Punjab
Ganesh Visarjan Accident: ਗਣੇਸ਼ ਵਿਸਰਜਨ ਦੌਰਾਨ ਨਹਿਰ ’ਚ ਰੁੜ੍ਹੇ ਭੈਣ-ਭਰਾ ਦੀਆਂ ਲਾਸ਼ਾਂ ਮਿਲੀਆਂ
ਗਣਪਤੀ ਵਿਸਰਜਨ ਮੌਕੇ ਨਹਿਰ ’ਚ ਰੁੜ ਗਏ ਸੀ ਸਕੇ ਭੈਣ-ਭਰਾ
Ganesh Visarjan Accident: (ਸੁਖਜੀਤ ਮਾਨ/ਮਨਜੀਤ ਨਰੂਆਣਾ) ਬਠਿੰਡਾ/ਸੰਗਤ ਮੰਡੀ। ਗਣਪਤੀ ਵਿਸਰਜਨ ਮੌਕੇ 22 ਸਤੰਬਰ ਨੂੰ ਨਹਿਰ ’ਚ ਡੁੱਬੇ ਸਕੇ ਭੈਣ-ਭਰਾਵਾਂ ਪ੍ਰਿੰਸ (11) ਤੇ ਅੰਜਨਾ (9) ਦੀਆਂ ਲਾਸ਼ਾਂ ਮਿਲ ਗਈਆਂ ਹਨ । ਕਈ ਦਿਨ ਤੱਕ ਲਾਸ਼ਾਂ ਨਾ ਮਿਲਣ ਤੋਂ ਦੁਖੀ ਬੱਚਿਆਂ ਦੇ ਮਾਪਿਆਂ ਵੱਲੋਂ ਧਰਨਾ ਵੀ ਲਾਇਆ ਗਿਆ ਸੀ। ਵੇਰਵਿਆਂ ਮੁਤਾਬਿਕ ਗਣਪਤੀ ਵਿਸਰਜਨ ਮੌਕੇ ਅੰਜਨਾ ਪੈਰ ਫਿਸਲਣ ਕਾਰਨ ਨਹਿਰ ’ਚ ਡਿੱਗ ਗਈ ਸੀ ਅਤੇ ਆਪਣੀ ਭੈਣ ਨੂੰ ਬਚਾਉਣ ਲਈ ਉਸ ਦੇ ਭਰਾ ਪ੍ਰਿੰਸ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ।ਇਸੇ ਦੌਰਾਨ ਦੋਵੇਂ ਭੈਣ-ਭਰਾ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਪਿਛਲੇ ਦਿਨਾਂ ਤੋਂ ਸਮਾਜ ਸੇਵੀ ਸੰਸਥਾਵਾਂ, ਐਨਡੀਆਰਐਫ ਟੀਮ, ਪੁਲਿਸ ਅਤੇ ਗੋਤਾਖੋਰਾਂ ਵੱਲੋਂ ਨਹਿਰ ਵਿੱਚੋਂ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਸੀ ਪਰ ਕਿਤੋਂ ਕੋਈ ਸਫਲਤਾ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ: Lehragaga Accident: ਲਹਿਰਾਗਾਗਾ ’ਚ ਸੈਰ ਕਰ ਰਹੇ ਬੱਚਿਆਂ ਨੂੰ ਆਲਟੋ ਕਾਰ ਨੇ ਮਾਰੀ ਟੱਕਰ, ਇੱਕ ਬੱਚੇ ਦੀ ਮੌਤ
ਲਾਸ਼ਾਂ ਨਾ ਮਿਲਣ ਤੇ ਵਿਰੋਧ ਵਿੱਚ ਪਰਿਵਾਰ ਵੱਲੋਂ ਧਰਨਾ ਵੀ ਲਾਇਆ ਗਿਆ ਸੀ। ਧਰਨੇ ਤੋਂ ਬਾਅਦ ਪ੍ਰਸ਼ਾਸ਼ਨ ਤੇ ਸਮਾਜ ਸੇਵੀ ਟੀਮਾਂ ਵੱਲੋਂ ਬੱਚਿਆਂ ਦੀ ਭਾਲ ਵਿੱਚ ਤੇਜ਼ੀ ਲਿਆਂਦੀ ਗਈ ਸੀ। ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਨੇੜਿਓਂ ਬੱਚੀ ਅੰਜਨਾ ਦੀ ਨਹਿਰ ਵਿੱਚੋਂ ਲਾਸ਼ ਮਿਲ ਗਈ ਸੀ ਅਤੇ ਅੱਜ ਸਵੇਰੇ ਪਿੰਡ ਡੂੰਮਵਾਲੀ ਨੇੜੇ ਨਹਿਰ ਵਿੱਚੋਂ ਉਸ ਦੇ ਭਰਾ ਪ੍ਰਿੰਸ ਦੀ ਵੀ ਲਾਸ਼ ਮਿਲ ਗਈ। ਅੱਜ ਸਵੇਰੇ ਸਹਾਰਾ ਹੈੱਡਕੁਆਰਟਰ ਤੇ ਮਿਲੀ ਸੂਚਨਾ ਤੋਂ ਬਾਅਦ ਸਹਾਰਾ ਟੀਮ ਤੁਰੰਤ ਦੋ ਐਂਬੂਲੈਂਸਾਂ ਸਮੇਤ ਪਿੰਡ ਡੂੰਮਵਾਲੀ ਪਹੁੰਚੀ।
ਇਸ ਮੌਕੇ ਪਥਰਾਲਾ ਪੁਲਿਸ ਚੌਕੀ ਦੇ ਇੰਚਾਰਜ ਧਰਮ ਸਿੰਘ ਆਪਣੀ ਪੁਲਿਸ ਟੀਮ ਸਮੇਤ ਮੌਕੇ ’ਤੇ ਹਾਜ਼ਰ ਸਨ। ਪਥਰਾਲਾ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਸਹਾਰਾ ਟੀਮ ਵੱਲੋਂ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਕਾਰਵਾਈ ਤੋਂ ਬਾਅਦ, ਸਹਾਰਾ ਜਨ ਸੇਵਾ ਟੀਮ ਨੇ ਦੋਵਾਂ ਭੈਣ-ਭਰਾਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ। ਮ੍ਰਿਤਕ ਬੱਚੇ ਟਿੱਬਾ ਜੋਗੀ ਨਗਰ ਬਠਿੰਡਾ ਦੇ ਰਹਿਣ ਵਾਲੇ ਸੀ । ਦੋਵੇਂ ਬੱਚਿਆਂ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।