਬਚ ਗਏ।
ਹਾਦਸੇ ਤੋਂ ਬਾਅਦ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਲਹਿਰਾਗਾਗਾ ਦੇ ਹਸਪਤਾਲ ਲਿਆਂਦਾ ਗਿਆ। ਡਾਕਟਰ ਤੁਲੇਸ਼ ਬਾਂਸਲ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਲੜਕੇ ਦੀ ਮੌਤ ਹੋ ਚੁੱਕੀ ਸੀ, ਜਦਕਿ ਗੰਭੀਰ ਜ਼ਖ਼ਮੀ ਲੜਕੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇ ਇਲਾਜ ਲਈ ਲਹਿਰਾਗਾਗਾ ਤੋਂ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਬੱਚੇ ਦੀ ਦੇਹ ਨੂੰ ਪੋਸਟਮਾਰਟਮ ਲਈ ਮੂਨਕ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : NIA Arrest News: ਜੇਐਮਬੀ ਨਾਲ ਸਬੰਧਤ ਮਾਮਲੇ ’ਚ ਐਨਆਈਏ ਨੇ ਅਸਾਮ ਤੋਂ ਛੇ ਮੁਲਜ਼ਮਾਂ ਨੂੰ ਦੁਬਾਰਾ ਕੀਤਾ ਗ੍ਰਿਫ਼ਤਾਰ
ਚੋਟੀਆਂ ਚੌਂਕੀ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ। ਪੁਲਿਸ ਅਨੁਸਾਰ ਪੰਜ ਬੱਚੇ ਸੈਰ ਕਰਦੇ ਜਾ ਰਹੇ ਸਨ, ਜਿਨ੍ਹਾਂ ਨੂੰ ਆਲਟੋ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖ਼ਮੀ ਹੋਈ ਹੈ। ਪੁਲਿਸ ਨੇ ਹਾਦਸਾਗ੍ਰਸਤ ਆਲਟੋ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਕਾਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਫਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।