Amritsar Crime News: ਅੰਮ੍ਰਿਤਸਰ ’ਚ ਕਾਰ ਸਾਈਡ ’ਤੇ ਕਰਨ ਨੂੰ ਲੈ ਕੇ ਹੋਇਆ ਵਿਵਾਦ, ਨੌਜਵਾਨ ਦੀ ਮੌਤ
ਐੱਮਜੀਐੱਮ ਹੋਟਲ ਦੇ ਬਾਹਰ ਦੋ ਧਿਰਾਂ ਵਿਚਾਲੇ ਝੜਪ, ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ
Amritsar Crime News: ਅੰਮ੍ਰਿਤਸਰ, (ਸੱਚ ਕਹੂੰ ਨਿਊਜ਼/ਹਿੰ.ਸ.)। ਅੰਮ੍ਰਿਤਸਰ ਵਿੱਚ ਕਾਰ ਸਾਈਡ ’ਤੇ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ ਵਿਵਾਦ ਖ਼ੂਨੀ ਝੜਪ ਵਿੱਚ ਬਦਲ ਗਿਆ। ਐਤਵਾਰ ਰਾਤ ਐੱਮਜੀਐੱਮ ਹੋਟਲ ਦੇ ਬਾਹਰ ਦੋ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਤਲਵਾਰਾਂ ਨਾਲ ਹਮਲਾ ਕੀਤੇ ਜਾਣ ਕਾਰਨ ਵਿੱਕੀ ਨਾਮਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਝੜਪ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਤਲਵਾਰਾਂ ਨਾਲ ਵਾਰ ਕੀਤੇ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿੱਕੀ ਗਿਲਵਾਲੀ ਗੇਟ ਇਲਾਕੇ ਵਿੱਚ ਆਪਣੀ ਪਤਨੀ ਪੂਨਮ ਅਤੇ ਦੋ ਧੀਆਂ ਨਾਲ ਰਹਿੰਦਾ ਸੀ। ਉਹ ਮੂਲ ਰੂਪ ਵਿੱਚ ਬਟਾਲਾ ਦਾ ਰਹਿਣ ਵਾਲਾ ਸੀ। ਉਸ ਦੀਆਂ ਦੋ ਧੀਆਂ ਦੀ ਉਮਰ ਪੰਜ ਅਤੇ ਸੱਤ ਸਾਲ ਹੈ। ਮ੍ਰਿਤਕ ਦੀ ਪਤਨੀ ਪੂਨਮ ਨੇ ਦੱਸਿਆ ਕਿ ਵਿਵਾਦ ਐਤਵਾਰ ਸਵੇਰੇ ਸ਼ੁਰੂ ਹੋਇਆ ਸੀ। ਗੁਆਂਢੀਆਂ ਨੇ ਉਨ੍ਹਾਂ ਨੂੰ ਕਾਰ ਇਕ ਪਾਸੇ ਕਰਨ ਲਈ ਕਿਹਾ ਸੀ, ਕਿਉਂਕਿ ਉੱਥੇ ਸਫ਼ਾਈ ਕੀਤੀ ਜਾਣੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ, ਜੋ ਬਾਅਦ ਵਿੱਚ ਝਗੜੇ ਵਿੱਚ ਬਦਲ ਗਈ।
ਪੂਨਮ ਮੁਤਾਬਕ, ਪਹਿਲਾਂ ਹੋਈ ਤਕਰਾਰ ਤੋਂ ਬਾਅਦ ਦੂਜੀ ਧਿਰ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਹਾਲਾਂਕਿ, ਪੂਨਮ ਦਾ ਕਹਿਣਾ ਹੈ ਕਿ ਕਿਸੇ ਨੂੰ ਸੱਟ ਨਹੀਂ ਲੱਗੀ ਸੀ। ਰਾਤ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਪਤੀ ਵਿੱਕੀ ’ਤੇ ਹਮਲਾ ਹੋਇਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ।
ਪੁਲਿਸ ਅਨੁਸਾਰ, ਐਤਵਾਰ ਰਾਤ ਐੱਮਜੀਐੱਮ ਹੋਟਲ ਦੇ ਬਾਹਰ ਵਿਕੀ ਅਤੇ ਬਟਾਲਾ ਦੇ ਰਹਿਣ ਵਾਲੇ ਦੋ ਭਰਾਵਾਂ ਵਿਚਾਲੇ ਮੁੜ ਵਿਵਾਦ ਹੋ ਗਿਆ। ਦੇਖਦੇ ਹੀ ਦੇਖਦੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਅਤੇ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਤਲਵਾਰਾਂ ਨਾਲ ਹਮਲੇ ਕੀਤੇ। ਇਸ ਦੌਰਾਨ ਵਿੱਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Amit Shah: ਲੁਧਿਆਣਾ ਦੇ ਦੁਸ਼ਹਿਰਾ ਸਮਾਗਮ ’ਚ ਸ਼ਾਮਲ ਹੋਣਗੇ ਅਮਿਤ ਸ਼ਾਹ
ਏਸੀਪੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਐੱਮਜੀਐੱਮ ਹੋਟਲ ਦੇ ਬਾਹਰ ਝਗੜੇ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਵਿੱਕੀ ਅਤੇ ਬਟਾਲਾ ਦੇ ਦੋ ਭਰਾਵਾਂ ਵਿਚਾਲੇ ਵਿਵਾਦ ਅਤੇ ਮਾਰਕੁੱਟ ਹੁੰਦੀ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਫਿਲਹਾਲ ਝਗੜੇ ਦੇ ਪੂਰੇ ਕਾਰਨਾਂ ਅਤੇ ਘਟਨਾ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀਆਂ ਕੜੀਆਂ ਜੋੜ ਰਹੀ ਹੈ।