Bathinda Airport News: ਬਠਿੰਡਾ ਤੇ ਦਿੱਲੀ ਹਵਾਈ ਸੇਵਾ ਬਣੀ ਯਾਤਰੀਆਂ ਲਈ ਪਰੇਸ਼ਾਨੀ ਦਾ ਸਬੱਬ

ਦੋ ਹਫ਼ਤਿਆਂ ’ਚ ਨਿਰਧਾਰਤ 5 ਦਿਨਾਂ ’ਚੋਂ ਸਿਰਫ਼ 2 ਦਿਨ ਚੱਲੀ ਉਡਾਣ, ਬਾਕੀ ਰਹੀਆਂ ਰੱਦ

Khushdeep Singh Picture
Published On

ਬਠਿੰਡਾ (ਭੁਪਿੰਦਰ ਸਿੰਘ)। ਬਠਿੰਡਾ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ਯਾਤਰੀਆਂ ਲਈ ਹੌਲੀ-ਹੌਲੀ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਨਿਰਧਾਰਤ 5 ਦਿਨਾਂ ’ਚੋਂ ਸਿਰਫ਼ 2 ਦਿਨ ਹੀ ਉਡਾਣ ਚੱਲ ਸਕੀ, ਜਦਕਿ ਬਾਕੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਕਾਰਨ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਆਖਰੀ ਸਮੇਂ ’ਤੇ ਟਰੇਨ ਤੇ ਬੱਸ ਵਰਗੇ ਬਦਲਵੇਂ ਸਾਧਨਾਂ ਦਾ ਸਹਾਰਾ ਲੈਣਾ ਪਿਆ। ਹੁਣ 1 ਅਕਤੂਬਰ ਤੋਂ ਨਵੇਂ ਸ਼ਡਿਊਲ ਤਹਿਤ ਹਵਾਈ ਸੇਵਾ ਜਾਰੀ ਰੱਖਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਯਾਤਰੀਆਂ ਦੀ ਮੁੱਖ ਚਿੰਤਾ ਇਹ ਹੈ ਕਿ ਅਗਲੇ ਦਿਨਾਂ ’ਚ ਉਡਾਣਾਂ ਨਿਯਮਤ ਤੌਰ ’ਤੇ ਚੱਲਣਗੀਆਂ ਜਾਂ ਨਹੀਂ। ਸਭ ਤੋਂ ਵੱਧ ਪਰੇਸ਼ਾਨੀ ਉਨ੍ਹਾਂ ਯਾਤਰੀਆਂ ਨੂੰ ਹੋ ਰਹੀ ਹੈ, ਜੋ ਸਮਾਂ ਬਚਾਉਣ ਲਈ ਹਵਾਈ ਸੇਵਾ ਦੀ ਚੋਣ ਕਰਦੇ ਹਨ। ਉਡਾਣ ਰੱਦ ਹੋਣ ਦੀ ਸਥਿਤੀ ’ਚ ਯਾਤਰੀਆਂ ਨੂੰ ਨਾ ਸਿਰਫ਼ ਵਾਧੂ ਸਮਾਂ ਲਾਉਣਾ ਪੈਂਦਾ ਹੈ, ਸਗੋਂ ਕਈ ਵਾਰ ਵੱਧ ਕਿਰਾਇਆ ਦੇ ਕੇ ਬਦਲਵੇਂ ਸਾਧਨ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ।

ਯਾਤਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਉਡਾਣ ਸ਼ਡਿਊਲ ’ਚ ਦਰਜ ਹੈ ਤਾਂ ਉਸ ਦੀ ਬੁਕਿੰਗ ਉਪਲਬਧ ਹੋਣੀ ਚਾਹੀਦੀ ਹੈ। ਜੇਕਰ ਕਿਸੇ ਕਾਰਨ ਕਰਕੇ ਉਡਾਣ ਨਹੀਂ ਚੱਲਣੀ ਤਾਂ ਯਾਤਰੀਆਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਖਰੀ ਸਮੇਂ ਉਡਾਣ ਰੱਦ ਹੋਣ ਨਾਲ ਦਿੱਲੀ ਜਾਣ ਵਾਲੇ ਯਾਤਰੀਆਂ ਸਾਹਮਣੇ ਤੁਰੰਤ ਬਦਲਵੇਂ ਸਾਧਨ ਦੀ ਭਾਲ ਕਰਨ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਟਰੇਨ ’ਚ ਸੀਟ ਨਾ ਮਿਲਣ ’ਤੇ ਬੱਸ ਜਾਂ ਨਿੱਜੀ ਵਾਹਨ ਰਾਹੀਂ ਜਾਣਾ ਪੈਂਦਾ ਹੈ, ਜਿਸ ਨਾਲ ਯਾਤਰਾ ਦਾ ਸਮਾਂ ਤੇ ਖਰਚਾ ਦੋਵੇਂ ਵੱਧ ਜਾਂਦੇ ਹਨ। ਬਠਿੰਡਾ ਹਵਾਈ ਅੱਡੇ ਦੇ ਡਾਇਰੈਕਟਰ ਕੌਸ਼ਲ ਕੰਬੋਜ ਨੇ ਕਿਹਾ ਕਿ ਉਡਾਣਾਂ ਰੱਦ ਹੋਣ ਕਾਰਨਾਂ ਬਾਰੇ ਸਬੰਧਤ ਏਅਰਲਾਈਨ ਹੀ ਵਧੇਰੇ ਜਾਣਕਾਰੀ ਦੇ ਸਕਦੀ ਹੈ। Bathinda Airport News

ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਏਅਰਲਾਈਨ ਦਾ ਨਵਾਂ ਸ਼ਡਿਊਲ ਜਾਰੀ ਹੋ ਚੁੱਕਾ ਹੈ ਤੇ ਉਡਾਣਾਂ ਜਾਰੀ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ’ਚ ਜੇਕਰ ਕਿਸੇ ਉਡਾਣ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਯਾਤਰੀਆਂ ਨੂੰ ਪਹਿਲਾਂ ਹੀ ਮੈਸੇਜ ਰਾਹੀਂ ਸੂਚਿਤ ਕਰਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਨਾਲ ਯਾਤਰੀਆਂ ਨੂੰ ਬਦਲਵੀਂ ਯਾਤਰਾ ਦਾ ਪ੍ਰਬੰਧ ਕਰਨ ਲਈ ਲੋੜੀਂਦਾ ਸਮਾਂ ਮਿਲ ਸਕੇਗਾ। ਬਠਿੰਡਾ-ਦਿੱਲੀ ਹਵਾਈ ਸੇਵਾ ਖੇਤਰੀ ਕਨੈਕਟੀਵਿਟੀ ਯੋਜਨਾ ‘ਉਡਾਣ’ ਤਹਿਤ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਉਦੇਸ਼ ਛੋਟੇ ਸ਼ਹਿਰਾਂ ਤੇ ਖੇਤਰੀ ਹਵਾਈ ਅੱਡਿਆਂ ਨੂੰ ਵੱਡੇ ਸ਼ਹਿਰਾਂ ਨਾਲ ਜੋੜਨਾ ਤੇ ਯਾਤਰੀਆਂ ਲਈ ਹਵਾਈ ਯਾਤਰਾ ਨੂੰ ਵਧੇਰੇ ਲਾਭ ਬਣਾਉਣਾ ਹੈ। ਮੌਜੂਦਾ ਜਾਣਕਾਰੀ ਅਨੁਸਾਰ ‘ਉਡਾਣ’ ਯੋਜਨਾ ਤਹਿਤ ਇਸ ਸੇਵਾ ਦੀ ਮਿਆਦ ਅਕਤੂਬਰ ਦੇ ਅੰਤ ’ਚ ਖ਼ਤਮ ਹੋਣ ਵਾਲੀ ਹੈ। ਇਸ ਕਾਰਨ ਯਾਤਰੀਆਂ ਦੀ ਚਿੰਤਾ ਸਿਰਫ਼ ਅਗਲੇ ਕੁਝ ਦਿਨਾਂ ਦੀਆਂ ਉਡਾਣਾਂ ਤੱਕ ਸੀਮਤ ਨਹੀਂ ਹੈ। Bathinda Airport News

ਇਹ ਵੀ ਪੜ੍ਹੋ : Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਬਦਲਿਆ ਮੌਸਮ, ਸਵੇਰ ਤੇ ਰਾਤ ਵੇਲੇ ਵਧੇਗੀ ਠੰਢ

About The Author

Related Posts